ਜਥੇਦਾਰ ਨਾਲ ਮੁਲਾਕਾਤ ਮਗਰੋਂ ਬੋਲੇ ਜਗਮੀਤ ਸਿੰਘ ਬਰਾੜ - 'ਸ਼੍ਰੋਮਣੀ ਅਕਾਲੀ ਦਲ ਮੇਰੇ ਪੁਰਖਿਆਂ ਦੀ ਪਾਰਟੀ'
Published : Dec 6, 2022, 3:07 pm IST
Updated : Dec 6, 2022, 3:07 pm IST
SHARE ARTICLE
Punjab News
Punjab News

ਕਿਹਾ- ਸ਼੍ਰੋਮਣੀ ਅਕਾਲੀ ਦਲ ਦੀ ਅਨੁਸ਼ਾਸ਼ਨੀ ਕਮੇਟੀ ਦਾ ਗਠਨ ਵੀ ਗ਼ੈਰ-ਸੰਵਿਧਾਨਿਕ ਸੀ ਤੇ ਉਸ ਨੂੰ ਭੰਗ ਵੀ ਗ਼ੈਰ-ਸੰਵਿਧਾਨਿਕ ਤਰੀਕੇ ਨਾਲ ਕੀਤਾ ਗਿਆ ਹੈ

ਪਾਰਟੀ ਨੂੰ ਭੇਜ ਚੁੱਕਿਆ ਹਾਂ ਆਪਣਾ ਜਵਾਬ : ਜਗਮੀਤ ਸਿੰਘ ਬਰਾੜ 

ਅੰਮ੍ਰਿਤਸਰ : ਸੀਨੀਅਰ ਅਕਾਲੀ ਆਗੂ ਜਗਮੀਤ ਸਿੰਘ ਬਰਾੜ ਵਲੋਂ ਸ੍ਰੀ ਅਕਾਲ ਤਖ਼ਤ ਸਾਹਿਬ ਦੇ ਜਥੇਦਾਰ ਗਿਆਨੀ ਹਰਪ੍ਰੀਤ ਸਿੰਘ ਨਾਲ ਮੁਲਾਕਾਤ ਕੀਤੀ ਗਈ ਅਤੇ ਇੱਕ ਪੱਤਰ ਵੀ ਦਿੱਤਾ ਗਿਆ। ਇਸ ਮਗਰੋਂ ਪੱਤਰਕਾਰਾਂ ਨਾਲ ਗਲਬਾਤ ਕਰਦਿਆਂ ਜਗਮੀਤ ਸਿੰਘ ਬਰਾੜ ਨੇ ਦੱਸਿਆ ਕਿ ਸ਼੍ਰੋਮਣੀ ਅਕਾਲੀ ਦਲ ਅਤੇ ਸਿੱਖ ਪੰਥ ਦੀ ਜੋ ਮੌਜੂਦਾ ਸਥਿਤੀ ਹੈ ਉਸ ਬਾਰੇ ਸਿੰਘ ਸਾਹਿਬ ਨੂੰ ਜਾਣੂ ਕਰਵਾਇਆ ਹੈ। ਉਨ੍ਹਾਂ ਕਿਹਾ ਕਿ ਰੱਬ ਦੀ ਅਦਾਲਤ ਤੋਂ ਬਾਅਦ ਸ੍ਰੀ ਅਕਾਲ ਤਖ਼ਤ ਸਾਹਿਬ ਸਾਡੇ ਲਈ ਇੱਕ ਮੁਕੱਦਸ ਅਸਥਾਨ ਹੈ। ਇਸ ਲਈ ਇੱਕ ਅਕਾਲੀ ਵਰਕਰ ਅਤੇ ਇੱਕ ਚੁਣੇ ਹੋਏ ਨੁਮਾਇੰਦੇ ਦੇ ਤੌਰ 'ਤੇ ਮੈਂ ਆਪਣੇ ਸਾਰੇ ਅਹੁਦਿਆਂ ਦਾ ਅਸਤੀਫਾ ਗਿਆਨੀ ਹਰਪ੍ਰੀਤ ਸਿੰਘ ਸਾਹਮਣੇ ਪੇਸ਼ ਕੀਤਾ ਹੈ ਅਤੇ ਕਿਹਾ ਹੈ ਕਿ ਬਗੈਰ ਕਿਸੇ ਅਹੁਦੇ ਤੋਂ ਹੀ ਪੰਜਾਬ ਅਤੇ ਦੇਸ਼ ਵਿਦੇਸ਼ ਵਿਚ ਸਿੱਖਾਂ ਦੇ ਦਰਪੇਸ਼ ਮਸਲਿਆਂ ਲਈ ਤਗੜੇ ਹੋ ਕੇ ਲੜਾਂਗੇ ਅਤੇ ਅਕਾਲੀ ਦਲ ਨੂੰ ਹੋਰ ਮਜ਼ਬੂਤ ਕਰਾਂਗੇ।

ਇਸ ਮੌਕੇ ਜਗਮੀਤ ਸਿੰਘ ਬਰਾੜ ਨੇ ਜ਼ਿਕਰ ਕੀਤਾ ਕਿ ਪਾਰਟੀ ਵਲੋਂ ਪਹਿਲਾਂ ਮੈਨੂੰ 6 ਦਸੰਬਰ ਨੂੰ ਬੁਲਾਇਆ ਗਿਆ ਸੀ ਪਰ ਫਿਰ ਇਹ ਤਰੀਕ ਬਦਲ ਕੇ 10 ਦਸੰਬਰ ਕਰ ਦਿਤੀ ਅਤੇ ਅਨੁਸ਼ਾਸ਼ਨੀ ਕਮੇਟੀ ਸਾਹਮਣੇ ਪੇਸ਼ ਹੋਣ ਲਈ ਕਿਹਾ ਹੈ। ਉਨ੍ਹਾਂ ਕਿਹਾ ਕਿ ਸ਼੍ਰੋਮਣੀ ਅਕਾਲੀ ਦਲ ਦੀ ਵਰਕਿੰਗ ਕਮੇਟੀ ਭੰਗ ਨਹੀਂ ਹੋ ਸਕਦੀ ਸੀ ਇਸ ਨੂੰ ਗ਼ੈਰ-ਸੰਵਿਧਾਨਿਕ ਤਰੀਕੇ ਨਾਲ ਭੰਗ ਕੀਤਾ ਗਿਆ ਹੈ। ਇਥੋਂ ਤੱਕ ਕੇ ਕੋਰ ਕਮੇਟੀ, ਜ਼ਿਲ੍ਹਿਆਂ ਦੇ ਜਥੇਦਾਰ ਵੀ ਭੰਗ ਕਰ ਦਿਤੇ ਗਏ। ਬਰਾੜ ਨੇ ਦੱਸਿਆ ਕਿ ਉਹ ਸ੍ਰੀ ਅਕਾਲ ਤਖ਼ਤ ਸਾਹਿਬ ਦੇ ਜਥੇਦਾਰ ਕੋਲ ਇਹ ਬੇਨਤੀ ਕਰ ਕੇ ਆਏ ਹਨ ਕਿ ਸ਼੍ਰੋਮਣੀ ਅਕਾਲੀ ਦਲ ਵਲੋਂ ਅਨੁਸ਼ਾਸ਼ਨੀ ਕਮੇਟੀ ਭੰਗ ਕਰਨ ਦਾ ਮਤਲਬ ਹੈ ਕਿ ਜੋ ਵੀ ਉਸ ਤੋਂ ਬਾਅਦ ਕੰਮ ਹੋਏ ਹਨ ਉਹ ਪਾਰਟੀ ਦੇ ਵਿਧਾਨ ਅਤੇ ਸ੍ਰੀ ਅਕਾਲ ਤਖਤ ਸਾਹਿਬ ਦੀ ਮਰਿਆਦਾ ਅਨੁਸਾਰ ਨਹੀਂ ਹੋਏ ਹਨ।

ਉਨ੍ਹਾਂ ਕਿਹਾ ਕਿ ਇਸ ਅਨੁਸ਼ਾਸ਼ਨੀ ਕਮੇਟੀ ਦਾ ਗਠਨ ਵੀ ਗ਼ੈਰ-ਵਿਧਾਨਿਕ ਤਰੀਕੇ ਨਾਲ ਹੀ ਕੀਤਾ ਗਿਆ ਸੀ। ਇਸ ਲਈ ਮੇਰੇ ਲਈ ਰੱਬ ਦੀ ਅਦਾਲਤ ਤੋਂ ਬਾਅਦ ਇੱਕ ਨਿਮਾਣੇ ਸਿੱਖ ਵਜੋਂ ਗਿਆਨੀ ਹਰਪ੍ਰੀਤ ਸਿੰਘ ਸ੍ਰੀ ਅਕਾਲ ਤਖ਼ਤ ਸਾਹਿਬ ਦੇ ਜਥੇਦਾਰ ਹਨ। ਉਨ੍ਹਾਂ ਕਿਹਾ ਕਿ ਸਿੰਘ ਸਾਹਿਬ ਨੂੰ ਪੱਤਰ ਵਿਚ ਬੇਨਤੀ ਕੀਤੀ ਹੈ ਕਿ ਅੱਜ ਤੋਂ ਬਾਅਦ ਸਾਰੇ ਅਕਾਲੀ ਵਰਕਰਾਂ ਅਤੇ ਜਥੇਦਾਰਾਂ ਨੂੰ ਇਕੱਠਾ ਕਰ ਕੇ ਪੰਜਾਬ ਦੇ ਜਿਹੜੇ 10 ਮੁੱਖ ਮੁੱਦੇ ਹਨ ਜਿਨ੍ਹਾਂ ਵਿਚ ਸਭ ਤੋਂ ਉਪਰ ਪਾਰਟੀ ਵਲੋਂ 43 ਵਰ੍ਹੇ ਪਹਿਲਾਂ ਸ੍ਰੀ ਅਨੰਦਪੁਰ ਸਾਹਿਬ ਦਾ ਜੋ ਮਤਾ ਲਿਆਂਦਾ ਗਿਆ ਸੀ ਉਸ ਉਪਰ ਸਹੀ ਅਮਲ ਨਹੀਂ ਹੋਇਆ। ਨਤੀਜਨ ਸਿੱਖ ਪੰਥ ਦੀ ਖੁਦਮੁਖਤਿਆਰੀ ਅਤੇ ਪੰਥ ਦੀਆਂ ਅਕਾਂਕਸ਼ਾਵਾਂ ਰਾਜਨੀਤਿਕ ਅਤੇ ਧਾਰਮਿਕ ਤੌਰ 'ਤੇ ਪੂਰੀਆਂ ਨਹੀਂ ਹੋਈਆਂ, ਉਨ੍ਹਾਂ ਨੂੰ ਲਾਗੂ ਕਰਵਾਉਣ ਲਈ ਸੰਘਰਸ਼ ਕੀਤਾ ਜਾਵੇਗਾ। ਪੰਜਾਬ ਦੇ ਪਾਣੀਆਂ 'ਤੇ ਜੋ ਵਿਤਕਰੇ ਹੋਏ ਹਨ ਉਸ ਬਾਰੇ ਆਵਾਜ਼ ਚੁੱਕੀ ਜਾਵੇਗੀ ਅਤੇ ਪੰਜਾਬ ਨੂੰ ਉਸ ਦਾ ਬਣਦਾ ਹੱਕ ਦਿਵਾਇਆ ਜਾਵੇਗਾ। ਇਸ ਦੇ ਨਾਲ ਹੀ ਰਾਜਧਾਨੀ, ਸੱਭਿਆਚਾਰ ਅਤੇ ਸਿੱਖ ਸਿਧਾਂਤ ਜੋ ਸਿੰਘ ਸਾਹਿਬਾਨ ਖੁਦ ਕਹਿ ਚੁੱਕੇ ਹਨ ਕਿ ਜੋ ਸਿੱਖ ਸਿਧਾਂਤ ਅਤੇ ਵਿਚਾਰਧਾਰਾ 'ਤੇ ਗੁੱਝੇ ਹਮਲੇ ਹੋ ਰਹੇ ਹਨ ਉਸ ਬਾਰੇ ਪੰਥ ਅਤੇ ਸਿੱਖ ਕੌਮ ਨੂੰ ਸੁਚੇਤ ਕਰਨ ਬਾਰੇ ਕਿਹਾ ਹੈ। 

ਉਨ੍ਹਾਂ ਕਿਹਾ ਕਿ ਸਾਰੇ ਅਹੁਦਿਆਂ ਨੂੰ ਛੱਡ ਕੇ ਇਕ ਅਕਾਲੀ ਵਰਕਰ ਦੇ ਰੂਪ ਵਿਚ ਸਿੰਘ ਸਾਹਿਬ ਦੇ ਹੁਕਮ 'ਤੇ ਪੰਜਾਬ ਅਤੇ ਦੇਸ਼ ਵਿਚ ਸਿੱਖ ਪੰਥ ਦੇ ਮਸਲਿਆਂ ਲਈ ਸੰਘਰਸ਼ ਕਰਾਂਗਾ। ਉਨ੍ਹਾਂ ਕਿਹਾ ਕਿ ਇਹ ਪਾਰਟੀ ਮੇਰੇ ਪੁਰਖਿਆਂ ਦੀ ਪਾਰਟੀ ਹੈ।  ਮੇਰੇ ਪਿਤਾ ਗੁਰਮੀਤ ਸਿੰਘ ਬਰਾੜ, ਜੋ ਆਲ ਇੰਡੀਆ ਸਿੱਖ ਸਟੂਡੈਂਟ ਫੈਡਰੇਸ਼ਨ ਦੇ ਬਾਨੀ ਪ੍ਰਧਾਨਾਂ ਵਿਚੋਂ ਇੱਕ ਸਨ, ਉਹ ਪੰਜ ਵਰ੍ਹੇ ਪੰਜਾਬੀ ਸੂਬਾ ਮੋਰਚਾ, ਡਿਫੈਂਸ ਆਫ ਇੰਡੀਆ ਰੂਲ, ਗੁਰਦੁਆਰਾ ਸਹਿਬਾਨਾਂ ਨੂੰ ਆਜ਼ਾਦ ਕਰਵਾਉਣ ਐਮਰਜੈਂਸੀ ਦੇ ਮੋਰਚਿਆਂ ਵਿਚ ਕੈਦ ਰਹੇ।  ਉਨ੍ਹਾਂ ਦੱਸਿਆ ਕਿ ਉਸ ਤੋਂ ਤਿੰਨ ਸਾਲ ਬਾਅਦ ਜਦੋਂ ਮੈਂ ਰਾਜਨੀਤੀ ਵਿਚ ਪੈਰ ਧਰਿਆ ਉਸ ਸਮੇਂ ਮੈਂ ਵੀ ਪੰਜਾਬ ਅਤੇ ਇਸ ਦੇ ਦਰਪੇਸ਼ ਮਸਲਿਆਂ ਜਿਵੇਂ ਕਿ ਪਾਣੀਆਂ ਦੇ ਮੁੱਦੇ ਨੂੰ ਲੈ ਕੇ ਢਾਈ-ਤਿੰਨ ਸਾਲ ਜੇਲ੍ਹਾਂ ਵਿਚ ਰਿਹਾ ਹਾਂ। ਇਸ ਕਰ ਕੇ ਇਹ ਸ਼ਹੀਦਾਂ ਦੀ ਜਥੇਬੰਦੀ ਹੈ ਅਤੇ ਸਾਡੇ ਪੁਰਖੇ ਅਤੇ ਸਾਡੀਆਂ ਜੜ੍ਹਾਂ ਅਵਾਜ਼ਾਂ ਮਾਰ ਰਹੀਆਂ ਹਨ। 

ਅੱਗੇ ਬੋਲਦਿਆਂ ਜਗਮੀਤ ਸਿੰਘ ਬਰਾੜ ਨੇ ਕਿਹਾ ਕਿ ਜਿਹੜੇ ਕਹਿੰਦੇ ਸਨ ਕਿ 1920 ਵਿਚ ਅਕਾਲੀ ਦਲ ਬਣਿਆ ਅਤੇ 1922 ਵਿਚ ਖਤਮ ਹੋ ਜਾਵੇਗਾ ਉਨ੍ਹਾਂ ਨੂੰ ਕਹਿਣਾ ਚਾਹੁੰਦਾ ਹਾਂ ਕਿ ਲੱਖਾਂ ਅਤੇ ਕਰੋੜਾਂ ਦੀ ਤਾਦਾਦ ਵਿਚ ਲੋਕ ਇਸ ਨੂੰ ਇੱਕ ਖੇਤਰੀ ਪਾਰਟੀ ਦੇ ਰੂਪ ਵਿਚ ਦੇਖਣਾ ਚਾਹੁੰਦੇ ਹਨ।  ਉਨ੍ਹਾਂ ਦੱਸਿਆ ਕਿ ਉਹ ਆਪਣਾ ਜਵਾਬ ਪਾਰਟੀ ਨੂੰ ਭੇਜ ਚੁੱਕੇ ਹਨ। ਉਨ੍ਹਾਂ ਕਿਹਾ ਕਿ ਨਾ ਤਾਂ ਪਾਰਟੀ ਅਤੇ ਨਾ ਹੀ ਪ੍ਰਧਾਨ ਦੇ ਖਿਲਾਫ ਕੋਈ ਨਿੱਜੀ ਸੋਚ ਹੈ ਸਗੋਂ ਜੋ ਪਾਰਟੀ ਵਿਚ ਗ਼ੈਰ-ਸੰਵਿਧਾਨਿਕ ਤਰੀਕੇ ਨਾਲ ਢਾਂਚਾ ਭੰਗ ਕੀਤਾ ਗਿਆ ਹੈ ਉਸ ਬਾਰੇ ਸਿੰਘ ਸਾਹਿਬ ਨੂੰ ਪੱਤਰ ਲਿਖ ਦੇ ਆਏ ਹਨ। 

ਉਨ੍ਹਾਂ ਕਿਹਾ ਕਿ ਮੇਰੇ ਵਿਰੁੱਧ ਕਈ ਚਹੇਤਿਆਂ ਵਲੋਂ ਕੂੜ ਪ੍ਰਚਾਰ ਕੀਤਾ ਜਾ ਰਿਹਾ ਹੈ।  ਇਹ ਉਹੀ ਹਨ ਜੋ ਕਰੋੜਾਂ -ਅਰਬਾਂ ਭ੍ਰਿਸ਼ਟ ਤਰੀਕਿਆਂ ਨਾਲ ਪੰਜਾਬ ਦੀ ਰਾਜਨੀਤੀ ਵਿਚ ਵਿਚਰੇ ਹਨ ਉਨ੍ਹਾਂ ਵਲੋਂ ਪ੍ਰਚਾਰ ਕਰਵਾਇਆ ਜਾ ਰਿਹਾ ਹੈ।  ਇਸ ਦੇ ਮੱਦੇਨਜ਼ਰ ਮੈਂ ਸਿੰਘ ਸਾਹਿਬ ਨੂੰ ਬੇਨਤੀ ਕੀਤੀ ਹੈ ਕਿ ਮੈਂ ਸਿਰਫ ਅਕਾਲੀ ਦਲ ਦੀ ਏਕਤਾ ਅਤੇ ਇਕਜੁਟਤਾ ਲਈ ਕੰਮ ਕਰਾਂਗਾ। ਉਨ੍ਹਾਂ ਕਿਹਾ ਕਿ 75 ਫ਼ੀਸਦੀ ਜਿਨ੍ਹਾਂ ਨਵਾਂ ਦਾ ਐਲਾਨ ਕੀਤਾ ਗਿਆ ਉਹ ਅਕਾਲੀ ਦਲ ਦੀ ਏਕਤਾ ਦੇ ਹਾਮੀ ਹਨ ਉਹ ਸਾਰਿਆਂ ਦੀ ਰਾਏ ਨਾਲ ਆਉਣ ਵਾਲੇ ਦਿਨਾਂ ਵਿਚ ਮਿਲਣਗੇ। 

ਅਕਾਲੀ ਦਲ ਦੀ ਮੌਜੂਦਾ ਸਥਿਤੀ ਪੁਛੇ ਗਏ ਸਵਾਲ ਦਾ ਜਵਾਬ ਦਿੰਦਿਆਂ ਉਨ੍ਹਾਂ ਕਿਹਾ ਕਿ ਝੂੰਦਾ ਕਮੇਟੀ ਵਲੋਂ ਪੇਸ਼ ਰਿਪੋਰਟ ਵਿਚ 42 ਨੁਕਤੇ ਸਨ ਜਿਸ ਵਿਚ ਪਹਿਲੇ ਵਿਚ ਕਿਹਾ ਗਿਆ ਸੀ ਕਿ ਹੁਣ ਲੀਡਰਸ਼ਿਪ ਨੂੰ ਇੱਕ ਵਾਰ ਤਿਆਗ ਕਰਨਾ ਚਾਹੀਦਾ ਹੈ ਪਰ ਕਿਸੇ ਨੇ ਤਿਆਗ ਨਹੀਂ ਕੀਤਾ ਇਸ ਲਈ ਉਹ ਝੂੰਦਾ ਕਮੇਟੀ ਦੀ ਰਿਪੋਰਟ ਵੀ ਜਨਤਕ ਨਹੀਂ ਕੀਤੀ ਗਈ। ਉਸ ਦੇ ਮੁੱਖ 42 ਮੁੱਦੇ ਵੀ ਲਾਗੂ ਨਹੀਂ ਕੀਤੇ ਗਏ। ਉਨ੍ਹਾਂ ਕਿਹਾ ਕਿ ਅੱਜ ਸਿੰਘ ਸਾਹਿਬ ਨਾਲ ਮੁਲਾਕਾਤ ਦੌਰਾਨ ਉਨ੍ਹਾਂ ਕਿਹਾ,'' ਤੁਸੀਂ ਆਪਣੇ ਨਾਮ ਨਾਲੋਂ ਬਰਾੜ ਹਟਾਇਆ ਸੀ ਅਤੇ ਜਗਮੀਤ ਸਿੰਘ ਅਕਾਲੀ ਰੱਖਿਆ ਸੀ ਇਸ ਲਈ ਤੁਹਾਡੇ ਤੋਂ ਅਕਾਲੀ ਦਾ ਰੁਤਬਾ ਕੋਈ ਵੀ ਖੋਹ ਨਹੀਂ ਸਕਦਾ। ''

SHARE ARTICLE

ਸਪੋਕਸਮੈਨ ਸਮਾਚਾਰ ਸੇਵਾ

Advertisement

Mukhtar Ansari ਦੀ ਹੋਈ ਮੌਤ, Jail 'ਚ ਪਿਆ ਦਿਲ ਦਾ ਦੌਰਾ, UP ਦੇ ਕਈ ਜ਼ਿਲ੍ਹਿਆਂ 'ਚ High Alert

29 Mar 2024 9:33 AM

ਬਾਬਾ ਤਰਸੇਮ ਸਿੰਘ ਦੇ ਕਤਲ ਦਾ CCTV, ਦੇਖੋ ਕਿਵੇਂ ਕੁਰਸੀ 'ਤੇ ਬੈਠੇ ਬਾਬਾ ਤਰਸੇਮ ਸਿੰਘ ਨੂੰ ਬਦਮਾਸ਼ਾਂ ਨੇ ਮਾਰੀਆਂ..

28 Mar 2024 4:40 PM

'ਸਾਈਕਲ ਦਾ ਵੀ ਸਟੈਂਡ ਹੁੰਦਾ, ਆਹ ਰਿੰਕੂ ਦਾ ਕੋਈ ਸਟੈਂਡ ਹੀ ਨਹੀਂ, ਮੈਂ ਤਾਂ ਹੈਰਾਨ ਹਾਂ'

28 Mar 2024 3:17 PM

Debate: BJP ਨੇ ਪੰਜਾਬ 'ਚ ਮਚਾਈ ਤਰਥੱਲੀ, ਪੱਟ ਲਏ ਵੱਡੇ ਲੀਡਰ! ਚੱਲਦੀ ਡਿਬੇਟ 'ਚ ਭਿੜ ਗਏ AAP ਤੇ BJP ਆਗੂ, ਰੱਜ ਕੇ

28 Mar 2024 3:09 PM

ਬੱਸ ਤੇ ਕਾਰ ਦੀ ਸਿੱਧੀ ਟੱਕਰ ਮਚ ਗਿਆ ਚੀਕ-ਚਿਹਾੜਾ ਫਿਰੋਜ਼ਪੁਰ ਦੇ ਜੀਰਾ ’ਚ ਵਾਪਰਿਆ ਦਰਦਨਾਕ ਹਾਦਸਾ

28 Mar 2024 1:08 PM
Advertisement