
'ਹਾਂ ਕਹੋ ਜਾਂ ਨਾਂਹ', ਚਰਚਾ ਦਾ ਸਮਾਂ ਖ਼ਤਮ
ਕਿਸਾਨਾਂ ਵਲੋਂ ਦੁ-ਟੁਕ ਗੱਲ ਕਰਨ ਮਗਰੋਂ ਵਜ਼ੀਰਾਂ ਨੇ ਸਰਕਾਰ ਦਾ ਅੰਤਮ ਜਵਾਬ ਦੇਣ ਲਈ 4 ਦਿਨ
ਦਾ ਸਮਾਂ ਮੰਗਿਆ g ਕਿਸਾਨ ਲੀਡਰਾਂ ਨੇ ਮਾਈਕ ਬੰਦ ਕੀਤੇ ਤੇ ਮੂੰਹ ਤੇ ਉਂਗਲ ਰੱਖ ਕੇ ਬੈਠ ਗਏ
ਨਵੀਂ ਦਿੱਲੀ, 5 ਦਸੰਬਰ (ਸਪੋਕਸਮੈਨ ਨਿਊਜ਼ ਸਰਵਿਸ): ਅੱਜ ਕਿਸਾਨਾਂ ਨਾਲ ਪੰਜਵੀਂ ਮੀਟਿੰਗ ਵਿਚ ਜਦ ਵਜ਼ੀਰਾਂ ਨੇ 'ਕਾਨੂੰਨ ਬਦਲੇ ਤਾਂ ਨਹੀਂ ਜਾਣਗੇ ਪਰ ਤੁਸੀ ਦੱਸੋ ਕਿਹੜੀਆਂ ਸੋਧਾਂ ਚਾਹੁੰਦੇ ਹੋ, ਉਹ ਕਰ ਦਿੰਦੇ ਹਾਂ' ਵਾਲਾ ਸੁਝਾਅ ਹੀ ਦੇਣਾ ਜਾਰੀ ਰਖਿਆ ਤਾਂ ਕਿਸਾਨ ਆਗੂਆਂ ਨੇ ਵੀ ਖੁਲ੍ਹ ਕੇ ਕਹਿ ਦਿਤਾ ਕਿ 'ਅਸੀ ਤੁਹਾਡੀਆਂ ਬਹੁਤ ਸੁਣ ਲਈਆਂ ਹਨ ਪਰ ਤੁਸੀ ਸਾਡੀ ਗੱਲ ਸੁਣਨੀ ਹੀ ਨਹੀਂ ਤਾਂ ਅਸੀ ਚੁੱਪ ਹੋ ਜਾਂਦੇ ਹਾਂ, ਤੁਸੀ ਜੋ ਕਹਿਣਾ ਹੈ, ਕਹੀ ਜਾਉ, ਅਸੀ ਕੁੱਝ ਨਹੀਂ ਬੋਲਾਂਗੇ।' ਇਸ ਨਾਲ ਹੀ ਉਨ੍ਹਾਂ ਨੇ ਅਪਣੇ ਮਾਈਕ ਬੰਦ ਕਰ ਦਿਤੇ, ਕੁਰਸੀਆਂ ਪਿਛੇ ਹਟਾ ਲਈਆਂ ਅਤੇ ਮੂੰਹ ਤੇ ਉਂਗਲਾਂ ਰੱਖ ਕੇ, ਚੁੱਪ ਕਰ ਕੇ ਬੈਠ ਗਏ।
ਕੇਂਦਰੀ ਮਨਿਸਟਰਾਂ ਨੇ ਜਦ ਕਿਸਾਨਾਂ ਦਾ ਇਹ ਰੂਪ ਦੇਖਿਆ ਤਾਂ ਉਹ ਉਠ ਕੇ ਪ੍ਰਧਾਨ ਮੰਤਰੀ ਜਾਂ ਗ੍ਰਹਿ ਮੰਤਰੀ ਨਾਲ ਗੱਲਬਾਤ ਕਰਨ ਲਈ ਚਲੇ ਗਏ ਤੇ ਦਸਿਆ ਕਿ ਹੁਣ ਕਿਸਾਨ ਤਿੰਨ ਕਾਲੇ ਕਾਨੂੰਨਾਂ ਨੂੰ ਰੱਦ ਕਰਨ ਤੋਂ ਬਿਨਾਂ ਹੋਰ ਕੋਈ ਗੱਲ ਸੁਣਨ ਨੂੰ ਵੀ ਤਿਆਰ ਨਹੀਂ। 15 ਕੁ ਮਿੰਟ ਬਾਅਦ ਵਜ਼ੀਰ ਵਾਪਸ ਆਏ ਤਾਂ ਉਨ੍ਹਾਂ ਨੇ ਕਿਸਾਨ ਲੀਡਰਾਂ ਨੂੰ ਕਿਹਾ ਕਿ ਉਨ੍ਹਾਂ ਨੂੰ ਤਿੰਨ ਦਿਨ ਦਿਤੇ ਜਾਣ, ਸਰਕਾਰ ਪੂਰੀ ਵਿਚਾਰ ਚਰਚਾ ਮਗਰੋਂ ਅਗਲੇ ਬੁਧਵਾਰ ਉਨ੍ਹਾਂ ਨਾਲ ਆਖ਼ਰੀ ਗੱਲਬਾਤ ਕਰੇਗੀ ਤੇ ਕਿਸਾਨਾਂ ਦੇ ਹੱਕ ਵਿਚ ਕੋਈ ਫ਼ੈਸਲਾ ਕਰ ਦੇਵੇਗੀ।
ਕਿਸਾਨ ਲੀਡਰ ਉਠ ਗਏ ਪਰ ਉਹ ਖ਼ੁਸ਼ ਨਹੀਂ ਸਨ ਸਗੋਂ ਬੁਰੀ ਤਰ੍ਹਾਂ ਨਿਰਾਸ਼ ਸਨ ਤੇ ਉਨ੍ਹਾਂ ਦਾ ਕਹਿਣਾ ਸੀ ਕਿ ਸਰਕਾਰ ਨੂੰ ਕਾਰਪੋਰੇਟ ਘਰਾਣਿਆਂ ਦਾ ਮੋਹ, ਕਿਸਾਨਾਂ ਦੀ 'ਜ਼ਿੰਦਗੀ ਮੌਤ' ਦੀ ਲੜਾਈ ਦੇ ਮਹੱਤਵ ਨੂੰ ਸਮਝਣ ਨਹੀਂ ਦੇ ਰਿਹਾ ਪਰ ਕਿਸਾਨ ਵੀ ਲੜਾਈ ਨੂੰ ਜਿੱਤ ਕੇ ਹੀ ਇਥੋਂ ਹਿਲਣਗੇ। ਦਸਿਆ ਗਿਆ ਕਿ ਸ. ਬਲਬੀਰ ਸਿੰਘ ਰਾਜੇਵਾਲ ਨੇ ਮੀਟਿੰਗ ਵਿਚ ਇਥੋਂ ਤਕ ਕਹਿ ਦਿਤਾ ਕਿ ''ਹੁਣ ਤੁਸੀ ਧਰਨੇ ਨੂੰ ਖਦੇੜਨ ਲਈ ਖੱਪਖਾਨਾ ਪਵਾਉਗੇ ਤੇ ਲਾਠੀ ਗੋਲੀ ਵੀ ਚਲਾਉਗੇ ਪਰ ਇਹ ਵੀ ਕਰ ਕੇ ਵੇਖ ਲਉ, ਅਸੀ ਕਾਲੇ ਕਾਨੂੰਨਾਂ ਨੂੰ ਕਿਸੇ ਹਾਲਤ ਵਿਚ ਪ੍ਰਵਾਨ ਨਹੀਂ ਕਰਾਂਗੇ।''
ਸਿੰਘੂ ਬਾਰਡਰ ਤੇ ਕਿਸਾਨਾਂ ਨੇ ਕੇਂਦਰੀ ਲੀਡਰਾਂ ਦੀ ਇਸ ਅਪੀਲ ਨੂੰ ਰੱਦ ਕਰ ਦਿਤਾ ਕਿ ਸਰਦੀ ਕਾਰਨ ਬਜ਼ੁਰਗ ਤੇ ਬੱਚੇ ਵਾਪਸ ਕਰ ਦਿਤੇ ਜਾਣ ਅਤੇ ਕਿਹਾ ਕਿ ਕਾਲੇ ਕਾਨੂੰਨ ਰੱਦ ਕਰਵਾਏ ਬਿਨਾਂ ਤਾਂ ਸਾਡੀਆਂ ਲਾਸ਼ਾਂ ਹੀ ਵਾਪਸ ਜਾ ਸਕਦੀਆਂ ਹਨ ਤੇ ਇਸ ਗੱਲ ਦਾ ਫ਼ੈਸਲਾ ਸਾਡੇ ਲੀਡਰਾਂ ਨੇ ਕਰਨਾ ਹੈ ਕਿ ਕੌਣ ਕਿਥੇ ਰਹਿ ਕੇ ਕਿਹੜੀ ਡਿਊਟੀ ਨਿਭਾਏਗਾ।
image
ਪ੍ਰਮੁੱਖ ਕਿਸਾਨ ਆਗੂ ਚਰਚਾ ਤੋਂ ਨਾਂਹ ਕਰ ਕੇ ਖੇਤੀ ਕਾਨੂੰਨ ਰੱਦ ਕਰਨ ਬਾਰੇ ਕਾਗ਼ਜ਼ 'ਤੇ 'ਹਾਂ ਜਾਂ ਨਾਂਹ' 'ਚ ਕੇਂਦਰੀ ਮੰਤਰੀਆਂ ਤੋਂ ਜਵਾਬ ਪੁਛਦੇ ਹੋਏ।