
ਕੋਵਿਡ ਵੈਕਸੀਨ ਲਗਾਉਣ ਦੇ ਮਾਮਲੇ ਵਿਚ ਤੀਸਰੇ ਨੰਬਰ ’ਤੇ ਆਇਆ ਭਾਰਤ
ਹੁਣ ਤਕ 57 ਲੱਖ ਤੋਂ ਜ਼ਿਆਦਾ ਲੋਕਾਂ ਨੂੰ ਲੱਗਾ ਕੋਰੋਨਾ ਟੀਕਾ
ਨਵੀਂ ਦਿੱਲੀ, 7 ਫ਼ਰਵਰੀ : ਕੋਵਿਡ ਵੈਕਸੀਨ ਦੀ ਸੱਭ ਤੋਂ ਜ਼ਿਆਦਾ ਖ਼ੁਰਾਕ ਲਗਾਉਣ ਵਾਲੇ ਦੇਸ਼ਾਂ ਦੀ ਸੂਚੀ ’ਚ ਭਾਰਤ ਤੀਸਰੇ ਨੰਬਰ ’ਤੇ ਪਹੁੰਚ ਗਿਆ ਹੈ। ਇਸ ਸੂਚੀ ’ਚ ਅਮਰੀਕਾ ਅਤੇ ਬਿ੍ਰਟੇਨ ਭਾਰਤ ਤੋਂ ਉੱਪਰ ਹਨ। ਕੇਂਦਰੀ ਸਿਹਤ ਮੰਤਰਾਲੇ ਮੁਤਾਕਬ ਦੇਸ਼ ਭਰ ’ਚ ਹੁਣ ਤਕ ਕੁੱਲ 57.75 ਲੱਖ ਲੋਕਾਂ ਨੂੰ ਕੋਵਿਡ ਵੈਕਸੀਨ ਲਗਾਈ ਗਈ ਹੈ। 12 ਸੂਬਿਆਂ ’ਚ ਦੋ-ਦੋ ਲੱਖ ਤੋਂ ਜ਼ਿਆਦਾ ਲੋਕਾਂ ਨੂੰ ਕੋਵਿਡ ਵੈਕਸੀਨ ਲਗਾਈ ਜਾ ਚੁੱਕੀ ਹੈ। ਸਿਰਫ਼ ਯੂਪੀ ’ਚ 6,73,542 ਲੋਕਾਂ ਨੂੰ ਕੋਵਿਡ ਵੈਕਸੀਨ ਲਗਾਈ ਗਈ ਹੈ।
ਨਿਊਜ਼ ਏਜੰਸੀ ਪੀਟੀਆਈ ਅਨੁਸਾਰ 57.75 ਲੱਖ ਲੋਕਾਂ ’ਚੋਂ 53,04,546 ਸਿਹਤ ਸੇਵਾ ਕਰਮਚਾਰੀਆਂ ਜਦਕਿ ਪਹਿਲ ਦੇ ਤੌਰ ’ਤੇ ਕੰਮ ਕਰਨ ਵਾਲੇ 4,70,776 ਕਰਮਚਾਰੀਆਂ ਨੂੰ ਵੈਕਸੀਨ ਲਗਾਈ ਗਈ ਹੈ। ਬੀਤੇ 24 ਘੰਟਿਆਂ ’ਚ 8,875 ਸੈਸ਼ਨ ’ਚ ਕੁੱਲ 3,58,473 ਲਾਭਪਾਤਰੀਆਂ ਨੂੰ ਕੋਵਿਡ ਵੈਕਸੀਨ ਲਗਾਈ ਗਈ ਹੈ। ਕੇਂਦਰੀ ਸਿਹਤ ਮੰਤਰਾਲੇ ਮੁਤਾਬਕ ਟੀਕਾ ਲਗਵਾਉਣ ਵਾਲੇ ਲਾਭਪਾਤਰੀਆਂ ਦੀ ਗਿਣਤੀ ਤੇਜ਼ੀ ਨਾਲ ਵੱਧ ਰਹੀ ਹੈ। ਟੀਕਾਕਰਨ ਦੇ ਹੁਣ ਤਕ ਕੁੱਲ 1,15,178 ਸੈਸ਼ਨ ਕਰਵਾਏ ਜਾ ਚੁੱਕੇ ਹਨ। ਕੇਂਦਰੀ ਸਿਹਤ ਮੰਤਰਾਲੇ ਅਨੁਸਾਰ 13 ਫ਼ਰਵਰੀ ਤੋਂ ਸਿਹਤ ਕਰਮਚਾਰੀਆਂ ਨੂੰ ਕੋਵਿਡ ਵੈਕਸੀਨ ਦੀ ਦੂਸਰੀ ਡੋਜ਼ ਦਿਤੀ ਜਾਵੇਗੀ। ਟੀਕਾਕਰਨ ਤੋਂ ਬਾਅਦ ਹਾਲੇ ਤਕ ਕਿਸੀ ਗੰਭੀਰ ਪ੍ਰਤੀਕੂਲ ਪ੍ਰਭਾਵ ਦਾ ਕੋਈ ਮਾਮਲਾ ਨਹੀਂ ਸਾਹਮਣੇ ਆਇਆ ਹੈ। ਬੀਤੇ 24 ਘੰਟਿਆਂ ਦੌਰਾਨ ਟੀਕਾ ਲਗਾਉਣ ਤੋਂ ਬਾਅਦ ਨਾ ਤਾਂ ਕਿਸੇ ਨੂੰ ਹਸਪਤਾਲ ’ਚ ਭਰਤੀ ਕਰਵਾਉਣ ਦੀ ਜ਼ਰੂਰਤ ਪਈ ਹੈ ਅਤੇ ਨਾ ਹੀ ਕਿਸੀ ਦੀ ਮੌਤ ਹੋਈ ਹੈ।
ਸਿਹਤ ਸਕੱਤਰ ਰਾਜੇਸ਼ ਭੂਸ਼ਣ ਨੇ ਸਾਰੇ ਰਾਜਾਂ ਅਤੇ ਕੇਂਦਰ ਸ਼ਾਸ਼ਤ ਪ੍ਰਦੇਸ਼ਾਂ ਨੂੰ ਟੀਕਾਕਰਨ ’ਚ ਤੇਜੀ ਲਿਆਉਣ ਲਈ ਕਿਹਾ ਹੈ। ਕੇਂਦਰੀ ਸਿਹਤ ਮੰਤਰਾਲੇ ਨੇ ਸੂਬਿਆਂ ਅਤੇ ਕੇਂਦਰੀ ਸ਼ਾਸ਼ਤ ਪ੍ਰਦੇਸ਼ਾਂ ਨੂੰ 20 ਫ਼ਰਵਰੀ ਤਕ ਸਾਰੇ ਸਿਹਤ ਕਰਮਚਾਰੀਆਂ ਨੂੰ ਟੀਕਾ ਲਗਵਾਉਣ ਦਾ ਕੰਮ ਪੂਰਾ ਕਰ ਲੈਣ ਨੂੰ ਕਿਹਾ ਹੈ। ਮੰਤਰਾਲੇ ਦਾ ਕਹਿਣਾ ਹੈ ਕਿ ਸਰਕਾਰ ਜਲਦ ਆਨਲਾਈਨ ਪਲੇਟਫਾਰਮ ਕੋ-ਵਿਨ ਦਾ ਦੂਸਰਾ ਸੰਸਕਰਣ ਜਾਰੀ ਕਰੇਗੀ। (ਪੀਟੀਆਈ)