
ਮੂਲ ਨਾਨਕ ਸ਼ਾਹੀ ਕੈਲੰਡਰ ਨੂੰ ਲੈ ਕੇ ਸਿੱਖ ਸੰਸਥਾਵਾਂ ਆਹਮੋ-ਸਾਹਮਣੇ
ਸ਼ਰਾਰਤੀ ਅਨਸਰਾਂ ਨੇ 5 ਜਨਵਰੀ ਦੇ ਸਮਾਗਮ ਦਾ ਐਲਾਨ ਸਾਨੂੰ ਦਸੇ ਬਿਨਾਂ ਹੀ ਕਰ ਦਿਤਾ : ਫ਼ਤਿਹ ਸਿੰਘ
ਜੰਮੂ, 6 ਜਨਵਰੀ (ਸਰਬਜੀਤ ਸਿੰਘ): ਜੰਮੂ ਵਿਖੇ ਸ਼੍ਰੀ ਗੁਰੂ ਗੋਬਿੰਦ ਸਿੰਘ ਜੀ ਦੇ ਜਨਮ ਦਿਹਾੜੇ ਨੂੰ ਲੈ ਕੇ ਸਿੱਖ ਸੰਸਥਾਵਾਂ ਹੁਣ ਖੁੱਲ੍ਹ ਕੇ ਇਕ ਦੂਜੇ ਉਪਰ ਦੋਸ਼ ਲਾਉਂਦੀਆਂ ਨਜ਼ਰ ਆ ਰਹੀਆਂ ਹਨ। ਇਸੇ ਸਿਲਸਲੇ ਵਿਚ ਅੱਜ ਜ਼ਿਲ੍ਹਾ ਗੁਰਦਵਾਰਾ ਪ੍ਰਬੰਧਕ ਕਮੇਟੀ ਜਿਸ ਦਾ ਕਾਰਜਕਾਲ ਖ਼ਤਮ ਹੋ ਚੁਕਿਆ ਹੈ ਅਤੇ ਮਾਮਲਾ ਅਦਾਲਤ ਦੇ ਅਧੀਨ ਹੈ, ਦੇ ਜਰਨਲ ਸਕੱਤਰ ਫ਼ਤਿਹ ਸਿੰਘ ਨੇ ਪੱਤਰਕਾਰ ਸੰਮੇਲਨ ਨੂੰ ਸੰਬੋਧਨ ਕਰਦੇ ਹੋਏ ਅਪਣੀ ਵਿਰੋਧੀ ਧਿਰ ’ਤੇ ਸਿੱਧਾ ਹਮਲਾ ਕਰਦੇ ਹੋਏ ਕਿਹਾ ਕਿ ਪਿਛਲੇ ਕੁੱਝ ਦਿਨਾਂ ਤੋਂ ਸ਼੍ਰੀ ਗੁਰੂ ਗੋਬਿੰਦ ਸਿੰਘ ਦੇ ਜਨਮ ਦਿਵਸ ਨੂੰ ਲੈ ਕੇ ਮਤਭੇਦ ਚਲੇ ਆ ਰਹੇ ਸਨ। ਜਿਸ ਵਿਚ ਕੁੱਝ ਨੌਜਵਾਨ ਮੂਲ ਨਾਨਕਸ਼ਾਹੀ ਕੈਲੰਡਰ ਦੇ ਅਨੁਸਾਰ 5 ਤਰੀਕ ਨੂੰ ਗੁਰਪੁਰਬ ਮਨਾਉਣਾ ਚਾਹੁੰਦੇ ਸਨ ਪਰ ਜ਼ਿਲ੍ਹਾ ਗੁਰਦਵਾਰਾ ਪ੍ਰਬੰਧਕ ਕਮੇਟੀ ਨੇ ਸ਼੍ਰੀ ਅਕਾਲ ਤਖ਼ਤ ਦੇ ਹੁਕਮ ਅਨੁਸਾਰ ਗੁਰਪੁਰਬ ਗੁਰਦਵਾਰਾ ਯਾਦਗਾਰੀ ਨਾਨਕ ਦੇਵ ਜੀ ਵਿਖੇ 20 ਜਨਵਰੀ ਨੂੰ ਮਨਾਉਣ ਦਾ ਫ਼ੈਸਲਾ ਲਿਆ ਅਤੇ ਇਸ ਸਬੰਧੀ ਡੀ.ਸੀ. ਜੰਮੂ ਨੂੰ ਵੀ ਚਿੱਠੀ ਲਿਖ ਦਿਤੀ ਗਈ। ਉਨ੍ਹਾਂ ਕਿਹਾ ਕਿ ਇਸ ਦੌਰਾਨ ਕੁੱਝ ਸ਼ਰਾਰਤੀ ਅਨਸਰ ਸੁਰਜੀਤ ਸਿੰਘ ਸਾਬਕਾ ਸਕੱਤਰ ਅਤੇ ਹਰਜਿੰਦਰ ਸਿੰਘ ਰੈਨਾ ਸਾਬਕਾ ਸਕੱਤਰ ਨੇ 5 ਜਨਵਰੀ ਨੂੰ ਗੁਰਦਵਾਰਾ ਯਾਦਗਾਰੀ ਨਾਨਕ ਦੇਵ ਜੀ ਵਿਖੇ ਸਮਾਗਮ ਕਰਵਾਏ ਜਾਣ ਦਾ ਐਲਾਨ ਸਾਨੂੰ ਦੱਸੇ ਬਿਨਾਂ ਹੀ ਕਰ ਦਿਤਾ ਜਿਸ ਦੀ ਆਗਿਆ ਉਨ੍ਹਾਂ ਨੂੰ ਡੀਸੀ ਜੰਮੂ ਨੇ ਵੀ ਨਹੀਂ ਦਿਤੀ ਅਤੇ ਧਾਰਾ 144 ਲਗਾ ਦਿਤੀ ਗਈ ਸੀ। ਉਨ੍ਹਾਂ ਕਿਹਾ ਕਿ ਅਜਿਹੇ ਲੋਕਾਂ ਨਾਲ ਸਾਡਾ ਕੋਈ ਲੈਣ ਦੇਣ ਨਹÄ। ਉਨ੍ਹਾਂ ਕਿਹਾ ਆਉਣ ਵਾਲੇ ਦਿਨਾਂ ਵਿਚ ਗੁਰਦਵਾਰਾ ਕਮੇਟੀ ਦੀਆਂ ਚੋਣਾਂ ਆ ਰਹੀਆਂ ਹਨ ਅਤੇ ਇਹ ਲੋਕ ਸੰਗਤਾਂ ਨੂੰ ਗੁੰਮਰਾਹ ਕਰ ਰਹੇ ਹਨ। ਉਨ੍ਹਾਂ ਹਰਜਿੰਦਰ ਸਿੰਘ ਰੈਨਾ ’ਤੇ ਦੋਸ਼ ਲਗਾਉਂਦੇ ਹੋਏ ਕਿਹਾ ਕਿ ਰੈਨਾ ਨੇ ਅਪਣੇ ਕਾਰਜ ਕਾਲ ਦੌਰਾਨ 20 ਲੱਖ ਰੁਪਏ ਦੀ ਐਫ਼.ਡੀ.ਆਰ. ਕਰਵਾਈ ਸੀ, ਜਿਸ ਨੂੰ ਹਾਲੇ ਤੱਕ ਮੋੜਿਆ ਨਹੀਂ ਗਿਆ। ਉਨ੍ਹਾਂ ਕਿਹਾ ਕਿ ਵਿਰੋਧੀਆਂ ਨੇ ਚੋਰਾਂ ਦੀ ਤਰ੍ਹਾਂ ਸਾਹਿਬ-ਏ-ਕਮਾਲ ਸ਼੍ਰੀ ਗੁਰੂ ਗੋਬਿੰਦ ਸਿੰਘ ਜੀ ਦਾ ਗੁਰਪੁਰਬ ਮਨਾਇਆ ਅਤੇ ਨਾ ਹੀ ਕਿਸੇ ਰਹਿਤ ਮਰਿਆਦਾ ਦੀ ਪਾਲਣਾ ਕੀਤੀ। ਇਸ ਮੌਕੇ ’ਤੇ ਕਮੇਟੀ ਮੈਂਬਰ ਅਵਤਾਰ ਸਿੰਘ ਖਾਲਸਾ, ਮਹਿੰਦਰ ਸਿੰਘ ਰਿਹਾੜੀ ਅਤੇ ਰਮਨੀਕ ਸਿੰਘ ਸ਼ਾਮਲ ਹੋਏ।