
ਟੀਮ ਬ੍ਰਦਰਜ਼ ਨੇ ਭਾਈ ਜਗਸੀਰ ਸਿੰਘ ਦਾ ਸੋਨੇ ਦੇ ਤਮਗ਼ੇ ਨਾਲ ਕੀਤਾ ਸਨਮਾਨ
ਚੰਡੀਗੜ੍ਹ, 6 ਫ਼ਰਵਰੀ (ਸਪੋਕਸਮੈਨ ਸਮਾਚਾਰ ਸੇਵਾ): 26 ਜਨਵਰੀ ਨੂੰ ਕਿਸਾਨਾਂ ਅੰਦੋਲਨ ਵਿਚ ਪੁਲਿਸ ਦੇ ਤਸ਼ੱਦਦ ਤੋਂ ਬਾਅਦ ਭਾਈ ਜਗਸੀਰ ਸਿੰਘ ਕਾਫ਼ੀ ਜ਼ਖ਼ਮੀ ਹੋ ਗਏ ਸਨ ਜਿਸ ਤੋਂ ਬਾਅਦ ਉਨ੍ਹਾਂ ਦੇ ਸਿਰ ਵਿਚੋਂ ਕਾਫ਼ੀ ਖ਼ੂਨ ਵਗਦਾ ਤੇ ਉਨ੍ਹਾਂ ਦੀਆਂ ਇਹ ਤਸਵੀਰਾਂ ਸੋਸ਼ਲ ਮੀਡੀਆ ’ਤੇ ਕਾਫ਼ੀ ਵਾਇਰਲ ਹੋਈਆਂ ਸਨ। ਇਸ ਦੌਰਾਨ ਟੀਮ ਬ੍ਰਦਰਜ਼ ਵਲੋਂ ਉਨ੍ਹਾਂ ਦਾ ਸੋਨੇ ਦੇ ਤਮਗ਼ੇ ਨਾਲ ਸਨਮਾਨ ਕੀਤਾ ਗਿਆ ਹੈ।
ਦਸਣਯੋਗ ਹੈ ਕਿ ਬਰਨਾਲਾ ਦੇ ਪਿੰਡ ਪੰਧੇਰ ਦਾ ਜਗਸੀਰ ਸਿੰਘ ਜੱਗੀ ਸੋਸ਼ਲ ਮੀਡੀਆ ’ਤੇ ਕਿਸਾਨ ਅੰਦੋਲਨ ਦਾ ਹੀਰੋ ਬਣ ਗਿਆ ਹੈ। ਉਸ ਦੀ ਲਲਕਾਰ ਦੁਨੀਆਂ ਭਰ ਵਿਚ ਗੂੰਜੀ ਹੈ। ਸੋਸ਼ਲ ਮੀਡੀਆ ਉਪਰ ਉਸ ਦੀ ਤੁਲਣਾ ਸ਼ੇਰ ਨਾਲ ਕੀਤੀ ਜਾ ਰਹੀ ਹੈ। ਮੀਡੀਆ ਉਸ ਦੇ ਇੰਟਰਵਿਊ ਲੈ ਰਿਹਾ ਹੈ। ਕਿਸਾਨ ਅੰਦੋਲਨ ਵਿਚ ਡਟਿਆ ਸਿੱਧਾ-ਸਾਦਾ ਜਗਸੀਰ ਸਿੰਘ ਜੱਗੀ ਭਾਵੁਕ ਹੋ ਜਾਂਦਾ ਹੈ। ਹੁਣ ਹਰ ਕੋਈ ਉਸ ਲਈ ਕੁੱਝ ਕਰਨਾ ਚਾਹੁੰਦਾ ਹੈ। ਉਸ ਦੀ ਬਹਾਦਰੀ ਤੋਂ ਖ਼ੁਸ਼ ਪਿੰਡ ਵਾਸੀਆਂ ਨੇ ਉਸ ਦਾ ਸਵਾਗਤ ਕਰਦਿਆਂ ਘਰ ਬਣਾਉਣ ਲਈ ਦਸ ਵਿਸਵੇ ਜ਼ਮੀਨ ਦੇ ਦਿਤੀ ਹੈ। ਦੇਸ਼-ਵਿਦੇਸ਼ ਵਿਚ ਬੈਠੇ ਪੰਜਾਬੀਆਂ ਵਲੋਂ ਵੀ ਉਸ ਦੀ ਵਿੱਤੀ ਮਦਦ ਕੀਤੀ ਜਾ ਰਹੀ ਹੈ। ਦਸਣਯੋਗ ਹੈ ਕਿ ਕਿਸਾਨੀ ਅੰਦੋਲਨ ਵਿਚ ਡਟੇ ਜਗਸੀਰ ਸਿੰਘ ਜੱਗੀ ਨੂੰ ਸੋਸ਼ਲ ਮੀਡੀਆ ਰਾਹੀਂ ਦੁਨੀਆਂ ਵਿਚ ਨਵੀਂ ਪਛਾਣ ਮਿਲੀ ਹੈ। ਕੱੁਝ ਗੁੰਡਿਆਂ ਵਲੋਂ ਹਮਲੇ ਵਿਚ ਜਗਸੀਰ ਸਿੰਘ ਜੱਗੀ ਜ਼ਖ਼ਮੀ ਹੋ ਗਿਆ ਸੀ। ਸਿਰ ’ਚੋਂ ਨਿਕਲਦੇ ਖ਼ੂਨ ਦੇ ਬਾਵਜੂਦ ਅਪਣੇ ਕਕਾਰਾਂ ਦੀ ਰਾਖੀ ਕਰਨ ਸਮੇਂ ਉਸ ਦੇ ਹੌਂਸਲੇ ਬੁਲੰਦ ਸਨ। ਇਹ ਤਸਵੀਰ ਜਦੋਂ ਸੋਸ਼ਲ ਮੀਡੀਆ ’ਤੇ ਵਾਇਰਲ ਹੋਈ ਤਾਂ ਲੋਕ ਇਸ ਨੂੰ ਤੇਜ਼ੀ ਨਾਲ ਸਾਂਝੀ ਕਰ ਕੇ ਨਾਇਕ ਵਜੋਂ ਪੇਸ਼ ਕਰਨ ਲੱਗੇ।