
ਨਹੀਂ ਰਹੀ ਸੁਰਾਂ ਦੀ ਮਲਿਕਾ ਲਤਾ ਮੰਗੇਸ਼ਕਰ, ਦੇਸ਼ 'ਚ ਸੋਗ ਦੀ ਲਹਿਰ
ਕੋਰੋਨਾ ਹੋਣ ਕਾਰਨ ਸਰੀਰ ਦੇ ਕਈ ਅੰਗਾਂ ਨੇ ਕੰਮ ਕਰਨ ਬੰਦ ਕਰ ਦਿਤਾ ਸੀ
ਮੁੰਬਈ, 6 ਫ਼ਰਵਰੀ : ਦੇਸ਼ ਦੇ ਸੰਗੀਤ ਜਗਤ ਦੀਆਂ ਸੱਭ ਤੋਂ ਵੱਡੀਆਂ ਹਸਤੀਆਂ ਵਿਚ ਸ਼ਾਮਲ ਕਈ ਪੀੜ੍ਹੀਆਂ ਤਕ ਅਪਣੀ ਸੁਰੀਲੀ ਆਵਾਜ਼ ਦਾ ਜਾਦੂ ਬਿਖੇਰਨ ਵਾਲੀ ਮਹਾਨ ਗਾਇਕਾ ਅਤੇ ਭਾਰਤ ਰਤਨ ਲਤਾ ਮੰਗੇਸ਼ਕਰ ਦਾ 92 ਸਾਲ ਉਮਰ ਵਿਚ ਐਤਵਾਰ ਨੂੰ ਮੁੰਬਈ ਦੇ ਹਸਪਤਾਲ ਵਿਚ ਦਿਹਾਂਤ ਹੋ ਗਿਆ | ਜਿਸ ਤੋਂ ਬਾਅਦ ਸ਼ਾਮ 7 ਵਜੇ ਮੁੰਬਈ ਦੇ ਸ਼ਿਵਾਜੀ ਪਾਰਕ ਵਿਚ ਉਨ੍ਹਾਂ ਦਾ ਅੰਤਿਮ ਸਸਕਾਰ ਕੀਤਾ ਗਿਆ | ਉਨ੍ਹਾਂ ਦੀ ਭੈਣ ਉਸ਼ਾ ਮੰਗੇਸ਼ਕਰ ਨੇ ਦਸਿਆ ਕਿ ਕੋਰੋਨਾ ਅਤੇ ਨਿਮੋਨੀਆ ਹੋਣ ਕਾਰਨ ਲਤਾ ਮੰਗੇਸ਼ਕਰ ਦੇ ਕਈ ਅੰਗਾਂ ਨੇ ਕੰਮ ਕਰਨਾ ਬੰਦ ਕਰ ਦਿਤਾ ਸੀ | ਮੁੰਬਈ ਦੇ ਬੀਚ ਕੈਂਡੀ ਹਸਪਤਾਲ 'ਚ ਆਖ਼ਰੀ ਸਾਹ ਲੈਣ ਤੋਂ ਕਈ ਸਾਲ ਪਹਿਲਾਂ ਲਤਾ ਮੰਗੇਸ਼ਕਰ ਸੰਗੀਤ ਜਗਤ 'ਚ ਇਕ ਮਹਾਨ ਗਾਇਕਾ ਵਜੋਂ ਅਪਣਾ ਨਾਂ ਦਰਜ ਕਰਾ ਚੁੱਕੀ ਸੀ | ਉਨ੍ਹਾਂ ਦਾ ਜਨਮ 28 ਸਤੰਬਰ 1929 ਨੂੰ ਇੰਦੌਰ ਵਿਚ ਹੋਇਆ ਸੀ | ਉਸ਼ਾ ਮੰਗੇਸ਼ਕਰ ਨੇ ਕਿਹਾ, ''ਉਹ ਹੁਣ ਸਾਡੇ ਵਿਚ ਨਹੀਂ ਰਹੀ | ਉਨ੍ਹਾਂ ਦਾ ਐਤਵਾਰ ਸਵੇਰੇ ਦਿਹਾਂਤ ਹੋ ਗਿਆ |
ਲਤਾ ਮੰਗੇਸ਼ਕਰ ਦੇ ਦਿਹਾਂਤ ਕਾਰਨ ਦੇਸ਼ ਭਰ 'ਚ ਸੋਗ ਦੀ ਲਹਿਰ ਹੈ | ਕੇਂਦਰ ਸਰਕਾਰ ਨੇ ਲਤਾ ਮੰਗੇਸ਼ਕਰ ਦੇ ਦਿਹਾਂਤ 'ਤੇ ਦੇਸ਼ 'ਚ ਦੋ ਦਿਨ ਦੇ ਰਾਸ਼ਟਰੀ ਸੋਗ ਦਾ ਐਲਾਨ ਕੀਤਾ ਗਿਆ ਹੈ | 6 ਤੋਂ 7 ਫ਼ਰਵਰੀ ਤਕ ਦੇਸ਼ ਦੇ ਸਾਰੇ ਸਰਕਾਰੀ ਦਫ਼ਤਰਾਂ, ਸੰਸਦ, ਸਕੱਤਰੇਤ, ਵਿਧਾਨ ਸਭਾ ਅਤੇ ਹੋਰ ਮਹੱਤਵਪੂਰਣ ਰਾਸ਼ਟਰੀ ਭਵਨਾਂ 'ਚ ਰਾਸ਼ਟਰੀ ਤਿਰੰਗਾ ਅੱਧਾ ਝੁਕਿਆ ਰਹੇਗਾ |
ਲਤਾ ਮੰਗੇਸ਼ਕਰ ਪਿਛਲੇ 28 ਦਿਨਾਂ ਤੋਂ ਬੀਮਾਰ ਚੱਲ ਰਹੀ ਸੀ | ਲਤਾ ਨੂੰ 8 ਜਨਵਰੀ ਨੂੰ ਕੋਰੋਨਾ ਹੋਣ ਮਗਰੋਂ ਮੁੰਬਈ ਦੇ ਬੀਚ ਕੈਂਡੀ ਹਸਪਤਾਲ 'ਚ ਭਰਤੀ ਕਰਵਾਇਆ ਗਿਆ ਸੀ | ਲਤਾ ਨੂੰ ਕੋਰੋਨਾ ਨਾਲ ਨਿਮੋਨੀਆ ਵੀ ਹੋਇਆ ਸੀ | ਉਨ੍ਹਾਂ ਦੀ ਉਮਰ ਨੂੰ ਵੇਖਦੇ ਹੋਏ ਡਾਕਟਰਾਂ ਨੇ ਉਨ੍ਹਾਂ ਨੂੰ
ਆਈ. ਸੀ. ਯੂ. 'ਚ ਭਰਤੀ ਕੀਤਾ ਸੀ | (ਏਜੰਸੀ)