
ਭਾਜਪਾ ਦੇ ਮੰਡਲ ਪ੍ਰਧਾਨ ਨੇ ਪਾਰਟੀ ਦੀ ਮੁਢਲੀ ਮੈਂਬਰਸ਼ਿਪ ਤੋਂ ਦਿਤਾ ਅਸਤੀਫ਼ਾ
ਬਰਗਾੜੀ, 6 ਫ਼ਰਵਰੀ (ਗੁਰਿੰਦਰ ਸਿੰਘ) : ਕਿਸਾਨ ਅੰਦੋਲਨ ਦੇ ਚਲਦਿਆਂ ਭਾਰਤੀ ਜਨਤਾ ਪਾਰਟੀ ਦਿਨੋਂ ਦਿਨ ਖੁਰਦੀ ਜਾ ਰਹੀ ਹੈ ਅਤੇ ਕੇਂਦਰ ਦੀ ਮੋਦੀ ਸਰਕਾਰ ਵਲੋਂ ਜਬਰੀ ਪਾਸ ਕੀਤੇ ਕਾਨੂੰਨ ਹੁਣ ਭਾਜਪਾ ਲਈ ਪੁੱਠੇ ਪੈਂਦੇ ਜਾਪ ਰਹੇ ਹਨ ਕਿਉਂਕਿ ਰੋਜ਼ਾਨਾ ਹੀ ਭਾਜਪਾ ਆਗੂ ਇਸ ਦਾ ਸਾਥ ਛੱਡ ਰਹੇ ਹਨ |
ਇਸੇ ਲੜੀ ਤਹਿਤ ਅੱਜ ਭਾਜਪਾ ਦੇ ਮੰਡਲ ਪ੍ਰਧਾਨ ਰਹਿ ਚੁੱਕੇ ਡਾ. ਬਲਵਿੰਦਰ ਸਿੰਘ ਸਿਵੀਆਂ ਨੇ ਕਿਸਾਨ ਅੰਦੋਲਨ ਦੀ ਹਮਾਇਤ ਕਰਦਿਆਂ ਖ਼ੁਦ ਧਰਨੇ ਵਾਲੀ ਥਾਂ 'ਤੇ ਕਿਸਾਨਾਂ ਵਿਚ ਪਹੁੰਚ ਕੇ ਭਾਰਤੀ ਜਨਤਾ ਪਾਰਟੀ ਦੀ ਮੁਢਲੀ ਮੈਂਬਰਸ਼ਿਪ ਤੋਂ ਅਸਤੀਫ਼ਾ ਦੇਣ ਦਾ ਐਲਾਨ ਕਰਦਿਆਂ ਕਿਹਾ ਕਿ ਉਹ ਭਾਰਤੀ ਜਨਤਾ ਪਾਰਟੀ ਦਾ ਆਗੂ ਬਾਅਦ ਵਿਚ ਸੀ ਪਰ ਪਹਿਲਾਂ ਇਕ ਕਿਸਾਨ ਦਾ ਪੁੱਤਰ ਹੈ | ਸਾਡੇ ਦੇਸ਼ ਦਾ ਅੰਨਦਾਤਾ ਅੱਤ ਦੀਆਂ ਠੰਢੀਆਂ ਰਾਤਾਂ ਵਿਚ ਸੜਕਾਂ 'ਤੇ ਰੁਲੇ, ਇਸ ਨੂੰ ਅਸੀਂ ਹਰਗਿਜ਼ ਬਰਦਾਸ਼ਤ ਨਹੀਂ ਕਰ ਸਕਦੇ | ਉਨ੍ਹਾਂ ਕਿਸਾਨਾਂ ਨੂੰ ਇਹ ਜਾਣਕਾਰੀ ਵੀ ਦਿਤੀ ਕਿ ਉਹ ਕਿਸਾਨ ਅੰਦੋਲਨ ਦੇ ਸ਼ੁਰੂ ਹੋਣ ਤੋਂ ਲੈ ਕੇ ਕਿਸਾਨ ਪ੍ਰਵਾਰਾਂ ਦੇ ਮਰੀਜ਼ਾਂ ਦਾ ਮੁਫ਼ਤ ਇਲਾਜ ਕਰ ਰਹੇ ਹਨ ਅਤੇ ਕਿਸਾਨ ਅੰਦੋਲਨ ਦੀ ਸਮਾਪਤੀ ਤਕ ਇਹ ਸੇਵਾ ਜਾਰੀ ਰਹੇਗੀ |
ਇਸ ਮੌਕੇ ਕਿਸਾਨ ਆਗੂਆਂ ਨੇ ਉਨ੍ਹਾਂ ਨੂੰ ਸਿਰੋਪਾਉ ਦੇ ਕੇ ਸਨਮਾਨਤ ਕੀਤਾ | ਇਸ ਮੌਕੇ ਉਪਰੋਕਤ ਤੋਂ ਇਲਾਵਾ ਜੀਵਨ ਸਿੰਘ ਢਿੱਲੋਂ, ਸਰਪੰਚ ਪ੍ਰੀਤਪਾਲ ਸਿੰਘ ਭਲੂਰੀਆ, ਮਨੀ ਸਿੰਘ ਬਰਾੜ, ਸੋਹਣ ਸਿੰਘ ਕਾਮਰੇਡ, ਕੁਲਵੰਤ ਸਿੰਘ ਢਿੱਲੋਂ ਸਮੇਤ ਬਲਜੀਤ ਸ਼ਰਮਾਂ ਅਤੇ ਹੈਪੀ ਸਿਵੀਆਂ ਆਦਿ ਵੀ ਹਾਜ਼ਰ ਸਨ |
ਫੋਟੋ :- ਕੇ.ਕੇ.ਪੀ.-ਗੁਰਿੰਦਰ-6-6ਐੱਫ
image