
ਬੱਚਿਆਂ ਦੇ ਭਵਿੱਖ ਲਈ ਲੋਨ ’ਤੇ ਆਟੋ ਲੈ ਕੇ ਸ਼ੁਰੂ ਕੀਤਾ ਕੰਮ
ਅਸੀਂ ਜਾਣਦੇ ਹਾਂ ਕਿ ਸਾਡੇ ਦੇਸ਼ ’ਚ ਬੇਰੁਜ਼ਗਾਰੀ ਹੋਣ ਕਰ ਕੇ ਨੌਜਵਾਨ ਨਸ਼ਿਆਂ ਵਲ ਤੁਰ ਪਏ ਹਨ, ਚੋਰੀਆਂ, ਡਕੈਤੀਆਂ, ਲੁੱਟਾਂ ਖੋਹਾਂ ਆਦਿ ਕਰਦੇ ਹਨ। ਕਈ ਪਰਿਵਾਰਾਂ ਨੂੰ ਤਾਂ ਗਰੀਬੀ ਹੋਣ ਕਾਰਨ ਦੋ ਵਕਤ ਦੀ ਰੋਟੀ ਵੀ ਨਹੀਂ ਮਿਲਦੀ। ਪੰਜਾਬ ਦੇ ਜ਼ਿਆਦਾ ਤਰ ਨੌਜਵਾਨ ਤਾਂ ਵਿਦੇਸ਼ਾਂ ਵਲ ਨੂੰ ਭੱਜ ਰਹੇ ਹਨ, ਜੋ ਵਿਦੇਸ਼ਾਂ ਵਿਚ ਜਾ ਕੇ ਦਿਹਾੜੀਆਂ ਕਰਦੇ ਹਨ ਪਰ ਆਪਣੇ ਦੇਸ਼ ਵਿਚ ਮਹਿਨਤ ਕਰ ਕੇ ਆਪਣਾ ਕਿੱਤਾ ਸ਼ੁਰੂ ਨਹੀਂ ਕਰਦੇ।
ਅਜਿਹੇ ਨੌਜਵਾਨਾਂ ਲਈ ਮਿਸਾਲ ਬਣੀ ਜ਼ਿਲ੍ਹਾ ਪਠਾਨਕੋਟ ਦੀ ਨੌਜਵਾਨ ਲੜਕੀ ਭਵਨਾ ਜੋ ਆਟੋ ਚਲਾ ਕੇ ਆਪਣੇ ਪਰਿਵਾਰ ਦਾ ਗੁਜਾਰਾ ਕਰਦੀ ਹੈ ਤੇ ਆਪਣੇ ਬੱਚੇ ਪਾਲਦੀ ਹੈ। ਰੋਜ਼ਾਨਾ ਸਪੋਕਸਮੈਨ ਦੀ ਟੀਮ ਅੱਜ ਜ਼ਿਲ੍ਹਾ ਪਠਾਨਕੋਟ ’ਚ ਨੌਜਵਾਨ ਲੜਕੀ ਨੂੰ ਮਿਲਣ ਪਹੁੰਚੀ ਜਿਸ ਦਾ ਨਾਮ ਭਾਵਨਾ ਹੈ। ਭਾਵਨਾ ਨੇ ਦਸਿਆ ਕਿ ਚਾਰ ਸਾਲ ਪਹਿਲਾਂ ਉਸ ਦੇ ਪਤੀ ਦੀ ਮੌਤ ਹੋ ਚੁੱਕੀ ਹੈ।
ਉਸ ਨੇ ਦਸਿਆ ਕਿ ਉਸ ਵਕਤ ਮੇਰੀ ਬੇਟੀ ਢਾਈ ਕੁ ਸਾਲ ਦੀ ਸੀ, ਜਿਸ ਦੀ ਉਮਰ ਹੁਣ ਸੱਤ ਸਾਲ ਹੈ। ਉਸ ਨੇ ਦਸਿਆ ਕਿ ਮੈਨੂੰ ਸਰਕਾਰ ਵਲੋਂ 1500 ਰੁਪਏ ਵਿਧਵਾ ਪੈਨਸ਼ਨ ਮਿਲਦੀ ਹੈ, ਜਿਸ ਨਾਲ ਮੇਰੇ ਪਰਿਵਾਰ ਦਾ ਗੁਜਾਰਾ ਨਹੀਂ ਚੱਲਦਾ ਸੀ।
ਭਾਵਨਾ ਨੇ ਕਿਹਾ ਕਿ ਮੇਰੀ ਬੇਟੀ ਦੀ ਸਕੂਲ ਫ਼ੀਸ ਤੇ ਘਰ ਦੇ ਹੋਰ ਖ਼ਰਚੇ ਪੂਰੇ ਨਾ ਹੋਣ ਕਰ ਕੇ ਮੈਂ ਸੋਚਿਆ ਕਿ ਮੈਂ ਕੋਈ ਹੋਰ ਕੰਮ ਕਰਾਂ। ਉਸ ਨੇ ਕਿਹਾ ਕਿ ਮੈਂ ਸੋਚਿਆ ਕਿ ਜੇ ਬਾਹਰ ਕਿਤੇ ਕੰਮ ਕਰਾਂਗੀ ਤਾਂ ਪਿੱਛੇ ਬਚਿਆਂ ਦੀ ਦੇਖਭਾਲ ਕੋਣ ਕਰੇਗਾ, ਕੋਈ ਐਮਰਜੈਂਸੀ ਹੋਣ ’ਤੇ ਉਨ੍ਹਾਂ ਨੂੰ ਕੋਣ ਦੇਖੇਗਾ।
ਜਿਸ ਕਰ ਕੇ ਮੈਂ ਆਟੋ ਚਲਾਉਣ ਦੇ ਕੰਮ ਨੂੰ ਪਹਿਲ ਦਿਤੀ ਜਿਸ ਦੌਰਾਨ ਮੈਂ ਆਪਣੇ ਪਰਿਵਾਰ ਦੀ ਦੇਖਭਾਲ ਵੀ ਕਰ ਸਕਦੀ ਹਾਂ। ਭਾਵਨਾ ਨੇ ਕਿਹਾ ਕਿ ਮੇਰੇ ਪਤੀ ਟੈਕਸੀ ਡਰਾਈਵਰ ਸੀ। ਉਸ ਨੇ ਕਿਹਾ ਕਿ ਮੇਰੇ ਪਤੀ ਨੇ ਮੈਨੂੰ ਗੱਡੀ ਸਿਖਾਈ ਹੋਈ ਸੀ, ਜਿਸ ਕਰ ਕੇ ਮੈਨੂੰ ਆਟੋ ਚਲਾਉਣ ’ਚ ਕੋਈ ਦਿੱਕਤ ਨਹੀਂ ਆਈ। ਉਸ ਨੇ ਕਿਹਾ ਕਿ ਮੇਰੇ ਪਤੀ ਦੇ ਜਾਣ ਤੋਂ ਬਾਅਦ ਮੈਨੂੰ ਲਗਿਆ ਜਿਵੇਂ ਮੇਰੇ ਸਿਰ ’ਤੇ ਘਰ ਦੀ ਛੱਤ ਹੀ ਨਹੀਂ ਰਹੀ।
ਉਸ ਨੇ ਕਿਹਾ ਕਿ ਪਤੀ ਦੀ ਮੌਤ ਤੋਂ ਬਾਅਦ ਮੈਂ ਡਿਫ਼ਰੈਸ਼ਨ ਵਿਚ ਚਲੀ ਗਈ ਸੀ ਪਰ ਮੈਂ ਸੋਚਿਆ ਕਿ ਜੇ ਮੈਨੂੰ ਵੀ ਕੁੱਝ ਹੋ ਗਿਆ ਤਾਂ ਮੇਰੇ ਬੱਚਿਆਂ ਨੂੰ ਕੋਣ ਸੰਭਾਲੇਗਾ। ਭਾਵਨਾ ਨੇ ਦਸਿਆ ਕਿ ਮੈਂ ਲੋਨ ’ਤੇ ਆਟੋ ਲਿਆ ਹੈ ਜਿਸ ਦੀ ਮੈਂ 9 ਹਜ਼ਾਰ ਰੁਪਏ ਮਹੀਨਾ ਕਿਸਤ ਭਰਦੀ ਹਾਂ। ਉਸ ਨੇ ਕਿਹਾ ਕਿ ਆਟੋ ਦੀ ਕਿਸਤ ਭਰ ਕੇ ਜੋ ਬਚਦਾ ਹੈ ਉਸ ਨਾਲ ਹੀ ਘਰ ਦਾ ਗੁਜਾਰਾ ਕਰਦੀ ਹਾਂ।
ਉਸ ਨੇ ਕਿਹਾ ਕਿ ਹਾਲੇ ਤਾਂ ਥੋੜਾ ਔਖਾ ਹੁੰਦਾ ਹੈ ਪਰ ਜੇ ਵਾਹਿਗੁਰੂ ਜੀ ਦੀ ਮੇਹਰ ਰਹੀ ਤਾਂ ਆਉਣ ਵਾਲੇ ਸਮੇਂ ’ਚ ਸਭ ਕੁੱਝ ਠੀਕ ਹੋ ਜਾਵੇਗਾ। ਭਾਵਨਾ ਨੇ ਕਿਹਾ ਕਿ ਜੋ ਨੌਜਵਾਨ ਨਸ਼ੇ ਕਰਦੇ ਹਨ ਜਾਂ ਲੜਕੀਆਂ ਗਲਤ ਕੰਮ ਕਰਦੀਆਂ ਹਨ, ਉਹ ਅਜਿਹੇ ਕੰਮ ਨਾ ਕਰਿਆ ਕਰਨ ਜਿਸ ਨਾਲ ਉਨ੍ਹਾਂ ਦੇ ਪਰਿਵਾਰ ਨੂੰ ਮੁਸ਼ਕਲਾਂ ਦਾ ਸਾਹਮਣਾ ਕਰਨਾ ਪਵੇ। ਉਸ ਨੇ ਕਿਹਾ ਕਿ ਜਿਹੜੇ ਨੌਜਵਾਨ ਨਸ਼ੇ ਕਰ ਕੇ ਮਰ ਜਾਂਦੇ ਹਨ, ਉਨ੍ਹਾਂ ਦੇ ਪਿੱਛੋਂ ਜੋ ਪਰਿਵਾਰ ਵਾਲਿਆਂ ’ਤੇ ਬੀਤਦੀ ਹੈ ਉਹ ਪਰਿਵਾਰ ਵਾਲੇ ਹੀ ਜਾਣਦੇ ਹਨ।