
ਸੌਦਾ ਸਾਧ ਨੂੰ ਮਿਲੀ ਵੱਡੀ ਰਾਹਤ, ਹਾਈ ਕੋਰਟ ਨੇ 21 ਅਪ੍ਰੈਲ ਤਕ ਪ੍ਰੋਡਕਸ਼ਨ ਵਾਰੰਟ ’ਤੇ ਲਾਈ ਰੋਕ
ਚੰਡੀਗੜ੍ਹ, 6 ਜਨਵਰੀ (ਸਸਸ) : ਪੰਜਾਬ-ਹਰਿਆਣਾ ਹਾਈਕੋਰਟ ਨੇ ਡੇਰਾ ਮੁਖੀ ਵਿਰੁਧ ਜਾਰੀ ਪ੍ਰੋਡਕਸ਼ਨ ਵਾਰੰਟ ਦੇ ਮਾਮਲੇ ਵਿਚ ਵੀਰਵਾਰ ਨੂੰ ਸੌਦਾ ਸਾਧ ਗੁਰਮੀਤ ਰਾਮ ਰਹੀਮ ਸਿੰਘ ਵੱਡੀ ਰਾਹਤ ਦਿੰਦੇ ਹੋਏ ਪ੍ਰੋਡਕਸ਼ਨ ਵਾਰੰਟ ’ਤੇ 21 ਅਪ੍ਰੈਲ ਤਕ ਰੋਕ ਲਗਾ ਦਿਤੀ ਹੈ। ਹਾਲਾਂਕਿ ਮਾਮਲੇ ਵਿਚ ਪੰਜਾਬ ਸਰਕਾਰ ਵਲੋਂ ਹੀ ਜਵਾਬ ਦਾਖ਼ਲ ਕਰਨ ਲਈ ਸਮੇਂ ਦੀ ਮੰਗ ਕੀਤੀ ਗਈ ਸੀ, ਜਿਸ ’ਤੇ ਕੋਰਟ ਨੇ ਸੁਣਵਾਈ ਹੁਣ 3 ਮਹੀਨੇ ਅੱਗੇ ਪਾ ਦਿਤਾ ਹੈ।
ਵੀਰਵਾਰ ਦੀ ਸੁਣਾਈ ਸ਼ੁਰੂ ਹੋਈ ਤਾਂ ਪੰਜਾਬ ਦੇ ਐਡਵੋਕੇਟ ਜਨਰਲ ਨੇ ਹੀ ਜਵਾਬ ਦੇਣ ਲਈ ਕੁਝ ਸਮਾਂ ਦੇਣ ਦੀ ਮੰਗ ਕੀਤੀ, ਇਸ ’ਤੇ ਸੌਦਾ ਸਾਧ ਵਲੋਂ ਪੇਸ਼ ਸੀਨੀਅਰ ਐਡਵੋਕੇਟ ਨੇ ਕਿਹਾ ਕਿ ਇਸ ਤੋਂ ਸਾਫ ਹੈ ਕਿ ਸਰਕਾਰ ਨੇ ਇਸ ਮਾਮਲੇ ਵਿਚ ਕੋਈ ਜਲਦੀ ਨਹੀਂ ਹੈ।
ਸੁਣਵਾਈ ਦੌਰਾਨ ਹਾਈਕੋਰਟ ਨੇ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਦੀ ਪੰਜਾਬ ਫੇਰੀ ’ਚ ਸੁਰੱਖਿਆ ਇੰਤਜ਼ਾਮਾਂ ’ਚ ਕਮੀ ਨੂੰ ਵੀ ਧਿਆਨ ਵਿਚ ਰਖਿਆ। ਹਾਈਕੋਰਟ ਨੇ ਪੰਜਾਬ ਸਰਕਾਰ ਦੇ ਵਕੀਲ ਨੂੰ ਪੁਛਿਆ ਕਿ ਕੀ ਡੇਰਾ ਮੁਖੀ ਨੂੰ ਪੰਜਾਬ ਲਿਆਉਣ ਲਈ ਸੁਰੱਖਿਆ ਦੇ ਪੂਰੇ ਇੰਤਜ਼ਾਮ ਕੀਤੇ ਗਏ ਹਨ। ਹਾਈਕੋਰਟ ਨੇ ਕਿਹਾ ਕਿ ਕਿਹਾ ਕਿ ਕੱਲ੍ਹ ਜੋ ਹੋਇਆ, ਉਹ ਹਲਾਤ ਤਾਂ ਸੰਭਾਲੇ ਨਹੀਂ ਗਏ, ਹੁਣ ਜੇ ਡੇਰਾ ਮੁਖੀ ਨੂੰ ਇੱਥੇ ਲਿਆਇਆ ਗਿਆ ਤਾਂ ਸਰਕਾਰ ਕਿਵੇਂ ਹਾਲਾਤ ਨੂੰ ਸੰਭਾਲੇਗੀ?
ਹਾਈਕੋਰਟ ਨੇ ਦੋਹਾਂ ਧਿਰਾਂ ਨੂੰ ਕੋਰੀਆ ਦੇ ਕੇ ਡੇਰਾ ਮੁਖੀ ਵਿਰੁਧ ਜਾਰੀ ਪ੍ਰੋਡਕਸ਼ਨ ਵਾਰੰਟ ’ਤੇ 21 ਅਪ੍ਰੈਲ ਤਕ ਰੋਕ ਲਗਾਉਣ ਦੇ ਹੁਕਮ ਦਿਤੇ। ਹਾਈਕੋਰਟ ਨੇ ਕਿਹਾ ਕਿ ਸਰਕਾਰ ਜੇਕਰ ਇਸ ਮਾਮਲੇ ’ਚ ਜੋ ਵੀ ਪੁੱਛਗਿਛ ਕਰਨਾ ਚਾਹੁੰਦੀ ਹੈ ਤਾਂ ਉਸ ਨੂੰ ਸੁਨਾਰੀਆ ਜੇਲ ’ਚ ਹੀ ਜਾ ਕੇ ਪੁੱਛਗਿਛ ਕਰ ਸਕਦੀ ਹੈ।