
ਚਾਲਕ ਸ਼ਰਾਬ ਪੀ ਕੇ ਚਲਾ ਰਿਹਾ ਸੀ ਕਾਰ, ਹਾਦਸੇ 'ਚ ਹੋਈ ਚਕਨਾਚੂਰ
ਸ੍ਰੀ ਮੁਕਤਸਰ ਸਾਹਿਬ - ਇੱਥੇ ਸ਼ੁੱਕਰਵਾਰ ਰਾਤ ਇੱਕ ਤੇਜ਼ ਰਫ਼ਤਾਰ ਕਾਰ ਦੀ ਲਪੇਟ ਵਿੱਚ ਆਉਣ ਕਾਰਨ ਤਿੰਨ ਨੇਪਾਲੀ ਵਿਅਕਤੀਆਂ ਦੀ ਮੌਤ ਹੋ ਗਈ ਅਤੇ ਦੋ ਹੋਰ ਜ਼ਖ਼ਮੀ ਹੋ ਗਏ।
ਰੋਹਿਤ ਅਚਾਰੀਆ (23) ਦਿਲਨ (19) ਅਤੇ ਸੰਤੋਸ਼ (22) ਦੀ ਮੌਕੇ 'ਤੇ ਹੀ ਮੌਤ ਹੋ ਗਈ, ਉਨ੍ਹਾਂ ਦੇ ਸਾਥੀ ਰੋਹਿਤ ਥਾਪਾ (19) ਅਤੇ ਸਮੀਰ (17) ਦੀ ਹਾਲਤ ਗੰਭੀਰ ਬਣੀ ਹੋਈ ਹੈ। ਪੰਜੇ ਜ਼ਖਮੀ ਵੇਟਰ ਦਾ ਕੰਮ ਕਰਦੇ ਸਨ, ਅਤੇ ਜਿਸ ਵੇਲੇ ਇਹ ਹਾਦਸਾ ਵਾਪਰਿਆ, ਉਹ ਬਠਿੰਡਾ-ਮੁਕਤਸਰ ਹਾਈਵੇਅ 'ਤੇ ਅਰਜਨ ਕਾਸਲ ਮੈਰਿਜ ਪੈਲੇਸ ਵੱਲ ਪੈਦਲ ਜਾ ਰਹੇ ਸਨ।
ਪੁਲਿਸ ਦਾ ਕਹਿਣਾ ਹੈ ਕਿ ਉਸ ਰਾਤ ਇਲਾਕੇ 'ਚ ਧੁੰਦ ਨਹੀਂ ਸੀ, ਅਤੇ ਦੁਰਘਟਨਾ ਦਾ ਕਾਰਨ ਅਣਗਹਿਲੀ ਨਾਲ ਅਤੇ ਸ਼ਰਾਬ ਪੀ ਕੇ ਗੱਡੀ ਚਲਾਉਣਾ ਹੈ। ਕਾਰ ਸਵਾਰਾਂ ਦੀ ਪਛਾਣ ਮਹਿਤ ਦੀਪ ਸਿੰਘ ਅਤੇ ਬਲਕਰਨ ਸਿੰਘ ਵਾਸੀ ਮੁਕਤਸਰ ਵਜੋਂ ਹੋਈ ਹੈ।
ਜਾਂਚ ਅਧਿਕਾਰੀ ਰਾਜਵੀਰ ਸਿੰਘ ਨੇ ਦੱਸਿਆ, ''ਹਾਲੇ ਤੱਕ ਇਹ ਸਪੱਸ਼ਟ ਨਹੀਂ ਹੋ ਸਕਿਆ ਹੈ ਕਿ ਜਦੋਂ ਹਾਦਸਾ ਵਾਪਰਿਆ, ਉਸ ਵੇਲੇ ਕਾਰ ਚਲਾ ਕੌਣ ਰਿਹਾ ਸੀ। ਤਿੰਨ ਪੀੜਤਾਂ ਦੀ ਮੌਕੇ 'ਤੇ ਹੀ ਮੌਤ ਹੋ ਗਈ। ਨੇਪਾਲੀ ਨੌਜਵਾਨਾਂ ਦੇ ਸਮੂਹ ਨੂੰ ਟੱਕਰ ਮਾਰਨ ਤੋਂ ਬਾਅਦ, ਡਰਾਈਵਰ ਵਾਹਨ ਤੋਂ ਸੰਤੁਲਨ ਗੁਆ ਬੈਠਿਆ ਅਤੇ ਕਾਰ ਬੱਸ ਸਟੈਂਡ ਨਾਲ ਜਾ ਟਕਰਾਈ। ਹਾਦਸੇ 'ਚ ਗੱਡੀ ਚਕਨਾਚੂਰ ਹੋ ਗਈ।''
ਮੁਕਤਸਰ ਸਦਰ ਥਾਣਾ ਦੇ ਸਟੇਸ਼ਨ ਹਾਊਸ ਅਫ਼ਸਰ ਜਗਸੀਰ ਸਿੰਘ ਨੇ ਦੱਸਿਆ ਕਿ ਡਰਾਈਵਰ ਨਸ਼ੇ ਦੀ ਹਾਲਤ ਵਿੱਚ ਸੀ ਅਤੇ ਤੇਜ਼ ਰਫ਼ਤਾਰ ਨਾਲ ਗੱਡੀ ਚਲਾ ਰਿਹਾ ਸੀ। “ਸਾਡੀ ਟੀਮ ਨੇ ਕਾਰ ਵਿੱਚੋਂ ਇੱਕ ਸ਼ਰਾਬ ਦੀ ਬੋਤਲ ਬਰਾਮਦ ਕੀਤੀ ਹੈ ਅਤੇ ਮਾਮਲੇ ਦੀ ਜਾਂਚ ਕੀਤੀ ਜਾ ਰਹੀ ਹੈ। ਜ਼ਖਮੀਆਂ ਦਾ ਇਲਾਜ ਮੁਕਤਸਰ ਦੇ ਸਿਵਲ ਹਸਪਤਾਲ 'ਚ ਚੱਲ ਰਿਹਾ ਹੈ'' ਉਨ੍ਹਾਂ ਕਿਹਾ।