
ਬੀਤੇ ਸਾਲ ਦੀ 22 ਦਸੰਬਰ ਤੋਂ ਪਿੰਡ ਨਿਆਮਤਪੁਰ ਦੇ ਲਾਪਤਾ ਜ਼ਿਮੀਦਾਰ ਜਗੀਰ ਸਿੰਘ ਉਮਰ 54 ਸਾਲ ਗੁੱਥੀ ਨੂੰ ਅੱਜ ਥਾਣਾ ਜੁਲਕਾਂ ਦੀ ਪੁਲਿਸ ਨੇ ਸੁਲਝਾ....
ਦੇਵੀਗੜ੍ਹ, 7 ਜਨਵਰੀ (ਗੁਰਜੀਤ ਸਿੰਘ ਉਲਟਪੁਰ) : ਬੀਤੇ ਸਾਲ ਦੀ 22 ਦਸੰਬਰ ਤੋਂ ਪਿੰਡ ਨਿਆਮਤਪੁਰ ਦੇ ਲਾਪਤਾ ਜ਼ਿਮੀਦਾਰ ਜਗੀਰ ਸਿੰਘ ਉਮਰ 54 ਸਾਲ ਗੁੱਥੀ ਨੂੰ ਅੱਜ ਥਾਣਾ ਜੁਲਕਾਂ ਦੀ ਪੁਲਿਸ ਨੇ ਸੁਲਝਾ ਲਿਆ ਹੈ, ਜਿਸ ਨੂੰ ਪਿੰਡ ਨੇੜਲੇ ਇਕ ਡੇਰੇ ਦੇ ਜ਼ਿਮੀਦਾਰ ਲੱਖਾ ਸਿੰਘ ਦੇ ਨੌਕਰ ਰਾਜ ਕੁਮਾਰ ਉਰਫ਼ ਛੋਟੂ ਵਾਸੀ ਰਾਣੀਗੰਜ ਬਿਹਾਰ ਨੇ ਮਾਰ ਕੇ ਰੂੜੀ ਵਿਚ ਦੱਬ ਦਿਤਾ ਸੀ। ਜਿਸ ਦੀ ਲਾਸ਼ ਨੂੰ ਅੱਜ ਨਾਇਬ ਤਹਿਸੀਲਦਾਰ ਕਰਮਜੀਤ ਸਿੰਘ ਅਤੇ ਉਪ ਪੁਲਿਸ ਕਪਤਾਨ ਗੁਰਦੇਵ ਸਿੰਘ ਧਾਲੀਵਾਲ ਅਤੇ ਥਾਣਾ ਜੁਲਕਾਂ ਦੇ ਮੁਖੀ ਗੁਰਪ੍ਰੀਤ ਸਿੰਘ ਭਿੰਡਰ ਦੀ ਮੌਜੂਦਗੀ ਵਿਚ ਰੂੜੀ 'ਚੋਂ ਕੱਢ ਕੇ ਪੋਸਟ ਮਾਰਟਮ ਲਈ ਰਾਜਿੰਦਰਾ ਹਸਪਤਾਲ ਪਟਿਆਲਾ ਭੇਜ ਦਿਤਾ ਹੈ।
ਪ੍ਰਾਪਤ ਜਾਣਕਾਰੀ ਅਨੁਸਾਰ ਪਿੰਡ ਨਿਆਮਤਪੁਰ ਦਾ ਜਗੀਰ ਸਿੰਘ 54 ਪੁੱਤਰ ਹਰਨਾਮ ਸਿੰਘ ਬੀਤੇ ਸਾਲ ਦੀ 22 ਦਸੰਬਰ ਨੂੰ ਸ਼ਾਮ ਦੇ 7 ਵਜੇ ਤੋਂ ਬਾਅਦ ਭੇਦ ਭਰੇ ਹਾਲਾਤ ਵਿਚ ਲਾਪਤਾ ਹੋ ਗਿਆ ਸੀ, ਜਿਸ ਦੇ ਪ੍ਰਵਾਰ ਵਾਲਿਆਂ ਨੇ ਉਸ ਦੀ ਗੁੰਮਸ਼ੁਦਗੀ ਦੀ ਸੂਚਨਾ ਥਾਣਾ ਜੁਲਕਾਂ ਦੀ ਪੁਲਿਸ ਨੂੰ ਦਿਤੀ ਸੀ ਅਤੇ ਥਾਣਾ ਜੁਲਕਾਂ ਦੀ ਪੁਲਿਸ ਨੇ ਧਾਰਾ 346 ਤਹਿਤ 4 ਜਨਵਰੀ ਨੂੰ ਮਾਮਲਾ ਦਰਜ ਕਰ ਕੇ ਕੇਸ ਦੀ ਡੂੰਘਾਈ ਨਾਲ ਜਾਂਚ ਸ਼ੁਰੂ ਕਰ ਦਿਤੀ ਸੀ। ਉਪ ਪੁਲਿਸ ਕਪਤਾਨ ਗੁਰਦੇਵ ਸਿੰਘ ਧਾਲੀਵਾਲ ਨੇ ਦਸਿਆ ਕਿ ਥਾਣਾ ਜੁਲਕਾਂ ਦੀ ਪੁਲਿਸ ਨੇ ਉਸ ਦੀ ਗੁੰਮਸ਼ੁਦਗੀ ਦਾ ਮਾਮਲਾ ਦਰਜ ਕਰਨ ਤੋਂ ਬਾਅਦ ਆਖਰੀ ਸਮੇਂ ਦੀਆਂ ਮੋਬਾਈਲ ਕਾਲਾਂ ਕੱਢਣ ਤੋਂ ਬਾਅਦ ਪਿੰਡ ਦੇ ਨੇੜਲੇ ਡੇਰਾ ਲੱਖਾ ਸਿੰਘ ਦੇ ਨੌਕਰ ਰਾਜ ਕੁਮਾਰ ਉਰਫ਼ ਛੋਟੂ 'ਤੇ ਜਾਂਚ ਦੀ ਸੂਈ ਘੁਮਾਉਂਦੇ ਹੋਏ ਜਦੋਂ ਉਸ ਤੋਂ ਡੂੰਘਾਈ ਤੇ ਸਖ਼ਤੀ ਨਾਲ ਪੁਛਗਿੱਛ ਕੀਤੀ ਤਾਂ ਸਾਰਾ ਮਾਮਲਾ ਸਾਹਮਣੇ ਆ ਗਿਆ।
ਜਿਸ ਵਿਚ ਨੌਕਰ ਨੇ ਮੰਨਿਆਂ ਕਿ ਜਗੀਰ ਸਿੰਘ ਵਲੋਂ ਉਸ ਦੇ ਮਾਲਕ ਲੱਖਾ ਸਿੰਘ ਦੇ ਪ੍ਰਵਾਰ ਪ੍ਰਤੀ ਮੰਦੀ ਭਾਸ਼ਾ ਵਰਤਣ ਕਾਰਨ ਗੁੱਸੇ 'ਚ ਆ ਕੇ ਇਸ ਵਾਰਦਾਤ ਨੂੰ ਅੰਜਾਮ ਦਿਤਾ ਅਤੇ ਉਸ ਨੇ ਜਗੀਰ ਸਿੰਘ ਨਾਲ ਸ਼ਾਮ ਨੂੰ ਸ਼ਰਾਬ ਪੀਤੀ ਅਤੇ ਬਾਅਦ 'ਚ ਟਰੈਕਟਰ ਦੀ ਡਰਾਈਵਰ ਉਸ ਦੇ ਸਿਰ 'ਚ ਮਾਰ ਕੇ ਉਸ ਨੂੰ ਮਾਰ ਦਿਤਾ ਅਤੇ ਲਾਸ਼ ਨੂੰ ਘਰ ਦੇ ਨਾਲ ਹੀ ਪਈ ਰੂੜੀ ਵਿਚ ਦੱਬ ਦਿਤਾ ਸੀ। ਉਪ ਪੁਲਿਸ ਕਪਤਾਨ ਗੁਰਦੇਵ ਸਿੰਘ ਧਾਲੀਵਾਲ ਨੇ ਦਸਿਆ ਕਿ ਨੌਕਰ ਰਾਜ ਕੁਮਾਰ ਛੋਟੂ ਦੀ ਨਿਸ਼ਤਾਨਦੇਹੀ 'ਤੇ ਅੱਜ ਕਤਲ ਵਾਲੀ ਜਗ੍ਹਾ ਤੋਂ ਮਾਰਨ ਲਈ ਵਰਤੀ ਗਈ ਡਰਾਈਵਰ ਬਰਾਮਦ ਕਰਨ ਤੋਂ ਬਾਅਦ ਜ਼ਿਮੀਦਾਰ ਦੀ ਲਾਸ਼ ਨੂੰ ਰੂੜੀ ਚੋਂ ਕੱਢ ਕੇ ਪੋਸਟਮਾਰਟਮ ਲਈ ਭੇਜ ਦਿਤਾ ਗਿਆ।
ਧਾਲੀਵਾਲ ਨੇ ਦਸਿਆ ਕਿ ਜ਼ਿਲ੍ਹਾ ਪੁਲਿਸ ਨੇ ਨਵੇਂ ਸਾਲ ਦਾ ਇਹ ਦੂਜਾ ਅੰਨ੍ਹਾ ਕਤਲ ਸੁਲਝਾਇਆ ਹੈ, ਜਦ ਕਿ ਪਿਛਲੇ ਸਾਲ 17 ਅੰਨ੍ਹੇ ਕਤਲਾਂ ਤੋਂ ਪਰਦਾ ਉਠਾਇਆ ਗਿਆ ਸੀ। ਥਾਣਾ ਜੁਲਕਾਂ ਦੀ ਪੁਲਿਸ ਨੇ ਦੋਸ਼ੀ ਰਾਜ ਕੁਮਾਰ ਵਿਰੁਧ ਧਾਰਾ 302 ਤਹਿਤ ਮਾਮਲਾ ਦਰਜ ਕਰ ਲਿਆ ਹੈ ਤੇ ਉਸ ਨੂੰ ਮਾਨਯੋਗ ਅਦਾਲਤ ਵਿਚ ਪੇਸ਼ ਕਰ ਕੇ ਰਿਮਾਂਡ ਲਿਆ ਜਾਵੇਗਾ।