
ਵਿਧਾਨ ਸਭਾ ਚੋਣਾਂ ਲਈ ਤਿਆਰੀ ਜੰਗੀ ਪੱਧਰ ਉਤੇ
8 ਲੱਖ ਨਵੇਂ ਵੋਟਰ ਪਾ ਕੇ ਕੁਲ ਵੋਟਰ 2 ਕਰੋੜ 10 ਲੱਖ ਹੋਏ
ਚੰਡੀਗੜ੍ਹ, 6 ਫ਼ਰਵਰੀ (ਜੀ.ਸੀ. ਭਾਰਦਵਾਜ): ਪੰਜਾਬ ਦੇ 115 ਵੱਡੇ-ਛੋਟੇ ਸ਼ਹਿਰਾਂ ਤੇ ਕਸਬਿਆਂ ਵਿਚ ਮਿਉਂਸਪੈਲਟੀ ਚੋਣਾਂ ਉਪਰੰਤ 12,600 ਪਿੰਡਾਂ ਨੂੰ ਮਿਲਾ ਕੇ ਸਮੁੱਚੇ ਸੂਬੇ ਦੀਆਂ 117 ਸੀਟਾਂ ਵਾਲੀ ਵਿਧਾਨ ਸਭਾ ਲਈ ਅਗਲੇ ਮਹੀਨੇ ਤੋਂ ਤਿਆਰੀ ਜੰਗੀ ਪੱਧਰ ਉਤੇ ਸ਼ੁਰੂ ਹੋ ਜਾਏਗੀ | ਕਾਰਪੋਰੇਸ਼ਨ ਤੇ ਮਿਉਂਸਪਲ ਕਮੇਟੀ, ਨਗਰ ਪੰਚਾਇਤ ਚੋਣਾਂ ਵਿਚ ਸਿਆਸੀ ਦਲਾਂ ਦੀ ਜਿੱਤ-ਹਾਰ ਤੋਂ ਸ਼ਹਿਰੀ ਵੋਟਰਾਂ ਦੇ ਰੁਝਾਨ ਦਾ ਪਤਾ ਲੱਗਾ ਜਾਵੇਗਾ ਅਤੇ 12,600 ਪਿੰਡਾਂ ਦੇ ਵੋਟਰਾਂ ਦਾ ਝੁਕਾਅ ਤੇ ਵਿਰੋਧ ਦਾ ਅੰਦਾਜ਼ਾ ਅਗਲੇ ਸਾਲ ਜਨਵਰੀ-ਫ਼ਰਵਰੀ ਵਿਚ ਹੋਣ ਵਾਲੀਆਂ ਵਿਧਾਨ ਸਭਾ ਚੋਣਾਂ ਵਿਚ ਹੀ ਲੱਗੇਗਾ |
ਰੋਜ਼ਾਨਾ ਸਪੋਕਸਮੈਨ ਵਲੋਂ ਕੀਤੀ ਵਿਸ਼ੇਸ਼ ਮੁਲਾਕਾਤ ਦੌਰਾਨ ਪੰਜਾਬ ਦੇ ਮੁੱਖ ਚੋਣ ਅਧਿਕਾਰੀ ਡਾ. ਕਰਨਾ ਰਾਜੂ ਨੇ ਦਸਿਆ ਕਿ ਉਂਜ ਤਾਂ ਚੋਣ ਪ੍ਰਬੰਧ ਤੇ ਵੋਟਰਾਂ ਲਈ ਤਿਆਰੀ ਸਾਰਾ ਸਾਲ ਹੀ ਚਲਦੀ ਹੈ | ਪਰ ਪਿਛਲੇ ਮਹੀਨੇ ਤੋਂ ਇਸ ਪ੍ਰਬੰਧ ਨੂੰ ਜੰਗੀ ਪੱਧਰ ਉਤੇ ਛੇੜਿਆ ਗਿਆ ਹੈ | ਇਸ ਤਹਿਤ ਵੋਟਰ ਕਾਰਡ ਨੂੰ ਈ.ਐਪਿਕ ਮੋਬਾਈਲ ਸਿਸਟਮ ਨਾਲ ਜੋੜਨਾ 18 ਸਾਲ ਦੇ ਨਵੇਂ ਵੋਟਰਾਂ ਨੂੰ ਲਿਸਟਾਂ ਵਿਚ ਪਾਉਣਾ 23,211 ਪੋਲਿੰਗ ਕੇਂਦਰਾਂ ਨੂੰ ਜ਼ਰੂਰੀ ਇਲੈਕਟ੍ਰੋਲਿਕ ਸਿਸਟਮ ਹੇਠ ਲਿਆਉਣ ਤੇ 50,000 ਈ.ਵੀ.ਐਮ ਮਸ਼ੀਨਾਂ ਤਿਆਰ ਕਰਨਾ ਸ਼ਾਮਲ ਹੈ | ਡਾ. ਰਾਜੂ ਨੇ ਦਸਿਆ ਕਿ 25,000 ਵੋਟਰ ਮਸ਼ੀਨਾਂ ਇੰਨੀਆਂ ਹੀ ਵੀ.ਵੀ.ਪੈਟ ਮਸ਼ੀਨਾਂ ਦਾ ਬੰਦੋਬਸਤ ਕੀਤਾ ਜਾ ਰਿਹੈ ਅਤੇ ਇਸੇ ਮਹੀਨੇ ਸ਼ੁਰੂ ਹੋਣ ਵਾਲੇ ਬਜਟ ਸੈਸ਼ਨ ਵਿਚ ਸਾਲ 2021-22 ਲਈ ਵਿੱਤ ਮੰਤਰੀ ਵਲੋਂ ਪੇਸ਼ ਕੀਤੇ ਜਾਣ ਵਾਲੇ ਬਜਟ ਪ੍ਰਸਤਾਵਾਂ ਵਿਚ 400 ਕਰੋੜ ਦੀ ਰਕਮ ਬਤੌਰ ਚੋਣ ਖ਼ਰਚਾ ਮੰਨਜ਼ੂਰ ਕਰਾ ਲਈ ਜਾਵੇਗੀ |
ਵਿਧਾਨ ਸਭਾ ਚੋਣਾਂ ਲਈ ਖ਼ਰਚੇ ਦਾ ਭਾਰ, ਸੂਬਾ ਸਰਕਾਰ ਸਿਰ ਪੈਂਦਾ ਹੈ ਜਦੋਂ ਕਿ ਲੋਕਾ ਸਭਾ ਦੀਆਂ 13 ਸੀਟਾਂ ਵਾਸਤੇ ਖ਼ਰਚਾ ਕੇਂਦਰ ਸਰਕਾਰ ਨੂੰ ਦੇਣਾ ਪੈਂਦਾ ਹੈ | ਸਾਲ 2017 ਵਿਚ ਵਿਧਾਨ ਸਭਾ ਚੋਣਾਂ ਉਤੇ 270 ਕਰੋੜ ਦਾ ਖ਼ਰਚਾ ਪੰਜਾਬ ਸਰਕਾਰ ਨੂੰ ਤੇ 2019 ਲੋਕ ਸਭਾ ਚੋਣ ਖ਼ਰਚਾ ਕੇਂਦਰ ਨੇ 360 ਕਰੋੜ ਦਿਤਾ ਸੀ | ਮੁੱਖ ਚੋਣ ਅਧਿਕਾਰੀ ਨੇ ਦਸਿਆ ਕਿ ਕੋਰੋਨਾ ਵਾਇਰਸ ਦੌਰਾਨ ਕਰਵਾਇਆਂ ਬਿਹਾਰ ਵਿਧਾਨ ਸਭਾ ਚੋਣਾਂ ਦੇ ਅਹਿਮ ਨੁਕਤੇ ਸਟੱਡੀ ਕਰਨ ਗਈ ਸੀਨੀਅਰ ਅਧਿਕਾਰੀਆਂ ਦੀ ਟੀਮ ਨੇ ਅਪਣੀ ਰਿਪੋਰਟ ਦੇ ਦਿਤੀ ਹੈ ਜਿਸ ਦੇ ਆਧਾਰ ਉਤੇ ਪੰਜਾਬ ਵਿਚ ਨਵੇਂ ਕਦਮ ਪੁੱਟ ਕੇ ਚੋਣ ਪ੍ਰਬੰਧਾਂ ਨੂੰ ਮਜ਼ਬੂਤ ਕੀਤਾ ਜਾਵੇਗਾ |
ਵੋਟਰਾਂ ਬਾਰੇ ਨਵੇੇਂ ਅੰਕੜਿਆਂ ਦਾ ਵੇਰਵਾ ਦਿੰਦੇ ਹੋਏ, ਡਾ. ਕਰਨਾ ਰਾਜੂ ਨੇ ਦਸਿਆ ਕਿ ਪਹਿਲੀ ਜਨਵਰੀ 2021 ਨੂੰ 18 ਸਾਲ ਦੀ ਉਮਰ ਹੋਏ 8 ਲੱਖ ਲੜਕੇ-ਲੜਕਿਆਂ ਦੀਆਂ ਨਵੀਆਂ ਵੋਟਾਂ ਬਣਾਉਣ ਅਤੇ ਕਈ ਵੋਟਾਂ ਕੱਟਣ ਉਪਰੰਤ ਹੁਣ ਪੰਜਾਬ ਵਿਚ 2,09,45,758 ਵੋਟਰ ਹੋ ਗਏ ਹਨ, ਜਿਨ੍ਹਾਂ ਵਿਚ 99,08,541 ਔਰਤਾਂ ਅਤੇ ਬਾਕੀ 1,10,36,546 ਮਰਦ ਵੋਟਰ ਹਨ | ਉਨ੍ਹਾਂ ਕਿਹਾ ਕਿ ਵੋਟਾਂ ਬਣਾਉਣ ਦਾ ਸਿਲਸਿਲਾ ਜਾਰੀ ਰਹੇਗਾ, ਆਉਂਦੇ 10-11 ਮਹੀਨਿਆਂ ਵਿਚ 4 ਤੋਂ 5 ਲੱਖ ਵੋਟਰ ਹੋਰ ਵਧ ਸਕਦੇ ਹਨ |
ਈ.ਵੀ.ਐਮ ਮਸ਼ੀਨਾਂ ਤੇ ਹੋਰ ਚੋਣ ਯੰਤਰ ਤੇ ਸਾਜ਼ੋ ਸਮਾਨ ਸਾਂਭਣ ਲਈ ਚੋਣ ਕਮਿਸ਼ਨ ਦੇ ਅਪਣੇ ਸਟੋਰ, ਬਿਲਡਿੰਗਾਂ ਤੇ ਵੱਡੇ ਹਾਲ ਦਾ ਪ੍ਰਬੰਧ ਕਰਨ ਬਾਰੇ ਪੁੱਛੇ ਸੁਆਲਾਂ ਦਾ ਜੁਆimageਬ ਦਿੰਦੇ ਹੋਏ ਡਾ. ਰਾਜੂ ਨੇ ਕਿਹਾ ਕਿ ਕੁਲ 22 ਜ਼ਿਲਿ੍ਹਆਂ ਵਿਚੋਂ 5 ਤੋਂ ਵੱਧ ਥਾਵਾਂ ਉਤੇ ਸਟੋਰ ਬਣ ਚੁੱਕੇ ਹਨ, 10 ਕੁ ਜਗ੍ਹਾਂ ਉਤੇ ਇਮਾਰਤਾਂ ਬਣਾ ਰਹੀਆਂ ਹਨ ਅਤੇ ਬਾਕੀ ਸਥਾਨਾਂ ਉਤੇ ਉਸਾਰੀ ਛੇਤੀ ਸ਼ੁਰੂ ਹੋ ਜਾਏਗੀ | ਮੁੱਖ ਚੋਣ ਅਧਿਕਾਰੀ ਨੇ ਦਸਿਆ ਕਿ ਕੁਲ 62 ਕਰੋੜ ਦੀ ਰਕਮ ਮੰਨਜ਼ੂਰ ਹੋਈ ਸੀ |
ਫ਼ੋਟੋ ਕਰਨਾ ਰਾਜੂ |