
Punjab Schools Holidays :11ਵੀਂ ਅਤੇ 12ਵੀਂ ਦੀਆਂ ਜਮਾਤਾਂ ਲਗਦੀਆਂ ਰਹਿਣਗੀਆਂ
Schools Closed: ਪੰਜਾਬ ਦੇ ਸਾਰੇ ਸਰਕਾਰੀ ਅਤੇ ਪ੍ਰਾਈਵੇਟ ਸਕੂਲਾਂ ’ਚ 10ਵੀਂ ਤਕ ਦੇ ਵਿਦਿਆਰਥੀਆਂ ਲਈ 14 ਜਨਵਰੀ ਤਕ ਛੁੱਟੀਆਂ ਕਰਨ ਦਾ ਫੈਸਲਾ ਕੀਤਾ ਗਿਆ ਹੈ। ਹਾਲਾਂਕਿ 11ਵੀਂ ਅਤੇ 12ਵੀਂ ਦੀਆਂ ਜਮਾਤਾਂ ਲਗਦੀਆਂ ਰਹਿਣਗੀਆਂ। ਇਸ ਬਾਰੇ ਮੁੱਖ ਮੰਤਰੀ ਭਗਵੰਤ ਸਿੰਘ ਮਾਨ ਨੇ ਸੋਸ਼ਲ ਮੀਡੀਆ ਮੰਚ ‘ਐਕਸ’ ’ਤੇ ਐਲਾਨ ਕੀਤਾ। ਉਨ੍ਹਾਂ ਅਪਣੇ ਪੋਸਟ ’ਚ ਕਿਹਾ, ‘‘ਕੜਾਕੇ ਦੀ ਠੰਢ ਨੂੰ ਧਿਆਨ ’ਚ ਰੱਖਦੇ ਹੋਏ ਪੰਜਾਬ ਦੇ ਦਸਵੀਂ ਕਲਾਸ ਤਕ ਦੇ ਸਾਰੇ ਸਰਕਾਰੀ ਅਤੇ ਪ੍ਰਾਈਵੇਟ ਸਕੂਲਾਂ ’ਚ 8 ਜਨਵਰੀ ਤੋਂ 14 ਜਨਵਰੀ ਤਕ ਛੁੱਟੀਆਂ ਕਰਨ ਦਾ ਫੈਸਲਾ ਕੀਤਾ ਗਿਆ ਹੈ।’’
ਜ਼ਿਕਰਯੋਗ ਹੈ ਕਿ ਪੰਜਾਬ ਅਤੇ ਹਰਿਆਣਾ ’ਚ ਐਤਵਾਰ ਨੂੰ ਵੀ ਠੰਢ ਦਾ ਕਹਿਰ ਜਾਰੀ ਰਿਹਾ ਅਤੇ ਸਵੇਰੇ ਕਈ ਥਾਵਾਂ ’ਤੇ ਧੁੰਦ ਕਾਰਨ ਦ੍ਰਿਸ਼ਟਤਾ ਪ੍ਰਭਾਵਤ ਹੋਈ। ਮੌਸਮ ਵਿਭਾਗ ਮੁਤਾਬਕ ਪੰਜਾਬ ਦੇ ਅੰਮ੍ਰਿਤਸਰ ’ਚ ਘੱਟੋ-ਘੱਟ ਤਾਪਮਾਨ 5.8 ਡਿਗਰੀ ਸੈਲਸੀਅਸ ਦਰਜ ਕੀਤਾ ਗਿਆ। ਲੁਧਿਆਣਾ, ਪਟਿਆਲਾ, ਪਠਾਨਕੋਟ, ਬਠਿੰਡਾ, ਫਰੀਦਕੋਟ ਅਤੇ ਗੁਰਦਾਸਪੁਰ ’ਚ ਵੀ ਠੰਢੀਆਂ ਰਾਤਾਂ ਰਹੀਆਂ ਅਤੇ ਘੱਟੋ ਘੱਟ ਤਾਪਮਾਨ ਲੜੀਵਾਰ 6.5 ਡਿਗਰੀ ਸੈਲਸੀਅਸ, 7 ਡਿਗਰੀ ਸੈਲਸੀਅਸ, 6.2 ਡਿਗਰੀ ਸੈਲਸੀਅਸ, 7 ਡਿਗਰੀ ਸੈਲਸੀਅਸ ਅਤੇ 6 ਡਿਗਰੀ ਸੈਲਸੀਅਸ ਦਰਜ ਕੀਤਾ ਗਿਆ।
ਪੰਜਾਬ ਅਤੇ ਹਰਿਆਣਾ ਦੀ ਸਾਂਝੀ ਰਾਜਧਾਨੀ ਚੰਡੀਗੜ੍ਹ ’ਚ ਸਵੇਰੇ ਧੁੰਦ ਰਹੀ ਅਤੇ ਘੱਟੋ-ਘੱਟ ਤਾਪਮਾਨ 7.6 ਡਿਗਰੀ ਸੈਲਸੀਅਸ ਦਰਜ ਕੀਤਾ ਗਿਆ। ਹਰਿਆਣਾ ਦਾ ਭਿਵਾਨੀ ਰਾਜ ਦਾ ਸੱਭ ਤੋਂ ਠੰਢਾ ਸਥਾਨ ਰਿਹਾ ਜਿੱਥੇ ਘੱਟੋ ਘੱਟ ਤਾਪਮਾਨ 6.7 ਡਿਗਰੀ ਸੈਲਸੀਅਸ ਦਰਜ ਕੀਤਾ ਗਿਆ। ਅੰਬਾਲਾ ’ਚ ਤਾਪਮਾਨ 7.5 ਡਿਗਰੀ ਸੈਲਸੀਅਸ, ਨਾਰਨੌਲ ’ਚ 7.9 ਡਿਗਰੀ ਸੈਲਸੀਅਸ, ਹਿਸਾਰ ’ਚ 8.1 ਡਿਗਰੀ ਸੈਲਸੀਅਸ ਅਤੇ ਕਰਨਾਲ ’ਚ 8.4 ਡਿਗਰੀ ਸੈਲਸੀਅਸ ਦਰਜ ਕੀਤਾ ਗਿਆ।
(For more Punjabi news apart from Schools Closed News in punjabi, stay tuned to Rozana Spokesman)