
ਅਮਿਤ ਸ਼ਾਹ ਦੇ ਫ਼ੋਨ ਬਾਅਦ ਕਿਸਾਨ ਮੋਰਚੇ ਦੀ ਸਮਾਪਤੀ ਲਈ ਹੋਇਆ ਰਾਹ ਪੱਧਰਾ
ਪੰਜ ਮੈਂਬਰੀ ਕਮੇਟੀ ਦੇ ਇਕ ਮੈਂਬਰ ਨੂੰ ਫ਼ੋਨ ਕਰ ਕੇ ਬਾਕੀ ਮੰਗਾਂ ਮੰਨਣ ਦਾ ਵੀ ਦਿਤਾ ਭਰੋਸਾ, ਸੱਭ ਕੇਸ ਵਾਪਸ ਲੈਣ ਤੇ ਮੁਆਵਜ਼ੇ ਦੀ ਮੰਗ ਮੰਨਣ ਲਈ ਵੀ ਹੁਣ ਕੇਂਦਰ ਸਰਕਾਰ ਤਿਆਰ
ਚੰਡੀਗੜ੍ਹ, 5 ਦਸੰਬਰ (ਗੁਰਉਪਦੇਸ਼ ਭੁੱਲਰ) : ਪੰਜ ਰਾਜਾਂ ਦੀਆਂ ਵਿਧਾਨ ਸਭਾ ਚੋਣਾਂ ਦੇ ਐਲਾਨ ਦੇ ਦਿਨ ਨੇੜੇ ਆਉਣ ਦੇ ਮੱਦੇਨਜ਼ਰ ਤਿੰਨ ਖੇਤੀ ਕਾਨੂੰਨ ਸੰਸਦ ਵਿਚ ਰੱਦ ਹੋਣ ਬਾਅਦ ਹੁਣ ਮੋਦੀ ਸਰਕਾਰ ਬਾਕੀ ਮੰਗਾਂ ਦੇ ਨਿਪਟਾਰੇ ਲਈ ਵੀ ਯਤਨਸ਼ੀਲ ਹੈ | ਕੇਂਦਰੀ ਗ੍ਰਹਿ ਮੰਤਰੀ ਅਮਿਤ ਸ਼ਾਹ ਦਾ ਮੋਰਚੇ ਵਲੋਂ ਗੱਲਬਾਤ ਲਈ ਗਠਤ ਪੰਜ ਮੈਂਬਰੀ ਕਮੇਟੀ ਦੇ ਇਕ ਮੈਂਬਰ ਨੂੰ ਫ਼ੋਨ ਆਉਣ ਬਾਅਦ ਕਿਸਾਨ ਮੋਰਚੇ ਦੀ ਸਮਾਪਤੀ ਲਈ ਰਾਹ ਪੱਧਰਾ ਹੋ ਗਿਆ ਹੈ | ਬਹੁਗਿਣਤੀ ਕਿਸਾਨ ਜਥੇਬੰਦੀਆਂ ਵੀ ਮੋਰਚੇ ਨੂੰ ਖ਼ਤਮ ਕਰ ਕੇ ਘਰ ਵਾਪਸੀ ਦੇ ਹੱਕ ਵਿਚ ਹਨ ਪਰ ਸਿਰਫ਼ ਕੇਂਦਰ ਸਰਕਾਰ ਵਲੋਂ ਬਾਕੀ ਮੰਗਾਂ ਬਾਰੇ ਗੱਲਬਾਤ ਕਰ ਕੇ ਠੋਸ ਭਰੋਸਾ ਤੇ ਲਿਖਤੀ ਸਮਝੌਤਾ ਚਾਹੁੰਦੀਆਂ ਹਨ |
ਸੂਤਰਾਂ ਦੀ ਮੰਨੀਏ ਤਾਂ ਅਮਿਤ ਸ਼ਾਹ ਦਾ ਮੋਰਚੇ ਦੀ ਪੰਜ ਮੈਂਬਰੀ ਕਮੇਟੀ ਵਿਚੋਂ ਯੁੱਧਵੀਰ ਸਿੰਘ ਨੂੰ ਫ਼ੋਨ ਆਇਆ ਹੈ, ਜੋ ਰਾਕੇਸ਼ ਟਿਕੈਤ ਦੀ ਯੂਨੀਅਨ ਨਾਲ ਸਬੰਧਤ ਹਨ ਤੇ ਕਿਸਾਨ ਮੋਰਚੇ ਦੀ 9 ਮੈਂਬਰੀ ਕਮੇਟੀ ਦੇ ਵੀ ਮੈਂਬਰ ਹਨ | ਮਿਲੀ ਜਾਣਕਾਰੀ ਮੁਤਾਬਕ ਅਮਿਤ ਸ਼ਾਹ ਨੇ ਫ਼ੋਨ ਕਰ ਕੇ ਕਿਸਾਨ ਆਗੂ ਨੂੰ ਬਾਕੀ ਮੰਗਾਂ ਦੇ ਨਿਪਟਾਰੇ ਦੀ ਗੱਲ ਆਖੀ ਹੈ | ਉਨ੍ਹਾਂ ਕਿਸਾਨਾਂ ਉਪਰ ਦਰਜ ਕੇਸ ਵਾਪਸ ਲੈਣ ਤੇ ਸ਼ਹੀਦ ਕਿਸਾਨਾਂ ਨੂੰ ਮੁਆਵਜ਼ਾ ਦੇਣ ਦੀ ਮੰਗ ਪੂਰੀ ਕਰਨ ਦੀ ਵੀ ਹਾਮੀ ਭਰੀ ਹੈ ਅਤੇ ਐਮ.ਐਸ.ਪੀ. ਦੀ ਕਮੇਟੀ ਬਾਰੇ ਵੀ ਮੀਟਿੰਗ ਸੱਦੀ ਜਾ ਸਕਦੀ ਹੈ |
ਕਿਸਾਨ ਆਗੂ ਵੀ ਹੁਣ ਮੋਰਚੇ ਨੂੰ ਸਨਮਾਨਜਨਕ ਸਮਝੌਤਾ ਹੋ ਜਾਣ 'ਤੇ ਵਾਪਸ ਲੈਣ ਦੀ ਤਿਆਰੀ ਵਿਚ ਹਨ ਅਤੇ ਜੇ ਸੱਭ ਕੁੱਝ ਠੀਕਠਾਕ ਰਿਹਾ ਤਾਂ 7 ਦਸੰਬਰ ਨੂੰ ਮੋਰਚੇ ਦੀ ਹੋਣ ਵਾਲੀ ਮੀਟਿੰਗ ਵਿਚ ਕੋਈ ਅਹਿਮ ਫ਼ੈਸਲਾ ਲਿਆ ਜਾ ਸਕਦਾ ਹੈ | ਜ਼ਿਕਰਯੋਗ ਹੈ ਕਿ ਸੱਭ ਤੋਂ ਵੱਧ 48 ਹਜ਼ਾਰ ਕੇਸ ਕਿਸਾਨਾਂ ਉਪਰ ਹਰਿਆਣਾ ਰਾਜ ਵਿਚ ਦਰਜ ਹੋਏ ਹਨ ਅਤੇ ਇਸ ਨੂੰ ਲੈ ਕੇ ਮੁੱਖ ਮੰਤਰੀ ਖੱਟਰ ਪਹਿਲਾਂ ਹੀ ਗੱਲਬਾਤ ਦਾ ਸਿਲਸਿਲਾ ਸ਼ੁਰੂ ਕਰ ਚੁੱਕੇ ਹਨ | ਇਕ ਦੋ ਦਿਨ ਵਿਚ ਹੀ ਕੇਂਦਰੀ ਗ੍ਰਹਿ ਮੰਤਰਾਲੇ ਯੂ.ਪੀ., ਮੱਧ ਪ੍ਰਦੇਸ਼ ਅਤੇ ਮਹਾਂਰਾਸ਼ਟਰ ਆਦਿ ਰਾਜਾਂ ਨੂੰ ਪੱਤਰ ਲਿਖ ਕੇ ਹਦਾਇਤ ਦੇ ਸਕਦਾ ਹੈ | ਮੁਆਵਜ਼ੇ ਦੇ ਮੁੱਦੇ ਦਾ ਹੱਲ ਕੱਢਣ ਲਈ ਵੀ ਹੁਣ ਕੇਂਦਰ ਸਰਕਾਰ ਵਿਚਾਰ ਕਰ ਰਹੀ ਹੈ | ਇਸ ਤਰ੍ਹਾਂ ਹੁਣ ਕਿਸਾਨ ਮੋਰਚੇ ਦੀ 7 ਦਸੰਬਰ ਦੀ ਮੀਟਿੰਗ ਤੇ ਉਸ ਤੋਂ ਪਹਿਲਾਂ ਕੇਂਦਰ ਸਰਕਾਰ ਦੀ ਬਾਕੀ ਮੰਗਾਂ ਬਾਰੇ ਕਾਰਵਾਈ 'ਤੇ ਸੱਭ ਨਜ਼ਰਾਂ ਟਿਕੀਆਂ ਹਨ |