
ਏ.ਡੀ.ਜੀ.ਪੀ. ਨੇ ਪੰਜਾਬ ਸਰਕਾਰ ਨੂੰ ਪ੍ਰਧਾਨ ਮੰਤਰੀ ਦੀ ਰੈਲੀ ਤੋਂ ਪਹਿਲਾਂ ਲਿਖੀਆਂ ਸੀ ਤਿੰਨ ਚਿੱਠੀਆਂ
ਚੰਡੀਗੜ੍ਹ, 6 ਜਨਵਰੀ (ਸਸਸ): ਪੰਜਾਬ ਵਿਚ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਦੀ ਸੁਰੱਖਿਆ ’ਚ ਕੁਤਾਹੀ ਦੇ ਮਾਮਲੇ ਵਿਚ ਵੱਡਾ ਪ੍ਰਗਟਾਵਾ ਹੋਇਆ ਹੈ। ਦਸਿਆ ਜਾ ਰਿਹਾ ਹੈ ਕਿ ਮੋਦੀ ਦੇ ਦੌਰੇ ਨੂੰ ਲੈ ਕੇ ਏਡੀਜੀਪੀ ਲਾਅ ਐਂਡ ਆਰਡਰ ਵਲੋਂ ਅਲਰਟ ਜਾਰੀ ਕੀਤਾ ਗਿਆ ਸੀ। ਇਸ ਵਿਚ ਕਿਸਾਨਾਂ ਦੇ ਇਕੱਠ ਦਾ ਵੀ ਜ਼ਿਕਰ ਸੀ। ਏਡੀਜੀਪੀ ਲਾਅ ਐਂਡ ਆਰਡਰ ਨੇ ਕਿਸਾਨਾਂ ਦੇ ਪ੍ਰਦਰਸ਼ਨ, ਰੋਡ ਜਾਮ ਸਬੰਧੀ ਆਵਾਜਾਈ ਦੇ ਬਦਲਵੇਂ ਪ੍ਰਬੰਧ ਕਰਨ ਲਈ ਕਿਹਾ ਸੀ। ਏਡੀਜੀਪੀ ਵਲੋਂ ਪ੍ਰਧਾਨ ਮੰਤਰੀ ਦੀ ਰੈਲੀ ਤੋਂ ਪਹਿਲਾਂ ਪੰਜਾਬ ਸਰਕਾਰ ਨੂੰ ਤਿੰਨ ਵਾਰ ਚਿੱਠੀ ਵੀ ਲਿਖੀ ਗਈ ਸੀ।
ਏ.ਡੀ.ਜੀ.ਪੀ ਵਲੋਂ ਪੁਲਿਸ ਵਿਭਾਗ ਨੂੰ ਲੋੜ ਅਨੁਸਾਰ ਆਵਾਜਾਈ ਦੇ ਪ੍ਰਬੰਧ ਕਰਨ ਲਈ ਕਿਹਾ ਗਿਆ। ਇਸ ਤੋਂ ਇਲਾਵਾ ਐਸਐਸਪੀ ਨੂੰ ਖ਼ੁਦ ਜਾਂਚ ਕਰਨ ਲਈ ਲਿਖਤੀ ਹਦਾਇਤਾਂ ਦਿਤੀਆਂ ਗਈਆਂ। ਇਸ ਨਾਲ ਹੀ ਭਾਰੀ ਪੁਲਿਸ ਬਲ ਤੈਨਾਤ ਕਰਨ ਲਈ ਕਿਹਾ ਗਿਆ, ਤਾਂ ਜੋ ਜੇਕਰ ਪ੍ਰਦਰਸ਼ਨਕਾਰੀ ਸੜਕ ਜਾਮ ਕਰਦੇ ਹਨ ਤਾਂ ਇਸ ਨੂੰ ਖੁਲ੍ਹਵਾਇਆ ਜਾ ਸਕੇ। ਇਸ ਸੱਭ ਦੇ ਬਾਵਜੂਦ ਪ੍ਰਧਾਨ ਮੰਤਰੀ ਦੀ ਸੁਰੱਖਿਆ ’ਚ ਕੁਤਾਹੀ ਦਾ ਮਾਮਲਾ ਸਾਹਮਣੇ ਆਇਆ ਹੈ। ਏਡੀਜੀਪੀ ਲਾਅ ਐਂਡ ਆਰਡਰ ਵਲੋਂ ਜਾਰੀ ਹੁਕਮਾਂ ਵਿਚ ਕਿਹਾ ਗਿਆ ਹੈ ਕਿ 5 ਜਨਵਰੀ ਨੂੰ ਫ਼ਿਰੋਜ਼ਪੁਰ ਵਿਚ ਪ੍ਰਧਾਨ ਮੰਤਰੀ ਮੋਦੀ ਦੀ ਰੈਲੀ ਹੋਣੀ ਹੈ। ਅਜਿਹੀ ਸਥਿਤੀ ਵਿਚ ਫ਼ਿਰੋਜ਼ਪੁਰ ਵਿਚ ਜਨਤਕ ਆਵਾਜਾਈ ਅਤੇ ਵੱਡੀ ਗਿਣਤੀ ਵਿਚ ਵੀ.ਵੀ.ਆਈ.ਪੀ. ਅਜਿਹੀ ਸਥਿਤੀ ਵਿਚ ਸੁਰੱਖਿਆ ਦੇ ਸਾਰੇ ਪ੍ਰਬੰਧ ਕੀਤੇ ਜਾਣੇ ਚਾਹੀਦੇ ਹਨ। ਸੁਰੱਖਿਆ, ਆਵਾਜਾਈ ਅਤੇ ਰੂਟ ਦੀ ਵਿਵਸਥਾ ਕੀਤੀ ਜਾਵੇ। ਨਾਲ ਹੀ, ਸਾਰੇ ਮਹੱਤਵਪੂਰਨ ਸਥਾਨਾਂ ’ਤੇ ਫ਼ੋਰਸ ਤਾਇਨਾਤ ਕੀਤੀ ਜਾਣੀ ਚਾਹੀਦੀ ਹੈ। ਇਸ ਤੋਂ ਇਲਾਵਾ ਕਿਸਾਨਾਂ ਦੇ ਪ੍ਰਦਰਸ਼ਨ ’ਤੇ ਵੀ ਨਜ਼ਰ ਰੱਖੀ ਜਾਵੇ। ਉਨ੍ਹਾਂ ਨੂੰ ਫ਼ਿਰੋਜ਼ਪੁਰ ਜ਼ਿਲ੍ਹੇ ਵਿਚ ਦਾਖ਼ਲ ਨਾ ਹੋਣ ਦਿਤਾ ਜਾਵੇ, ਤਾਂ ਜੋ ਉਹ ਰੈਲੀ ਵਿਚ ਵਿਘਨ ਨਾ ਪਾਉਣ। ਕਿਸੇ ਵੀ ਤਰ੍ਹਾਂ ਦੇ ਚੱਕਾ ਜਾਮ ਹੋਣ ਜਾਂ ਸੜਕ ਜਾਮ ਹੋਣ ਦੀ ਸੂਰਤ ਵਿਚ ਟਰੈਫ਼ਿਕ ਦੇ ਜ਼ਰੂਰੀ ਪ੍ਰਬੰਧ ਅਗਾਊਂ ਹੀ ਕਰ ਲਏ ਜਾਣ।