
ਕਿਸਾਨ ਨਵੀਂ ਤਜਵੀਜ਼ ਲੈ ਕੇ ਆਉਣ ਤਾਂ ਸਰਕਾਰ ਗੱਲਬਾਤ ਲਈ ਤਿਆਰ : ਗੋਇਲ
ਕਿਹਾ, ਤਰੀਕ 'ਤੇ ਤਰੀਕ ਦੀ ਥਾਂ 'ਤਜਵੀਜ਼ 'ਤੇ ਤਜਵੀਜ਼' ਕਿਹਾ ਜਾਣਾ ਚਾਹੀਦੈ
ਨਵੀਂ ਦਿੱਲੀ, 7 ਫ਼ਰਵਰੀ : ਰੇਲ ਮੰਤਰੀ ਪੀਯੂਸ਼ ਗੋਇਲ ਨੇ ਐਤਵਾਰ ਨੂੰ ਕਿਹਾ ਕਿ ਜੇ ਕਿਸਾਨ ਯੂਨੀਅਨਾਂ ਕੁਝ ਨਵੀਆਂ ਤਜਵੀਜ਼ਾਂ ਲੈ ਕੇ ਆਉਂਦੀਆਂ ਹਨ ਤਾਂ ਸਰਕਾਰ ਉਨ੍ਹਾਂ ਨਾਲ ਗੱਲਬਾਤ ਕਰਨ ਲਈ ਤਿਆਰ ਹੈ | ਗੋਇਲ ਸਰਕਾਰ ਨਾਲ ਗੱਲਬਾਤ ਕਰਨ ਵਾਲੀ ਟੀਮ ਦੇ ਮੈਂਬਰ ਹਨ | ਇਥੇ ਪੱਤਰਕਾਰਾਂ ਨਾਲ ਗੱਲਬਾਤ ਕਰਦਿਆਂ ਗੋਇਲ ਨੇ ਕਿਹਾ ਕਿ ਮੋਦੀ ਸਰਕਾਰ ਕਿਸਾਨਾਂ ਦੀਆਂ ਚਿੰਤਾਵਾਂ ਨੂੰ ਲੈ ਕੇ ਗੰਭੀਰ ਹੈ | ਪ੍ਰਧਾਨ ਮੰਤਰੀ ਨਰਿੰਦਰ ਮੋਦੀ ਸਮੇਤ ਪੂਰੀ ਸਰਕਾਰ ਗੱਲਬਾਤ ਜ਼ਰੀਏ ਇਸ ਮਾਮਲੇ ਨੂੰ ਸੁਲਝਾਉਣ ਲਈ ਤਿਆਰ ਹੈ |
ਗੋਇਲ ਨੇ ਕਿਹਾ ਕਿ ਪ੍ਰਧਾਨ ਮੰਤਰੀ ਕਹਿ ਚੁੱਕੇ ਹਨ ਕਿ ਸਰਕਾਰ ਕਿਸਾਨਾਂ ਤੋਂ ਸਿਰਫ਼ ਇਕ ਫੋਨ ਕਾਲ ਦੀ ਦੂਰੀ 'ਤੇ ਹਨ ਪਰ ਕਿਸੇ ਨੂੰ ਗੱਲਬਾਤ ਕਰਨ ਜਾਂ ਅੱਗੇ ਵਧਣ ਲਈ ਕਾਲ ਕਰਨੀ ਪਵੇਗੀ | ਜੇ ਕਿਸਾਨਾਂ ਨੂੰ ਕਾਨੂੰਨਾਂ ਨੂੰ ਲੈ ਕੇ ਕੋਈ ਇਤਰਾਜ਼ ਹੈ ਤਾਂ ਦੱਸਣ ਸਰਕਾਰ ਉਸ ਨੂੰ ਦੂਰ ਕਰਨ ਲਈ ਤਿਆਰ ਹੈ |
ਗੋਇਲ ਨੇ ਕਿਹਾ ਕਿ ਕੁਝ ਮੁੱਦਿਆਂ 'ਤੇ ਕਿਸਾਨਾਂ ਨੂੰ ਭਰਮਾ ਦਿਤਾ ਗਿਆ ਹੈ | ਕੁਝ ਲੋਕ ਕਿਸਾਨਾਂ ਦੇ ਮਨ ਵਿਚ ਸ਼ੱਕ ਪੈਦਾ ਕਰਨ ਵਿਚ ਸਫਲ ਰਹੇ ਹਨ | ਉਨ੍ਹਾਂ ਕਿਹਾ ਕਿ ਕਿਸਾਨ ਭਰਮ ਵਿਚ ਹਨ ਤੇ ਸਰਕਾਰ ਉਨ੍ਹਾਂ ਦਾ ਭਰਮ ਦੂਰ ਕਰਨਾ ਚਾਹੁੰਦੀ ਹੈ |
ਸਰਕਾਰ ਨੇ ਕਿਸਾਨਾਂ ਦੇ ਸਾਹਮਣੇ ਤਜਵੀimageਜ਼ਾਂ ਰੱਖੀਆਂ ਪਰ ਮੀਡੀਆ ਵਿਚ ਇਸ ਨੂੰ 'ਤਰੀਕ 'ਤੇ ਤਰੀਕ' ਕਿਹਾ ਗਿਆ ਜੋ ਸਹੀ ਨਹੀਂ ਹੈ | ਉਨ੍ਹਾਂ ਕਿਹਾ ਕਿ ਇਸ ਨੂੰ 'ਤਜਵੀਜ਼ 'ਤੇ ਤਜਵੀਜ਼' ਕਿਹਾ ਜਾਣਾ ਚਾਹੀਦਾ ਹੈ | ਗੋਇਲ ਨੇ ਇਕ ਵਾਰ ਮੁੜ ਕਿਹਾ ਕਿ ਨਵੇਂ ਖੇਤੀ ਕਾਨੂੰਨਾਂ ਨੂੰ ਕਿਸਾਨਾਂ ਦੀ ਆਮਦਨ ਦੁੱਗਣੀ ਕਰਨ ਦੇ ਇਰਾਦੇ ਨਾਲ ਲਿਆਂਦਾ ਗਿਆ ਹੈ | ਇਨ੍ਹਾਂ ਦੇ ਕਿਸਾਨਾਂ ਨੂੰ ਅਨੇਕਾਂ ਫ਼ਾਇਦੇ ਹੋਣ ਵਾਲੇ ਹਨ | ਕਿਸਾਨਾਂ ਨੂੰ ਉਨ੍ਹਾਂ ਦੇ ਲਾਭ ਤੋਂ ਵਾਂਝਿਆਂ ਨਹੀਂ ਕੀਤਾ ਜਾਣਾ ਚਾਹੀਦਾ | (ਪੀਟੀਆਈ)