
ਸੌਦਾ ਸਾਧ ਨੂੰ ਮਿਲੀ 21 ਦਿਨਾਂ ਦੀ ਪੈਰੋਲ, ਜੇਲ ’ਚੋਂ ਬਾਹਰ ਆਇਆ
ਰੋਹਤਕ, 7 ਫ਼ਰਵਰੀ : ਵਿਧਾਨ ਸਭਾ ਚੋਣਾਂ ਦਰਮਿਆਨ ਸੌਦਾ ਸਾਧ ਨੂੰ ਪੈਰੋਲ ਦੇ ਦਿਤੀ ਗਈ ਹੈ। ਉਹ 27 ਫ਼ਰਵਰੀ ਤਕ ਜੇਲ ਤੋਂ ਬਾਹਰ ਰਹੇਗਾ। ਇਸ ਦਾ ਸੱਭ ਤੋਂ ਜ਼ਿਆਦਾ ਅਸਰ ਯੂਪੀ ਅਤੇ ਪੰਜਾਬ ਦੀਆਂ ਚੋਣਾਂ ਉਪਰ ਪਵੇਗਾ। ਹਰਿਆਣਾ ਦੇ ਰੋਹਤਕ ਜ਼ਿਲ੍ਹੇ ’ਚ ਸਥਿਤ ਸੁਨਾਰੀਆ ਜੇਲ ਵਿਚ ਕੈਦ ਡੇਰਾ ਸੱਚਾ ਸੌਦਾ ਮੁਖੀ ਗੁਰਮੀਤ ਰਾਮ ਰਹੀਮ ਦੀ ਸੋਮਵਾਰ ਨੂੰ 21 ਦਿਨਾਂ ਦੀ ਪੈਰੋਲ ਮਨਜ਼ੂਰ ਕਰ ਲਈ ਗਈ ਹੈ। ਰਾਮ ਰਹੀਮ ਜੇਲ ’ਚੋਂ ਬਾਹਰ ਆ ਗਿਆ ਹੈ। ਅਧਿਕਾਰੀਆਂ ਨੇ ਇਹ ਜਾਣਕਾਰੀ ਦਿਤੀ। ਉਸ ਨੂੰ ਸੁਨਾਰੀਆ ਜੇਲ ਤੋਂ ਲਿਜਾਣ ਲਈ ਬੇਟਾ ਜਸਮੀਤ, ਧੀਆਂ ਅਤੇ ਜਵਾਈ ਜੇਲ ਪਹੁੰਚੇ। ਸੌਦਾ ਸਾਧ ਨੂੰ ਭਾਰੀ ਸੁਰੱਖਿਆ ਦਰਮਿਆਨ ਗੁਰੂਗ੍ਰਾਮ ਲਿਜਾਇਆ ਗਿਆ।
ਜਾਣਕਾਰੀ ਮੁਤਾਬਕ ਰਾਮ ਰਹੀਮ ਹਰਿਆਣਾ ਵਿਚ ਕਿਤੇ ਵੀ ਜਾ ਸਕਦਾ ਹੈ। ਉਹ ਗੁਰੂਗ੍ਰਾਮ ਡੇਰੇ ’ਚ ਪੁਲਿਸ ਦੀ ਨਿਗਰਾਨੀ ਵਿਚ ਰਹੇਗਾ। ਸਿੱਖ ਹਲਕੇ ਪ੍ਰਗਟਾਵਾ ਕਰਦੇ ਹਨ ਸੌਦਾ ਸਾਧ ਨੂੰ ਜਿਵੇਂ ਹਰ ਮਹੀਨੇ ਕਿਸੇ ਨਾ ਕਿਸੇ ਬਹਾਨੇ, ਬਾਹਰ ਦੀ ਹਵਾ ਖਵਾਉਣ ਦੇ ਪ੍ਰਬੰਧ ਕੀਤੇ ਜਾ ਰਹੇ ਹਨ, ਉਸ ਦੇ ਮੁਕਾਬਲੇ ਪ੍ਰੋ. ਭੁੱਲਰ ਵਰਗੇ ਸਿੱਖ ਕੈਦੀਆਂ ਨੂੰ ਬਾਹਰ ਦੀ ਹਵਾ ਵੀ ਨਹੀਂ ਲੱਗਣ ਦਿਤੀ ਜਾਂਦੀ ਤੇ ਉਹ ਮਾਨਸਕ ਰੋਗੀ ਬਣ ਕੇ ਰਹਿ ਜਾਂਦੇ ਹਨ।
ਪੰਜਾਬ ਵਿਚ 20 ਫ਼ਰਵਰੀ ਨੂੰ ਵੋਟਾਂ ਪੈਣੀਆਂ ਹਨ। ਸੂਬੇ ਦੀ ਮਾਲਵਾ ਬੈਲਟ ਦੀਆਂ ਜ਼ਿਆਦਾਤਰ ਸੀਟਾਂ ’ਤੇ ਡੇਰੇ ਦਾ ਸਿੱਧਾ ਪ੍ਰਭਾਵ ਹੈ, ਜਿਸ ਨਾਲ ਇਨ੍ਹਾਂ ਸੀਟਾਂ ਉਤੇ ਆਉਣ ਵਾਲੇ ਚੋਣ ਨਤੀਜਿਆਂ ’ਤੇ ਅਸਰ ਪੈ ਸਕਦਾ ਹੈ। ਹਰਿਆਣਾ ਦੇ ਜੇਲ ਮੰਤਰੀ ਰਣਜੀਤ ਸਿੰਘ ਚੌਟਾਲਾ ਨੇ ਪਹਿਲਾਂ ਬਿਆਨ ਦਿਤਾ ਸੀ ਕਿ ਪੈਰੋਲ ਲੈਣਾ ਹਰ ਕੈਦੀ ਦਾ ਅਧਿਕਾਰ ਹੈ। ਇਸ ਤੋਂ ਬਾਅਦ ਰਾਮ ਰਹੀਮ ਨੂੰ 21 ਦਿਨ ਦੀ ਪੈਰੋਲ ਮਿਲ ਗਈ। ਇਸ ਤੋਂ ਪਹਿਲਾਂ ਪਿਛਲੇ ਸਾਲ ਵੀ ਸੌਦਾ ਸਾਧ ਨੂੰ ਅਪਣੀ ਬਿਮਾਰ ਮਾਂ ਨਾਲ ਮਿਲਣ ਲਈ ਸਵੇਰ ਤੋਂ ਸ਼ਾਮ ਤਕ ਦੀ ਐਮਰਜੈਂਸੀ ਪੈਰੋਲ ਦਿਤੀ ਗਈ ਸੀ। ਉਹ ਸਿਹਤ ਕਾਰਨਾਂ ਦਾ ਹਵਾਲਾ ਦੇ ਕੇ ਵੀ ਕੁੱਝ ਮੌਕਿਆਂ ’ਤੇ ਜੇਲ ’ਚੋਂ ਬਾਹਰ ਆਇਆ ਸੀ।
ਯਾਦ ਰਹੇ ਕਿ 54 ਸਾਲਾ ਰਾਮ ਰਹੀਮ ਸਿਰਸਾ ਸਥਿਤ ਅਪਣੇ ਡੇਰੇ ਵਿਚ ਦੋ ਸਾਧਣੀਆਂ ਨਾਲ ਬਲਾਤਕਾਰ ਦੇ ਮਾਮਲੇ ਵਿਚ 20 ਸਾਲ ਦੀ ਸਜ਼ਾ ਕੱਟ ਰਿਹਾ ਹੈ। ਉਸ ਨੂੰ ਪੰਚਕੂਲਾ ਦੀ ਇਕ ਵਿਸ਼ੇਸ਼ ਸੀਬੀਆਈ ਅਦਾਲਤ ਨੇ ਅਗੱਸਤ 2017 ਵਿਚ ਦੋਸ਼ੀ ਕਰਾਰ ਦਿਤਾ ਸੀ। ਜ਼ਿਕਰਯੋਗ ਹੈ ਕਿ ਸਿਰਸਾ ਮੁੱਖ ਦਫ਼ਤਰ ਵਾਲੇ ਡੇਰੇ ਦੇ ਚੁਣਾਵੀ ਸੂਬੇ ਪੰਜਾਬ ਅਤੇ ਉਤਰ ਪ੍ਰਦੇਸ਼ ਵਿਚ ਵੱਡੀ ਗਿਣਤੀ ਵਿਚ ਪ੍ਰੇਮੀ ਹਨ।
ਦੂਜੇ ਪਾਸੇ ਡੇਰਾ ਸੱਚਾ ਸੌਦਾ ਮੈਨੇਜਮੈਂਟ ਕਮੇਟੀ ਨੇ ਡੇਰਾ ਪ੍ਰੇਮੀਆਂ ਨੂੰ ਅਪਣੇ-ਅਪਣੇ ਘਰਾਂ ਵਿਚ ਰਹਿਣ ਦੀ ਅਪੀਲ ਕੀਤੀ ਹੈ।
ਦੂਜੇ ਪਾਸੇ ਹਰਿਆਣਾ ਦੇ ਮੁੱਖ ਮੰਤਰੀ ਮਨੋਹਰ ਲਾਲ ਖੱਟਰ ਨੇ ਕਿਹਾ ਕਿ ਇਹ ਕਾਨੂੰਨੀ ਪ੍ਰਕਿਰਿਆ ਹੈ ਅਤੇ ਕੁੱਝ ਚੀਜ਼ਾਂ ਸਾਡੇ ਸਿਸਟਮ, ਸਾਡੇ ਕਾਨੂੰਨ ਅਤੇ ਸੰਵਿਧਾਨ ਦੇ ਹਿਸਾਬ ਨਾਲ ਚਲਦੀਆਂ ਹਨ। ਸੌਦਾ ਸਾਧ ਨੂੰ ਕਈ ਵਾਰ ਬਿਮਾਰੀਆਂ ਕਾਰਨ ਜੇਲ ਤੋਂ ਬਾਹਰ ਲਿਆਂਦਾ ਗਿਆ ਹੈ। 12 ਮਈ 2021 ਨੂੰ ਸੌਦਾ ਸਾਧ ਨੇ ਬਲੱਡ ਪ੍ਰੈਸ਼ਰ ਤੇ ਬੇਚੈਨੀ ਦੀ ਸ਼ਿਕਾਇਤ ਕੀਤੀ, ਤਾਂ ਉਸ ਨੂੰ ਪੀਜੀਆਈ ਲਿਆਂਦਾ ਗਿਆ। 3 ਜੂਨ 2021 ਨੂੰ ਉਸ ਨੇ ਪੇਟ ਦਰਦ ਦੀ ਸ਼ਿਕਾਇਤ ਕੀਤੀ, ਜਿਸ ਤੋਂ ਬਾਅਦ ਉਸ ਨੂੰ ਪੀਜੀਆਈ ਰੋਹਤਕ ਲਿਆਂਦਾ ਗਿਆ। 8 ਜੂਨ 2021 ਨੂੰ ਉਸ ਨੂੰ ਗੁਰੂਗ੍ਰਾਮ ਦੇ ਮੇਦਾਂਤਾ ਹਸਪਤਾਲ ਲਿਜਾਇਆ ਗਿਆ। ਇਸੇ ਤਰ੍ਹਾਂ 9 ਅਗੱਸਤ 2021 ਨੂੰ ਉਸ ਨੂੰ ਦਿੱਲੀ ਦੇ ਏਮਜ਼ ਹਸਪਤਾਲ ਲਿਜਾਇਆ ਗਿਆ। (ਏਜੰਸੀ)
ਡੱਬੀ