
ਈ.ਡੀ. ਨੇ ਰਾਊਤ ਦੀ ਪਤਨੀ ਨੂੰ ਮੁੜ ਕੀਤਾ ਤਲਬ
ਮੁੰਬਈ, 6 ਜਨਵਰੀ: ਇਨਫ਼ੋੋਰਸਮੈਂਟ ਡਾਇਰੈਕਟੋਰੇਟ ਨੇ ਸ਼ਿਵ ਸੈਨਾ ਨੇਤਾ ਸੰਜੇ ਰਾਊਤ ਦੀ ਪਤਨੀ ਵਰਸ਼ਾ ਰਾਊਤ ਨੂੰ 4,300 ਕਰੋੜ ਰੁਪਏ ਦੇ ਪੀਐਮਸੀ ਬੈਂਕ ਮਨੀ ਲਾਂਡਰਿੰਗ ਮਾਮਲੇ ਦੀ ਜਾਂਚ ਸਬੰਧੀ ਮੁੜ ਪੁੱਛਗਿਛ ਲਈ 11 ਜਨਵਰੀ ਨੂੰ ਤਲਬ ਕੀਤਾ ਹੈ।
ਅਧਿਕਾਰਤ ਸੂਤਰਾਂ ਨੇ ਦਸਿਆ ਕਿ 4 ਜਨਵਰੀ ਨੂੰ ਪਹਿਲੀ ਵਾਰ ਕੇਂਦਰੀ ਏਜੰਸੀ ਨੇ ਵਰਸ਼ਾ ਤੋਂ ਮਨੀ ਲਾਂਡਰਿੰਗ ਰੋਕੂ ਐਕਟ (ਪੀਐਮਐਲਏ) ਤਹਿਤ ਪੁੱਛਗਿਛ ਕੀਤੀ ਸੀ ਅਤੇ ਉਸ ਦਾ ਬਿਆਨ ਦਰਜ ਕੀਤਾ ਸੀ। ਸੂਤਰਾਂ ਨੇ ਦਸਿਆ ਕਿ ਏਜੰਸੀ ਉਨ੍ਹਾਂ ਤੋਂ ਹੋਰ ਪੁੱਛਗਿਛ ਕਰਨਾ ਚਾਹੁੰਦੀ ਹੈ, ਇਸ ਲਈ ਉਨ੍ਹਾਂ ਨੂੰ 11 ਜਨਵਰੀ ਨੂੰ ਮੁੜ ਤਲਬ ਕੀਤਾ ਗਿਆ ਹੈ।
ਏਜੰਸੀ ਕਥਿਤ ਬੈਂਕ ਲੋਨ ਘੁਟਾਲੇ ਮਾਮਲੇ ਦੇ ਇਕ ਦੋਸ਼ੀ ਦੀ ਪਤਨੀ ਪ੍ਰਵੀਨ ਰਾਊਤ ਦੀ 55 ਲੱਖ ਰੁਪਏ ਦੀ ਟਰਾਂਸਫ਼ਰ ਵਿਚ ਉਸ ਦੀ ਭੂਮਿਕਾ ਦੀ ਜਾਂਚ ਕਰ ਰਹੀ ਹੈ।
ਪ੍ਰਵੀਨ ਰਾਊੁਤ ਗੁਰੂਆਸ਼ੀਸ਼ ਕੰਸਟ੍ਰਕਸ਼ਨ ਕੰਪਨੀ ਦਾ ਡਾਇਰੈਕਟਰ ਹੈ ਅਤੇ ਕਿਹਾ ਜਾ ਰਿਹਾ ਹੈ ਕਿ ਇਹ ਕੰਪਨੀ ਐਚਡੀਆਈਐਲ ਦੀ ਸਹਾਇਕ ਕੰਪਨੀ ਹੈ, ਜੋ ਬੈਂਕ ਘੁਟਾਲੇ ਦੇ ਕੇਸ ਵਿਚ ਦੋਸ਼ੀ ਹੈ।
ਪੁਲਿਸ ਦੀ ਆਰਥਕ ਅਪਰਾਧ ਸ਼ਾਖਾ ਪਹਿਲਾਂ ਹੀ ਪ੍ਰਵੀਨ ਰਾਊਤ ਨੂੰ ਗਿ੍ਰਫ਼ਤਾਰ ਕਰ ਚੁਕੀ ਹੈ। ਈਡੀ ਨੇ ਹਾਲ ਹੀ ਵਿਚ ਪ੍ਰਵੀਨ ਰਾਊਤ ਦੀ 72 ਕਰੋੜ ਰੁਪਏ ਦੀ ਜਾਇਦਾਦ ਜ਼ਬਤ ਕੀਤੀ ਸੀ ਅਤੇ ਉਸ ਅਤੇ ਉਸ ਦੀ ਪਤਨੀ ਮਾਧੁਰੀ ਰਾਊਤ ਤੋਂ ਪੁੱਛਗਿਛ ਕੀਤੀ ਸੀ।
ਏਜੰਸੀ ਦਾ ਦੋਸ਼ ਹੈ ਕਿ ਪ੍ਰਵੀਨ ਰਾਊਤ ਨੇ ਕਰਜ਼ੇੇ ਦੇ ਨਾਮ ’ਤੇ ਬੈਂਕ ਦੇ 95 ਕਰੋੜ ਰੁਪਏ ਗ਼ਬਨ ਕੀਤੇ ਸਨ ਅਤੇ ਇਸ ਰਕਮ ਵਿਚੋਂ ਉਸ ਨੇ ਅਪਣੀ ਪਤਨੀ ਮਾਧੁਰੀ ਨੂੰ 1.6 ਕਰੋੜ ਰੁਪਏ ਅਦਾ ਕੀਤੇ ਸਨ। ਮਾਧੁਰੀ ਨੇ ਸੰਜੇ ਰਾਊਤ ਦੀ ਪਤਨੀ ਵਰਸ਼ਾ ਰਾਊਤ ਨੂੰ ਦੋ ਵਾਰ 55 ਲੱਖ ਰੁਪਏ ਵਿਆਜ ਮੁਕਤ ਕਰਜ਼ੇੇ ਵਜੋਂ ਦਿਤੇ। ਈਡੀ ਨੇ ਕਿਹਾ ਸੀ ਕਿ ਇਹ ਪੈਸਾ ਮੁੰਬਈ ਦੇ ਦਾਦਰ ਪੂਰਬ ਵਿਚ ਫਲੈਟ ਖ਼ਰੀਦਣ ਲਈ ਵਰਤਿਆ ਗਿਆ ਸੀ।
ਜਾਂਚ ਤੋਂ ਪਤਾ ਲੱਗਿਆ ਕਿ ਵਰਸ਼ਾ ਰਾਊਤ ਅਤੇ ਪ੍ਰਵੀਨ ਰਾਊਤ “ਅਵਨੀ ਕੰਸਟ੍ਰਕਸਨਜ਼ ਵਿਚ ਭਾਈਵਾਲ ਹਨ ਅਤੇ ਵਰਸ਼ਾ ਨੂੰ ਕੰਪਨੀ ਨੇ ਸਿਰਫ਼ 5,625 ਰੁਪਏ ਦੇ ਨਿਵੇਸ਼ ਨਾਲ 12 ਲੱਖ ਰੁਪਏ ਪ੍ਰਾਪਤ ਕੀਤੇ। (ਏਜੰਸੀ)
ਸੰਜੇ ਰਾਊਤ (59) ਰਾਜ ਸਭਾ ਦੇ ਮੈਂਬਰ ਅਤੇ ਮਹਾਰਾਸ਼ਟਰ ਵਿਚ ਸੱਤਾਧਾਰੀ ਸ਼ਿਵ ਸੈਨਾ ਦੇ ਬੁਲਾਰੇ ਹਨ। (ਪੀਟੀਆਈ)