
ਭਾਜਪਾ ਦੇ ਜ਼ਿਲ੍ਹਾ ਮੀਤ ਪ੍ਰਧਾਨ ਨੇ ਦਿਤਾ ਪਾਰਟੀ ਤੋਂ ਅਸਤੀਫ਼ਾ
ਬੰਗਾ, 6 ਜਨਵਰੀ (ਮਨਜਿੰਦਰ ਸਿੰਘ): ਭਾਜਪਾ ਦੇ ਜ਼ਿਲ੍ਹਾ ਮੀਤ ਪ੍ਰਧਾਨ ਹਿੰਮਤ ਤੇਜਪਾਲ ਸਾਬਕਾ ਕੌਂਸਲਰ ਬੰਗਾ ਵਲੋਂ ਕਿਸਾਨੀ ਸੰਘਰਸ਼ ਦੇ ਹੱਕ ਵਿਚ ਭਾਜਪਾ ਦੇ ਸਾਰੇ ਅਹੁਦਿਆਂ ਤੋਂ ਅਸਤੀਫ਼ਾ ਦੇਣ ਦਾ ਐਲਾਨ ਕੀਤਾ ਹੈ। ਹਿੰਮਤ ਤੇਜਪਾਲ ਨੇ ਕਿਹਾ ਹੈ ਕਿ ਕਿਸਾਨ ਵਿਰੋਧੀ ਬਿਲਾਂ, ਬਿਜਲੀ-2020 ਅਤੇ ਪਰਾਲੀ ਆਰਡੀਨੈਂਸ ਦੇ ਵਿਰੋਧ ਵਿਚ ਅੱਜ ਅਪਣੇ ਹੀ ਨਾਗਰਿਕਾਂ ਨੂੰ ਸਰਕਾਰ ਵਿਰੁਧ ਸੰਘਰਸ਼ ਕਰਨ ਲਈ ਮਜਬੂਰ ਹੋਣਾ ਪੈ ਰਿਹਾ ਹੈ। ਉਨ੍ਹਾਂ ਕਿਹਾ,‘‘ਮੈਂ ਆਸ ਕਰਦਾ ਸੀ ਕਿ ਸਰਕਾਰ 4 ਜਨਵਰੀ ਦੀ ਮੀਟਿੰਗ ਵਿਚ ਸਰਕਾਰ ਇਹ ਤਿੰਨੇ ਖੇਤੀ ਬਿੱਲਾਂ ਨੂੰ ਰੱਦ ਕਰ ਦੇਵੇਗੀ। ਪਾਰਟੀ ਵਲੋਂ ਲੋਕ ਹਿਤ ਨੂੰ ਧਿਆਨ ਵਿਚ ਰਖਦਿਆਂ ਹੋਇਆਂ ਖੇਤੀ ਵਿਰੋਧੀ ਬਿਲ ਨਾਂ ਰੱਦ ਕੀਤੇ ਜਾਣ ਕਰ ਕੇ ਉਹ ਭਾਜਪਾ ਨੂੰ ਅਲਵਿਦਾ ਆਖ ਰਹੇ ਹਨ। ਉਹ ਹੋਣ ਜਾ ਰਹੀ ਨਗਰ ਕੌਂਸਲ ਦੀ ਚੋਣ ਆਜ਼ਾਦ ਉਮੀਦਵਾਰ ਵਜੋਂ ਲੜਨਗੇ।’’ ਇਸ ਮੌਕੇ ਉਨ੍ਹਾਂ ਦੇ ਸਾਥੀਆਂ ਰਵਿੰਦਰ ਸਿੰਘ, ਮੰਗਲ ਸੈਨ ਅਤੇ ਮੁਕੇਸ਼ ਕੁਮਾਰ ਵਲੋਂ ਵੀ ਅਪਣੇ ਅਹੁਦਿਆਂ ਤੋਂ ਅਸਤੀਫ਼ੇ ਦੇਣ ਦਾ ਐਲਾਨ ਕੀਤਾ ਗਿਆ। ਭਾਜਪਾ ਦੇ ਜ਼ਿਲ੍ਹਾ ਜਨਰਲ ਸਕੱਤਰ ਪ੍ਰਿਤਪਾਲ ਬਜਾਜ ਨੇ ਕਿਹਾ ਕਿ ਹਿੰਮਤ ਤੇਜਪਾਲ ਅਤੇ ਦੂਸਰੇ ਵਰਕਰਾਂ ਦਾ ਅਸਤੀਫ਼ਾ ਦੇਣਾ ਮੰਦਭਾਗਾ ਹੈ।
ਤਸਵੀਰ 06 ਜਨਵਰੀ 03
ਫੋਟੋ ਕੈਪਸ਼ਨ ਬੰਗਾ ਵਿਖੇ ਜ਼ਿਲ੍ਹਾ ਭਾਜਪਾ ਵਾਈਸ ਪ੍ਰਧਾਨ ਦੇ ਅਹੁਦੇ ਤੋਂ ਅਸਤੀਫ਼ਾ ਦੇਣ ਦਾ ਐਲਾਨ ਕਰਦੇ ਹੋਏ ਹਿੰਮਤ ਤੇਜਪਾਲ ਅਤੇ ਹੋਰ।