
ਰਾਜਸਥਾਨ 'ਚ ਇਕ ਪ੍ਰਵਾਰ ਦੇ 9 ਲੋਕਾਂ 'ਚ ਮਿਲਿਆ ਓਮੀਕਰੋਨ
ਮਹਾਰਾਸ਼ਟਰ 'ਚ ਓਮੀਕਰੋਨ ਦੇ 7 ਨਵੇਂ ਮਾਮਲੇ ਆਏ, ਦਿੱਲੀ ਤੋਂ ਵੀ ਆਇਆ ਇਕ ਕੇਸ
ਨਵੀਂ ਦਿੱਲੀ, 5 ਦਸੰਬਰ : ਦੇਸ਼ 'ਚ ਓਮੀਕਰੋਨ ਦੇ ਇਕੱਠੇ 17 ਕੇਸ ਮਿਲੇ ਹਨ | ਇਨ੍ਹਾਂ ਵਿਚ ਰਾਜਸਥਾਨ ਤੋਂ ਸੱਭ ਤੋਂ ਵੱਧ 9 ਮਰੀਜ਼ ਹਨ | ਇਹ ਸਾਰੇ ਇਕੋ ਪ੍ਰਵਾਰ ਦੇ ਹਨ | ਇਨ੍ਹਾਂ ਵਿਚੋਂ ਚਾਰ ਹਾਲ ਹੀ ਵਿਚ ਦਖਣੀ ਅਫ਼ਰੀਕਾ ਤੋਂ ਪਰਤੇ ਸਨ | ਚਾਰ ਦੇ ਸੰਪਰਕ ਵਿਚ ਆਏ ਪੰਜ ਹੋਰ ਲੋਕਾਂ ਵਿਚ ਓਮੀਕਰੋਨ ਦੀ ਪੁਸ਼ਟੀ ਹੋਈ ਹੈ | ਇਸ ਤੋਂ ਪਹਿਲਾਂ ਮਹਾਰਾਸ਼ਟਰ ਦੇ ਪੁਣੇ ਜ਼ਿਲ੍ਹੇ 'ਚ ਕੋਰੋਨਾ ਦੇ ਨਵੇਂ ਰੂਪ ਓਮੀਕਰੋਨ ਦੇ 7 ਨਵੇਂ ਮਾਮਲੇ ਸਾਹਮਣੇ ਆਉਣ ਨਾਲ ਹਫੜਾ-ਦਫੜਾ ਮਚ ਗਈ ਹੈ | ਇਸ ਤੋਂ ਪਹਿਲਾਂ ਸਨਿਚਰਵਾਰ ਨੂੰ ਮੁੰਬਈ 'ਚ ਪਹਿਲਾ ਮਾਮਲਾ ਸਾਹਮਣੇ ਆਇਆ ਸੀ |
ਸਿਹਤ ਅਧਿਕਾਰੀ ਨੇ ਦਸਿਆ ਕਿ ਪੀੜਤਾਂ 'ਚ ਨਾਈਜੀਰੀਆ ਤੋਂ ਆਈ ਮਹਿਲਾ ਤੇ ਉਸ ਦੀ ਦੋ ਬੇਟੀਆਂ ਸ਼ਾਮਲ ਹਨ | ਉਹ ਨਜ਼ਦੀਕੀ ਪਿੰਪਰੀ-ਚਿੰਚਵੜ ਇਲਾਕੇ 'ਚ ਅਪਣੇ ਭਰਾ ਨੂੰ ਮਿਲਣ ਆਈ ਹੈ | ਅਧਿਕਾਰੀ ਨੇ ਦਸਿਆ ਕਿ ਮਹਿਲਾ ਦਾ ਭਰਾ ਅਤੇ ਉਸ ਦੀ ਦੇ ਬੇਟੀਆਂ ਵੀ ਓਮੀਕਰੋਨ ਨਾਲ ਪੀੜਤ ਮਿਲੀਆਂ ਹਨ | ਦੇਸ਼ 'ਚ ਹੁਣ ਤਕ ਓਮੀਕਰੋਨ ਦੇ ਪੰਜ ਰਾਜਾਂ ਵਿਚ 22 ਮਾਮਲੇ ਸਾਹਮਣੇ ਆ ਚੁੱਕੇ ਹਨ |
ਇਸ ਤੋਂ ਪਹਿਲਾਂ ਐਤਵਾਰ ਨੂੰ ਹੀ ਦੇਸ਼ ਦੀ ਰਾਜਧਾਨੀ ਦਿੱਲੀ ਵਿਚ ਵੀ ਓਮੀਕਰੋਨ ਦਾ ਇਕ ਮਰੀਜ਼ ਮਿਲਿਆ ਹੈ | ਦਿੱਲੀ ਦੇ ਸਿਹਤ ਮੰਤਰੀ ਸਤਯੇਂਦਰ ਜੈਨ ਨੇ ਇਸ ਦੀ ਪੁਸ਼ਟੀ ਕੀਤੀ ਹੈ | ਤਨਜ਼ਾਨੀਆ ਤੋਂ ਆਇਆ ਵਿਅਕਤੀ ਦਿੱਲੀ ਦੇ ਲੋਕ ਨਾਇਕ ਜੈ ਪ੍ਰਕਾਸ਼ ਨਾਰਾਇਣ (ਐਲ. ਐਨ. ਜੇ. ਪੀ.) ਹਸਪਤਾਲ 'ਚ ਦਾਖ਼ਲ ਹੈ |
ਸਿਹਤ ਮੰਤਰੀ ਮੁਤਾਬਕ ਐਲ.ਐਨ. ਜੇ.ਪੀ. ਹਸਪਤਾਲ 'ਚ ਵਿਦੇਸ਼ ਤੋਂ ਆਏ 12 ਵਿਦੇਸ਼ੀ ਦਾਖ਼ਲ ਕੀਤੇ ਗਏ ਹਨ, ਉਨ੍ਹਾਂ 'ਚੋਂ 1 ਮਰੀਜ਼ ਓਮੀਕਰੋਨ ਵੇਰੀਐਂਟ ਤੋਂ ਪੀੜਤ ਨਿਕਲਿਆ ਹੈ | ਇਨ੍ਹਾਂ 12 ਲੋਕਾਂ ਦੇ ਕੋਰੋਨਾ ਨਮੂਨੇ ਜੀਨੋਮ ਸਿਕਵੇਂਸਿੰਗ ਲਈ ਭੇਜੇ ਗਏ ਸਨ, ਜਿਨ੍ਹਾਂ 'ਚੋਂ 11 ਲੋਕਾਂ ਨੂੰ ਆਮ ਕੋਰੋਨਾ ਹੈ ਪਰ 12ਵਾਂ ਵਿਅਕਤੀ ਓਮੀਕਰੋਨ ਪਾਜ਼ੇਟਿਵ ਨਿਕਲਿਆ |
ਦਿੱਲੀ ਦੇ ਸਿਹਤ ਮੰਤਰੀ ਨੇ ਕਿਹਾ ਕਿ ਓਮੀਕਰੋਨ ਮਰੀਜ਼ ਤਨਜ਼ਾਨੀਆ ਤੋਂ ਆਇਆ ਹੈ | ਉਸ ਨੂੰ ਅਸੀਂ ਵੱਖਰੇ ਵਾਰਡ 'ਚ ਆਈਸੋਲੇਟ ਕੀਤਾ ਹੋਇਆ ਹੈ | ਉਨ੍ਹਾਂ ਕਿਹਾ ਕਿ ਜੋ ਲੋਕ ਬਾਹਰ ਤੋਂ ਆ ਰਹੇ ਹਨ, ਉਨ੍ਹਾਂ ਦਾ ਟੈਸਟ ਕੀਤਾ ਜਾ ਰਿਹਾ ਹੈ | ਹੁਣ ਤਕ 17 ਪਾਜ਼ੇਟਿਵ ਮਰੀਜ਼ ਹਸਪਤਾਲ 'ਚ ਦਾਖ਼ਲ ਹਨ, 6 ਉਨ੍ਹਾਂ ਦੇ ਸੰਪਰਕ ਵਾਲੇ ਹਨ | ਦੱਸਣਯੋਗ ਹੈ ਕਿ ਦਿੱਲੀ 'ਚ ਓਮੀਕਰੋਨ ਦਾ ਮਾਮਲਾ ਸਾਹਮਣੇ ਆਉਣ ਮਗਰੋਂ ਭਾਰਤ 'ਚ ਇਹ 12ਵਾਂ ਮਾਮਲਾ ਹੈ | ਇਸ ਤੋਂ ਪਹਿਲਾ ਕਰਨਾਟਕ, ਗੁਜਰਾਤ, ਮਹਾਰਾਸ਼ਟਰ 'ਚ ਓਮੀਕਰੋਨ ਦੇ ਮਾਮਲੇ ਸਾਹਮਣੇ ਆਏ ਹਨ | (ਏਜੰਸੀ)