
ਖੇਤੀ ਕਾਨੂੰਨਾਂ ਨੂੰ ਲੈ ਕੇ ਭਾਜਪਾ ਆਗੂ ਨੇ ਘੇਰਿਆ ਤੋਮਰ
ਕਿਹਾ, ਸੱਤਾ ਦਾ ਹੰਕਾਰ ਨਰਿੰਦਰ ਤੋਮਰ ਦੇ ਸਿਰ ਚੜ੍ਹ ਗਿਐ
ਭੋਪਾਲ, 6 ਫ਼ਰਵਰੀ : ਕੇਂਦਰ ਸਰਕਾਰ ਦੇ ਤਿੰਨ ਖੇਤੀ ਕਾਨੂੰਨਾਂ ਵਿਰੁਧ ਕਿਸਾਨਾਂ ਦੇ ਵਿਰੋਧ ਪ੍ਰਦਰਸ਼ਨ ਨੂੰ ਲੈ ਕੇ ਆਰ.ਐਸ.ਐਸ ਦੇ ਇਕ ਪੁਰਾਣੇ ਆਗੂ ਰਘੁਨੰਦਨ ਸ਼ਰਮਾ ਨੇ ਕੇਂਦਰੀ ਖੇਤੀ ਮੰਤਰੀ ਨਰਿੰਦਰ ਸਿੰਘ ਤੋਮਰ 'ਤੇ ਨਿਸ਼ਾਨਾ ਸਾਧਦੇ ਹੋਏ ਕਿਹਾ ਹੈ ਕਿ ''ਸੱਤਾ ਦਾ ਹੰਕਾਰ ਉਨ੍ਹਾਂ ਦੇ ਸਿਰ 'ਤੇ ਚੜ੍ਹ ਗਿਆ ਹੈ |''
ਮੱਧ ਪ੍ਰਦੇਸ਼ ਤੋਂ ਭਾਜਪਾ ਦੇ ਸਾਬਕਾ ਰਾਜ ਸਭਾ ਮੈਂਬਰ ਰਹੇ ਸ਼ਰਮਾ ਨੇ ਦੋ ਦਿਨ ਪਹਿਲਾਂ ਫ਼ੇਸਬੁੱਕ 'ਤੇ ਲਿਖੀ ਅਪਣੀ ਪੋਸਟ 'ਚ ਖੇਤੀ ਮੰਤਰੀ ਤੋਮਰ ਨੂੰ ਸੁਝਾਅ ਦਿਤਾ ਕਿ ਉਨ੍ਹਾਂ ਨੂੰ ਰਾਸ਼ਟਰਵਾਦ ਨੂੰ ਮਜ਼ਬੂਤ ਕਰਨ ਦੀ ਦਿਸ਼ਾ ਵਲ ਕੰਮ ਕਰਨਾ ਚਾਹੀਦਾ ਹੈ | ਸ਼ਰਮਾ ਨੇ ਅਪਣੀ ਫ਼ੇਸਬੁੱਕ ਪੋਸਟ 'ਚ ਲਿਖਿਆ, ''ਨਰਿੰਦਰ ਜੀ ਤੁਹਾਡਾ ਇਰਾਦਾ ਕਿਸਾਨਾਂ ਦੀ ਮਦਦ ਕਰਨ ਦਾ ਹੋ ਸਕਦਾ ਹੈ ਪਰ ਜੇਕਰ ਕਿਸਾਨ ਖ਼ੁਦ ਅਪਣਾ ਭਲਾ ਨਹੀਂ ਚਾਹੁੰਦੇ ਤਾਂ ਅਜਿਹੀ ਭਲਾਈ ਦਾ ਕੀ ਫਾਇਦਾ ਹੈ |'' ਸ਼ਰਮਾ ਨੇ ਲਿਖਿਆ ਹੈ, ''ਨਰਿੰਦਰ ਜੀ ਅੱਜ ਦੀ ਸਰਕਾਰ ਬਣਨ ਤਕ ਹਜ਼ਾਰਾਂ ਰਾਸ਼ਟਰਵਾਦੀਆਂ ਨੇ ਅਪਣੇ ਜੀਵਨ ਅਤੇ ਜਵਾਨੀ ਨੂੰ ਕੁਰਬਾਨ ਕੀਤਾ ਹੈ | ਪਿਛਲੇ 100 ਸਾਲਾਂ ਤੋਂ ਜਵਾਨੀਆਂ ਅਪਣੇ ਬਲੀਦਾਨ ਸਮਰਪਣ ਅਤੇ ਮਿਹਨਤ ਨਾਲ ਦੇਸ਼ ਦੀ ਸੇਵਾ ਅਤੇ ਰਾਸ਼ਟਰਹਿਤ ਸੱਭ ਤੋਂ ਪਹਿਲਾਂ ਦੀ ਵਿਚਾਰਧਾਰਾ
ਦੇ ਵਿਸਤਾਰ 'ਚ ਲੱਗੀ ਹੋਈ ਹੈ | ਅੱਜ ਤੁਹਾਨੂੰ ਜੋ ਸੱਤਾ ਦੇ ਅਧਿਕਾਰ ਹਾਸਲ ਹਨ, ਉਹ ਤੁਹਾਡੀ ਮਿਹਨਤ ਦਾ ਫਲ ਹੈ, ਇਹ ਤੁਹਾਡਾ ਵਹਿਮ ਹੈ | ਸੱਤਾ ਦਾ ਹੰਕਾਰ ਜਦੋਂ ਚੜ੍ਹਦਾ ਹੈ ਤਾਂ ਨਦੀ, ਪਹਾੜ ਜਾਂ ਦਰਖ਼ਤ ਦਿਖਾਈ ਨਹੀਂ ਦਿੰਦਾ, ਉਹ ਗਾਇਬ ਹੋ ਜਾਂਦਾ ਹੈ ਜਿਵੇਂ ਤੁਹਾਡੇ ਸਿਰ 'ਤੇ ਚੜ੍ਹ ਗਿਆ ਹੈ |'' (ਪੀਟੀਆਈ)