
ਦਿੱਲੀ ਦੇ ਓਖਲਾ ਫ਼ੇਜ਼ ਦੋ ’ਚ ਲੱਗੀ ਅੱਗ, 40 ਝੁੱਗੀਆਂ ਸੜੀਆਂ
ਨਵੀਂ ਦਿੱਲੀ, 7 ਫ਼ਰਵਰੀ : ਦਖਣੀ ਪੂਰਬੀ ਦਿੱਲੀ ਦੇ ਉਖਲਾ ਫ਼ੇਜ 2 ’ਚ ਹਰਿਕੇਸ਼ ਨਗਰ ਮੈਟਰੋ ਸਟੇਸ਼ਨ ਕੋਲ ਸਨਿਚਰਵਾਰ ਦੇਰ ਰਾਤ ਅੱਗ ਲੱਗ ਗਈ, ਜਿਸ ਦੀ ਚਪੇਟ ’ਚ ਆਉਣ ਕਾਰਨ 40 ਝੁੱਗੀਆ ਅਤੇ ਪਸ਼ੁ ਝੁਲਸ ਗਏ। ਦਿੱਲੀ ਦਮਕਲ ਸੇਵਾ (ਡੀਐਫ਼ਐਸ) ਦੇ ਡਾਇਰੈਕਟਰ ਅਤੁਲ ਗਰਗ ਨੇ ਦਸਿਆ ਕਿ ਅੱਗ ਦੀ ਸੂਚਨਾ ਸਨਿਚਰਵਾਰ ਦੇਰ ਰਾਤ ਦੋ ਵਜੇ ਮਿਲੀ। ਮੁੱਖ ਮੰਤਰੀ ਅਰਵਿੰਦ ਕੇਜਰੀਵਾਲ ਨੇ ਟਵੀਟ ਕਰ ਕੇ ਪੀੜਤਾਂ ਦੇ ਪ੍ਰਤੀ ਚਿੰਤਾ ਜਾਹਿਰ ਕੀਤੀ ਅਤੇ ਪ੍ਰਭਾਵਿਤਾਂ ਨੂੰ ਹਰ ਸੰਭਵ ਮਦਦ ਮੁਹਈਆ ਕਰਾਉਣ ਦਾ ਭਰੋਸਾ ਦਿਤਾ ਹੈ। ਉਨ੍ਹਾਂ ਕਿਹਾ, ‘‘ਉਖਲਾ ’ਚ ਅੱਗ ਲਗਣ ਦੀ ਘਟਨਾ ਨਾਲ ਚਿੰਤਤ ਹਾਂ। ਮੈਂ ਦਮਕਲ ਵਿਭਾਗ ਅਤੇ ਜ਼ਿਲ੍ਹਾ ਪ੍ਰਸ਼ਾਸਨ ਦੇ ਸੰਪਰਕ ਵਿਚ ਹਾਂ। ਲੋਕਾਂ ਨੂੰ ਹਰ ਸੰਭਵ ਮਦਦ ਮੁਹਈਆ ਕਰਾਈ ਜਾ ਰਹੀ ਹੈ।’’ ਇਕ ਸੀਨੀਅਰ ਪੁਲਿਸ ਅਧਿਕਾਰੀ ਨੇ ਦਸਿਆ ਕਿ ਅੱਗ ਪਹਿਲਾ ਕਪੜਿਆਂ ’ਚ ਲੱਗੀ, ਜੋ ਬਾਅਦ ਵਿਚ ਝੱਗੀਆਂ ’ਚ ਫੈਲ ਗਈ। ਉਥੇ ਖੜਿਆ ਇਕ ਟਰੱਕ ਵੀ ਇਸ ਦੀ ਚਪੇਟ ਵਿਚ ਆ ਗਿਆ। ਉਨ੍ਹਾ ਦਸਿਆ ਕਿ ਅੱਗ ਲਗਣ ਦੇ ਕਾਰਨਾਂ ਦਾ ਪਤਾ ਲਗਾਇਆ ਜਾ ਰਿਹਾ ਹੈ। ਦਿੱਲੀ ਦਮਕਲ ਸੇਵਾ ਮੁਤਾਬਕ ਦਮਕਲ ਦੀ ਕੁੱਲ 26 ਗੱਡੀਆਂ ਨੂੰ ਤਾਇਨਾਤ ਕੀਤਾ ਗਿਆ ਹੈ ਅਤੇ ਅੱਗ ’ਤੇ ਕਾਬੂ ਪਾ ਲਿਆ ਗਿਆ ਹੈ। (ਪੀਟੀਆਈ)