
ਕੈਪਟਨ ਦਾ ਰਾਜਪਾਲ ਨੂੰ ਸਖ਼ਤ ਸੁਨੇਹਾ
ਵਿਧਾਨ ਸਭਾ ਵਿਚ ਪਾਸ ਖੇਤੀ ਕਾਨੂੰਨਾਂ ਵਿਰੋਧੀ ਬਿਲ ਰਾਸ਼ਟਰਪਤੀ ਨੂੰ ਨਾ ਭੇਜੇ ਤਾਂ ਸੁਪਰੀਮ ਕੋਰਟ ਜਾਵਾਂਗੇ
ਚੰਡੀਗੜ੍ਹ, 6 ਜਨਵਰੀ (ਗੁਰਉਪਦੇਸ਼ ਭੁੱਲਰ) : ਮੋਬਾਈਲ ਟਾਵਰਾਂ ਦੀ ਤੋੜ ਭੰਨ ਨੂੰ ਲੈ ਕੇ ਸੂਬੇ ਦੇ ਮੁੱਖ ਸਕੱਤਰ ਤੇ ਡੀ.ਜੀ.ਪੀ. ਨੂੰ ਸਿੱਧੇ ਹੀ ਤਲਬ ਕਰਨ ਦੇ ਕਦਮ ਤੋਂ ਬਾਅਦ ਪੰਜਾਬ ਦੇ ਰਾਜਪਾਲ ਤੇ ਮੁੱਖ ਮੰਤਰੀ ਵਿਚ ਪੈਦਾ ਹੋਇਆ ਟਕਰਾਅ ਵਧਣ ਦੇ ਸੰਕੇਤ ਹਨ | ਅੱਜ ਮੁੜ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਨੇ ਪੰਜਾਬ ਵਿਧਾਨ ਸਭਾ ਵਿਚ ਕੇਂਦਰੀ ਖੇਤੀ ਕਾਨੂੰਨਾਂ ਨੂੰ ਰੱਦ ਕਰਨ ਲਈ ਪਾਸ ਬਿਲਾਂ ਨੂੰ ਮੰਜ਼ੂਰੀ ਲਈ ਰਾਸ਼ਟਰਪਤੀ ਨੂੰ ਨਾ ਭੇਜੇ ਜਾਣ 'ਤੇ ਰਾਜਪਾਲ ਵਿਰੁਧ ਸਖ਼ਤ ਪ੍ਰਤੀਕਰਮ ਦਿਤਾ ਹੈ |
ਉਨ੍ਹਾਂ ਅੱਜ ਜਾਰੀ ਇਕ ਵੀਡੀਉ ਸੰਦੇਸ਼ ਰਾਹੀਂ ਸਿੱਧੀ ਚੇਤਾਵਨੀ ਦਿੰਦਿਆਂ ਕਿਹਾ ਕਿ ਜੇ ਇਹ ਬਿਲ ਰਾਸ਼ਟਰਪਤੀ ਨੂੰ ਨਾ ਭੇਜੇ ਗਏ ਤਾਂ ਉਹ ਸੁਪਰੀਮ ਕੋਰਟ ਜਾਣਗੇ | ਕੈਪਟਨ ਨੇ ਕਿਹਾ ਕਿ ਅਸੀ ਕੇਂਦਰੀ ਕਾਨੂੰਨ ਰੱਦ ਕਰ ਚੁੱਕੇ ਹਾਂ ਪਰ ਰਾਜਪਾਲ ਵਲੋਂ ਅੱਜ ਤਕ ਇਨ੍ਹਾਂ ਨੂੰ ਰਾਜ ਭਵਨ ਵਿਚ ਹੀ ਰਖਿਆ ਹੋਇਆ ਹੈ ਜਿਸ ਕਰ ਕੇ ਹੁਣ ਸਾਡੇ ਕੋਲ ਸੁਪਰੀਮ ਕੋਰਟ ਜਾਣ ਤੋਂ ਬਿਨਾਂ ਹੋਰ ਕੋਈ ਰਾਹ ਹੀ ਨਹੀਂ ਬਚਿਆ |
ਉਨ੍ਹਾਂ ਕਿਹਾ ਕਿ ਇਹ ਪ੍ਰਸਤਾਵ ਮੰਜ਼ੂਰੀ ਲਈ ਰਾਸ਼ਟਰਪਤੀ ਨੂੰ ਭੇਜਣਾ ਰਾਜਪਾਲ ਦੀ ਡਿਊਟੀ ਹੈ ਪਰ ਨਹੀਂ ਭੇਜੇ ਜਾ ਰਹੇ | ਕੈਪਟਨ ਨੇ ਸਾਫ਼ ਕਿਹਾ ਕਿ ਉਹ 101 ਫ਼ੀ ਸਦੀ ਕਿਸਾਨਾਂ ਨਾਲ ਹਨ ਤੇ ਉਨ੍ਹਾਂ ਲਈ ਕੁੱਝ ਵੀ ਕਰਨ ਲਈ ਤਿਆਰ ਹਨ |