
ਪੰਜਾਬ ਦੀ ਸਰਕਾਰ ਹੁਣ ਮਹਿਲਾਂ ਵਿਚੋਂ ਨਹੀਂ ਆਮ ਘਰਾਂ ’ਚੋਂ ਬਣੇਗੀ : ਭਗਵੰਤ ਮਾਨ
ਅਕਾਲੀ, ਕਾਂਗਰਸ ਅਤੇ ਬੀਜੇਪੀ ਨੂੰ ਪਾਣੀ ਪੀ-ਪੀ ਕੇ ਕੋਸਿਆ
ਦੋਦਾ, 7 ਫ਼ਰਵਰੀ (ਅਸ਼ੋਕ ਯਾਦਵ) : ਆਮ ਆਦਮੀ ਪਾਰਟੀ ਦੇ ਪ੍ਰਧਾਨ ਭਗਵੰਤ ਸਿੰਘ ਮਾਨ ਵਲੋਂ ਅੱਜ ਲੰਬੀ ਹਲਕੇ ਤੋਂ ਸ਼ੁਰੂ ਕਰ ਕੇ ਹਲਕਾ ਮਲੋਟ ਰਾਹੀ ਗਿੱਦੜਬਾਹਾ ਵਿਖੇ ਹੁੰਦੇ ਹੋਏ ਭਲਾਈਆਣਾ ਰਾਹੀਂ ਦੋਦਾ ਪੁੱਜੇ ਅਤੇ ਉਨ੍ਹਾਂ ਇਥੇ ਕਿਹਾ ਕਿ ਇਸ ਵਾਰ ਪੰਜਾਬ ਦੀ ਸਰਕਾਰ ਮਹਿਲਾਂ ਵਿਚੋਂ ਨਹੀਂ ਆਮ ਲੋਕਾਂ ਦੇ ਘਰਾਂ ਵਿਚੋਂ ਬਣੇਗੀ। ਉਨ੍ਹਾਂ ਪਿ੍ਰਤਪਾਲ ਸ਼ਰਮਾ ਦੇ ਹੱਕ ਵਿਚ ਪ੍ਰਚਾਰ ਕਰਦਿਆਂ 20 ਫ਼ਰਵਰੀ ਨੂੰ ਚੋਣ ਨਿਸ਼ਾਨ ਝਾੜੂ ਦਾ ਬਟਨ ਦਬਾਉਣ ਦੀ ਜ਼ੋਰਦਾਰ ਅਪੀਲ ਕੀਤੀ ਅਤੇ ਉਨ੍ਹਾਂ ਅਪਣੇ ਭਾਸ਼ਣ ਰਾਹੀਂ ਅਕਾਲੀ ਦਲ, ਕਾਂਗਰਸ ਅਤੇ ਬੀਜੇਪੀ ਨੂੰ ਲੰਮੇ ਹੱਥੀਂ ਲੈਂਦਿਆਂ ਰੱਜ ਕੇ ਕੋਸਿਆ ਅਤੇ ਕਿਹਾ ਪਹਿਲੀਆਂ ਰਵਾਇਤੀ ਪਾਰਟੀਆਂ ਦੇ ਆਗੂਆਂ ਵਲੋਂ ਸੂਬੇ ਦੇ ਵਿਕਾਸ ਵਲ ਧਿਆਨ ਘੱਟ ਅਤੇ ਅਪਣੇ ਵਿਕਾਸ ਵਲ ਵੱਧ ਦਿਤਾ ਗਿਆ ਹੈ। ਉਨ੍ਹਾਂ ਕਿਹਾ ਕਿ ਪੰਜਾਬ ਨੂੰ ਕੈਲੇਫ਼ੋਰਨੀਆ ਨਹੀਂ ਪੰਜਾਬ ਹੀ ਰਹਿਣ ਦਿਉ। ਉਨ੍ਹਾਂ 10 ਮਾਰਚ ਨੂੰ ਪੰਜਾਬ ਅੰਦਰ ਭਾਰੀ ਬਹੁਮਤ ਨਾਲ ਸਰਕਾਰ ਬਣਾਉਣ ਦਾ ਦਾਅਵਾ ਕੀਤਾ। ਇਸ ਮੌਕੇ ਵੱਡੀ ਗਿਣਤੀ ਵਿਚ ਪਾਰਟੀ ਆਗੂ ਅਤੇ ਵਰਕਰ ਮੌਜੂਦ ਸਨ।
ਇਸ ੳਪਰੰਤ ਸਮੁੱਚਾ ਕਾਫ਼ਲਾ ਵਾਇਆ ਕੌਣੀ ਹੁੰਦਾ ਹੋਇਆ ਉਮੀਦਵਾਰ ਦੇ ਨਿਜੀ ਪਿੰਡ ਹਰੀਕੇ ਕਲਾਂ ਵਲ ਰਵਾਨਾ ਹੋ ਗਿਆ। ਵਰਕਰਾਂ ਵਿਚ ਭਾਰੀ ਉਤਸ਼ਾਹ ਪਾਇਆ ਜਾ ਰਿਹਾ ਹੈ। ਇਸ ਮੌਕੇ ਉਨ੍ਹਾਂ ਨਾਲ ਸੁਖਜਿੰਦਰ ਸਿੰਘ ਕਾਉਣੀ ਮੌਜੂਦ ਸਨ।