ਡਰੋਨ ਰਾਹੀਂ ਆਰਡਰ ਦੇਣ ਦਾ ਸ਼ੱਕ
ਅੰਮ੍ਰਿਤਸਰ - ਪੰਜਾਬ ਦੇ ਅੰਮ੍ਰਿਤਸਰ 'ਚ ਕਾਰਵਾਈ ਕਰਦੇ ਹੋਏ ਗੁਰਦਾਸਪੁਰ ਪੁਲਿਸ ਨੇ ਇਕ ਤਸਕਰ ਨੂੰ ਕਾਬੂ ਕੀਤਾ ਹੈ। ਗੁਰਦਾਸਪੁਰ ਕਾਊਂਟਰ ਇੰਟੈਲੀਜੈਂਸ (ਸੀ.ਆਈ.) ਵੱਲੋਂ ਕੀਤੀ ਗਈ ਇਸ ਕਾਰਵਾਈ ਵਿੱਚ ਕਰੀਬ 4 ਕਿਲੋ ਹੈਰੋਇਨ ਵੀ ਜ਼ਬਤ ਕੀਤੀ ਗਈ ਹੈ। ਸ਼ੱਕ ਹੈ ਕਿ ਇਹ ਖੇਪ ਸਰਹੱਦ ਪਾਰ ਤੋਂ ਮੰਗਵਾਈ ਗਈ ਹੈ। ਪੁਲਿਸ ਫੜੇ ਗਏ ਤਸਕਰ ਤੋਂ ਪੁੱਛਗਿੱਛ ਕਰ ਰਹੀ ਹੈ।
ਜਾਣਕਾਰੀ ਮੁਤਾਬਕ ਗ੍ਰਿਫ਼ਤਾਰ ਨੌਜਵਾਨ ਗੁਰਦਾਸਪੁਰ ਦੇ ਕਾਦੀਆਂ ਦਾ ਰਹਿਣ ਵਾਲਾ ਹੈ। ਸੀ.ਆਈ.ਗੁਰਦਾਸਪੁਰ ਨੂੰ ਸੂਚਨਾ ਮਿਲੀ ਸੀ ਕਿ ਇੱਕ ਨਾਮੀ ਤਸਕਰ ਖੇਪ ਬਰਾਮਦ ਕਰਨ ਲਈ ਅੰਮ੍ਰਿਤਸਰ ਬਾਰਡਰ 'ਤੇ ਗਿਆ ਸੀ। ਜਿਸ ਤੋਂ ਬਾਅਦ ਸੀਆਈ ਟੀਮ ਨੇ ਸੂਚਨਾ ਦੇ ਆਧਾਰ 'ਤੇ ਕਾਰਵਾਈ ਸ਼ੁਰੂ ਕਰ ਦਿੱਤੀ ਹੈ।
ਅੰਮ੍ਰਿਤਸਰ ਦਿਹਾਤੀ ਪੁਲਿਸ ਨੂੰ ਨਾਲ ਲੈ ਕੇ ਇਹ ਕਾਰਵਾਈ ਕੀਤੀ ਗਈ। ਕਸਬਾ ਰਮਦਾਸ ਦੇ ਬੱਸ ਸਟੈਂਡ ਤੋਂ ਮੁਲਜ਼ਮ ਨੂੰ ਕਾਬੂ ਕਰਨ ਵਿੱਚ ਸਫਲਤਾ ਹਾਸਲ ਕੀਤੀ। ਪੁਲਿਸ ਨੂੰ ਸ਼ੱਕ ਹੈ ਕਿ ਇਹ ਖੇਪ ਪਾਕਿਸਤਾਨ ਤੋਂ ਆਈ ਹੈ ਅਤੇ ਇਸ ਨੂੰ ਪਾਕਿ ਸਮੱਗਲਰਾਂ ਨੇ ਡਰੋਨ ਰਾਹੀਂ ਭੇਜਿਆ ਹੈ।
ਮੁਲਜ਼ਮ ਆਪਣੀ ਕਾਰ ਵਿੱਚ ਸੀ ਜਦੋਂ ਉਸ ਨੂੰ ਕਾਬੂ ਕਰ ਲਿਆ ਗਿਆ। ਪੁਲੀਸ ਨੇ ਕਾਰ ਨੂੰ ਘੇਰ ਕੇ ਰੋਕ ਲਿਆ। ਜਦੋਂ ਕਾਰ ਦੀ ਤਲਾਸ਼ੀ ਲਈ ਗਈ ਤਾਂ ਉਸ ਵਿੱਚੋਂ 4 ਕਿਲੋ ਹੈਰੋਇਨ ਦੀ ਖੇਪ ਬਰਾਮਦ ਹੋਈ। ਫਿਲਹਾਲ ਪੁਲਿਸ ਮੁਲਜ਼ਮ ਦਾ ਟਰਾਂਜ਼ਿਟ ਰਿਮਾਂਡ ਹਾਸਲ ਕਰ ਰਹੀ ਹੈ, ਤਾਂ ਜੋ ਉਸ ਨੂੰ ਗੁਰਦਾਸਪੁਰ ਅਦਾਲਤ ਵਿੱਚ ਪੇਸ਼ ਕਰਕੇ ਰਿਮਾਂਡ ਲਿਆ ਜਾ ਸਕੇ।