
21.1 ਕਰੋੜ ਰੁਪਏ ਗ੍ਰਾਟ ਰਾਸ਼ੀ ਹੋਈ ਜਾਰੀ
ਮੁਹਾਲੀ– ਸਕੂਲਾਂ ਵਿਚ ਚੱਲ ਰਹੀਆਂ ਸਰਦੀ ਦੀਆਂ ਛੁੱਟੀਆਂ ਤੋਂ ਬਾਅਦ ਪ੍ਰੀ-ਪ੍ਰਾਇਮਰੀ ਕਲਾਸਾਂ ਦੇ ਵਿਦਿਆਰਥੀਆਂ ਨੂੰ ਸਕੂਲ ਵਰਦੀ ਦੇਣ ਦਾ ਐਲਾਨ ਕੀਤਾ ਗਿਆ ਹੈ। ਇਸ ਲਈ ਪੰਜਾਬ ਸਰਕਾਰ ਵੱਲੋਂ ਲੱਗਭਗ 21.1 ਕਰੋੜ ਰੁਪਏ ਦੀ ਗ੍ਰਾਂਟ ਰਾਸ਼ੀ ਦਿੱਤੀ ਗਈ ਹੈ। ਇਹ ਸਕੂਲ ਵਰਦੀ ਸੂਬੇ ਭਰ ਦੇ ਪ੍ਰਾਇਮਰੀ ਸਕੂਲਾਂ ਦੀ ਪ੍ਰੀ-ਪ੍ਰਾਇਮਰੀ ਕਲਾਸਾਂ ’ਚ ਵਧ ਰਹੇ ਐੱਲ. ਕੇ. ਜੀ. ਦੇ 171305 ਅਤੇ ਯੂ. ਕੇ. ਜੀ. ਦੇ 180419 ਕੁੱਲ 351724 ਵਿਦਿਆਰਥੀਆਂ ਨੂੰ ਮੁਹੱਈਆ ਕਰਵਾਉਣ ਲਈ ਪ੍ਰਤੀ ਵਿਦਿਆਰਥੀ 600 ਦੇ ਹਿਸਾਬ ਨਾਲ ਜਾਰੀ ਕੀਤੀ ਗਈ ਹੈ।
ਇਸ ਸਬੰਧ ’ਚ ਵਿਭਾਗ ਵੱਲੋਂ ਸਾਰੇ ਜ਼ਿਲ੍ਹਾ ਸਿੱਖਿਆ ਅਧਿਕਾਰੀਆਂ (ਐਲੀਮੈਂਟਰੀ ਸਿੱਖਿਆ) ਨੂੰ ਨਿਰਦੇਸ਼ ਦਿੱਤੇ ਗਏ ਹਨ। ਜਾਰੀ ਕੀਤੀ ਗਈ ਰਾਸ਼ੀ ਨੂੰ ਖਰਚ ਕਰਨ ਤੋਂ ਬਾਅਦ ਸਰਟੀਫਿਕੇਟ ਸਬੰਧਤ ਜ਼ਿਲ੍ਹਾ ਸਿੱਖਿਆ ਅਧਿਕਾਰੀ ਵੱਲੋਂ ਹੈੱਡ ਆਫਿਸ ਵਿਚ ਜਮ੍ਹਾਂ ਕਰਵਾਇਆ ਜਾਵੇਗਾ। ਜ਼ਿਕਰਯੋਗ ਹੈ ਕਿ ਸਰਕਾਰ ਨੇ ਪਿਛਲੇ ਸਮੇਂ ’ਚ ਇਨ੍ਹਾਂ ਸਕੂਲੀ ਵਿਦਿਆਰਥੀਆਂ ਲਈ ਖਿਡੌਣੇ ਵੀ ਭਿਜਵਾਏ ਸਨ।