
ਚੀਮਾ ਦਾ ਕਹਿਣਾ ਹੈ ਕਿ ਭਾਰਤ ਅਤੇ ਪਾਕਿਸਤਾਨ ਦੇ ਸਬੰਧ ਵਿਗੜੇ ਹੋਏ ਹਨ, ਪਾਕਿਸਤਾਨ 'ਚ ਘੱਟ ਗਿਣਤੀ 'ਤੇ ਲਗਾਤਾਰ ਜ਼ੁਲਮ ਦੇ ਮਾਮਲੇ ਸਾਹਮਣੇ ਆ ਰਹੇ
ਚੰਡੀਗੜ੍ਹ: ਵਿਰੋਧੀ ਧਿਰ ਦੇ ਲੀਡਰ ਅਤੇ ਆਮ ਆਦਮੀ ਪਾਰਟੀ ਦੇ ਸੀਨੀਅਰ ਆਗੂ ਹਰਪਾਲ ਚੀਮਾ ਨੇ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਦੀ ਰਿਹਾਇਸ਼ 'ਤੇ ਪਿਛਲੇ ਤਿੰਨ ਸਾਲ ਤੋਂ ਲਗਾਤਾਰ ਰਹਿ ਰਹੀ ਪਾਕਿਸਤਾਨੀ ਨਾਗਰਿਕ ਅਰੂਸਾ ਆਲਮ ਦੀ ਮੌਜੂਦਗੀ 'ਤੇ ਸਵਾਲ ਚੁੱਕੇ ਹਨ। ਚੀਮਾ ਦਾ ਕਹਿਣਾ ਹੈ ਕਿ ਭਾਰਤ ਅਤੇ ਪਾਕਿਸਤਾਨ ਦੇ ਸਬੰਧ ਵਿਗੜੇ ਹੋਏ ਹਨ, ਪਾਕਿਸਤਾਨ 'ਚ ਘੱਟ ਗਿਣਤੀ 'ਤੇ ਲਗਾਤਾਰ ਜ਼ੁਲਮ ਦੇ ਮਾਮਲੇ ਸਾਹਮਣੇ ਆ ਰਹੇ ਹਨ ਅਤੇ ਗੁਰਦੁਆਰਾ ਸ੍ਰੀ ਨਨਕਾਣਾ ਸਾਹਿਬ ਤੱਕ 'ਤੇ ਪਥਰਾਅ ਦੀਆਂ ਖਬਰਾਂ ਚਰਚਾ 'ਚ ਹਨ।
Harpal Cheema
ਕੈਪਟਨ ਅਮਰਿੰਦਰ ਸਿੰਘ ਵੀ ਕਰਤਾਰਪੁਰ ਕਾਰੀਡੋਰ ਨੂੰ ਲੈ ਕੇ ਕਈ ਵਾਰ ਪਾਕਿਸਤਾਨ 'ਤੇ ਤਿੱਖੇ ਬਿਆਨ ਦੇ ਚੁੱਕੇ ਹਨ ਪਰ ਇਸ ਸਭ ਦੇ ਬਾਵਜੂਦ ਕੈਪਟਨ ਅਮਰਿੰਦਰ ਸਿੰਘ ਜੋ ਕਿ ਪੰਜਾਬ ਦੇ ਮੁੱਖ ਮੰਤਰੀ ਅਹੁਦੇ 'ਤੇ ਹਨ, ਉਹਨਾਂ ਦੇ ਘਰ ਪਿਛਲੇ ਕਰੀਬ ਤਿੰਨ ਸਾਲਾਂ ਤੋਂ ਉਨ੍ਹਾਂ ਦੀ 'ਪਾਕਿਸਤਾਨੀ ਦੋਸਤ' ਰਹਿ ਰਹੀ ਹੈ। ਇਸ ਦੇ ਬਾਵਜੂਦ ਵੀ ਨਾ ਤਾਂ ਕੇਂਦਰ ਸਰਕਾਰ, ਨਾ ਹੀ ਕੇਂਦਰੀ ਜਾਂਚ ਏਜੰਸੀਆਂ ਅਤੇ ਨਾ ਹੀ ਭਾਜਪਾ ਲੀਡਰ ਇਸ ਬਾਰੇ ਮੂੰਹ ਖੋਲ੍ਹਦੇ ਹਨ।
File Photo
ਇਹ ਗੱਲ ਪੰਜਾਬ ਦੇ ਵਿਰੋਧੀ ਧਿਰ ਨੇਤਾ ਹਰਪਾਲ ਸਿੰਘ ਚੀਮਾ ਨੇ ਇਕ ਪ੍ਰੈਸ ਕਾਨਫਰੰਸ ਨੂੰ ਸੰਬੋਧਨ ਕਰਦਿਆਂ ਕਹੀ। ਹਰਪਾਲ ਚੀਮਾ ਨੇ ਕਿਹਾ ਕਿ ਅਜਿਹਾ ਕਿਉਂ ਹੈ ਕਿ ਕਿਸੇ ਵੀ ਕੇਂਦਰੀ ਏਜੰਸੀ ਜਾਂ ਗ੍ਰਹਿ ਮੰਤਰਾਲਾ, ਵਿਦੇਸ਼ ਮੰਤਰਾਲਾ, ਮਿਲਟਰੀ ਇੰਟੈਲੀਜੈਂਸ ਜਾਂ ਕੇਂਦਰ ਸਰਕਾਰ ਨੂੰ ਕਿਸੇ 'ਪਾਕਿਸਤਾਨੀ ਮਹਿਲਾ ਮਿੱਤਰ' ਦਾ ਇਕ ਸੀਮਾਵਰਤੀ ਸੂਬੇ ਦੇ ਮੁੱਖ ਮੰਤਰੀ ਦੇ ਇੰਨੇ ਨਜ਼ਦੀਕ ਰਹਿਣਾ ਗੰਭੀਰ ਮਾਮਲਾ ਨਹੀਂ ਲੱਗਦਾ?
Captain Amrinder Singh
ਚੀਮਾ ਨੇ ਕਿਹਾ ਕਿ ਜਿੰਨਾਂ ਉਨ੍ਹਾਂ ਨੂੰ ਪਤਾ ਹੈ, ਪਾਕਿਸਤਾਨ ਤੋਂ ਆਉਣ ਵਾਲੇ ਲੋਕਾਂ ਨੂੰ ਹਰ ਹਫ਼ਤੇ ਜਾਂ ਪੰਦਰਾਂ ਦਿਨ ਬਾਅਦ ਨਜ਼ਦੀਕੀ ਥਾਣੇ 'ਚ ਆਪਣੀ ਹਾਜ਼ਰੀ ਲਗਵਾਉਣੀ ਪੈਂਦੀ ਹੈ ਅਤੇ ਇਹ ਵੀ ਪਹਿਲਾਂ ਤੋਂ ਹੀ ਤੈਅ ਰਹਿੰਦਾ ਹੈ ਕਿ ਸਬੰਧਤ ਵਿਅਕਤੀ ਇਕ ਸੀਮਿਤ ਅਤੇ ਪਹਿਲਾਂ ਤੋਂ ਐਲਾਨੇ ਇਲਾਕੇ 'ਚ ਹੀ ਜਾ ਸਕੇਗਾ। ਚੀਮਾ ਨੇ ਕਿਹਾ ਕਿ ਉਨ੍ਹਾਂ ਨੂੰ ਨਹੀਂ ਲੱਗਦਾ ਕਿ ਮੁੱਖ ਮੰਤਰੀ ਅਮਰਿੰਦਰ ਸਿੰਘ ਦੀ ਮਹਿਲਾ ਮਿੱਤਰ ਅਰੂਸਾ ਆਲਮ ਅਜਿਹੀ ਕਿਸੇ ਉਪਚਾਰਿਕਤਾ ਨੂੰ ਪੂਰਾ ਕਰ ਰਹੀ ਹੈ।
File Photo
ਚੀਮਾ ਨੇ ਕਿਹਾ ਕਿ ਪਾਕਿਸਤਾਨ ਵਿਚਲੇ ਅਤਿਵਾਦ 'ਤੇ ਲਗਾਤਾਰ ਬਿਆਨ ਦੇਣ ਵਾਲੇ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਇਸ ਗੱਲ ਦਾ ਖੁਲਾਸਾ ਕਿਉਂ ਨਹੀਂ ਕਰਦੇ ਕਿ ਆਲਮ ਉਨ੍ਹਾਂ ਦੀ ਸਰਕਾਰੀ ਰਿਹਾਇਸ਼ 'ਤੇ 'ਸਟੇਟ ਗੈਸਟ' ਦੇ ਤੌਰ 'ਤੇ ਕਿਉਂ ਇੰਨੇ ਲੰਬੇ ਸਮੇਂ ਤੋਂ ਮੌਜੂਦ ਹਨ। ਚੀਮਾ ਨੇ ਕਿਹਾ ਕਿ ਪਾਕਿਸਤਾਨ ਦੇ ਮਾਮਲੇ 'ਚ ਲਗਾਤਾਰ ਬਿਆਨ ਦੇਣ ਵਾਲੇ ਭਾਜਪਾ ਨੇਤਾ ਵੀ ਇਸ ਮਾਮਲੇ 'ਚ ਚੁੱਪ ਧਾਰੀ ਬੈਠੇ ਹਨ ਕਿਉਂਕਿ ਕੈਪਟਨ ਅਮਰਿੰਦਰ ਸਿੰਘ ਅਤੇ ਭਾਜਪਾ ਦੀ ਕੇਂਦਰ ਸਰਕਾਰ ਵਿਚਕਾਰ ਸਾਂਝ ਹੈ, ਜਿਸ ਕਾਰਨ ਕੈਪਟਨ ਵੀ ਉਹੀ ਬਿਆਨਬਾਜ਼ੀ ਕਰਦੇ ਹਨ, ਜਿਸ ਦਾ ਇਸ਼ਾਰਾ ਅਜੀਤ ਡੋਭਾਲ ਨਾਲ ਹੁੰਦਾ ਹੈ।