
ਸੁਖਬੀਰ ਬਾਦਲ ਨੂੰ ਬਚਾਉਣ ਲਈ ਸਿੱਖੀ ਸਿਧਾਂਤਾਂ ਨੂੰ ਛਿੱਕੇ ਟੰਗਿਆ ਜਾ ਰਿਹਾ ਹੈ।
ਨਵੀਂ ਦਿੱਲੀ: ਗਿਆਨੀ ਰਘਬੀਰ ਸਿੰਘ ਨੂੰ ਹਟਾਉਣ ਤੋਂ ਬਾਅਦ ਦਿੱਲੀ ਸਿੱਖ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਪ੍ਰਧਾਨ ਹਰਮੀਤ ਸਿੰਘ ਕਾਲਕਾ ਨੇ ਵੱਡਾ ਬਿਆਨ ਦਿੱਤਾ ਹੈ। ਉਨ੍ਹਾਂ ਨੇ ਕਿਹਾ ਹੈ ਕਿ ਪਹਿਲਾ ਅਸੀਂ ਗਿਆਨੀ ਹਰਪ੍ਰੀਤ ਸਿੰਘ ਦੇ ਹੱਕ ਵਿੱਚ ਆਏ ਸਨ ਕਿਉਂਕਿ ਜਥੇਦਾਰ ਦਾ ਸਨਮਾਨ ਕਰਨਾ ਸਾਡਾ ਫਰਜ ਹੈ। ਗਿਆਨੀ ਰਘਬੀਰ ਸਿੰਘ ਨੂੰ ਹਟਾਉਣ ਤੋਂ ਬਾਅਦ ਕਾਲਕਾ ਨੇ ਕਿਹਾ ਹੈ ਕਿ ਇਸ ਤੋਂ ਵੱਡਾ ਕਾਲਾ ਇਤਹਾਸ ਨਹੀਂ ਲਿਖਿਆ ਜਾ ਸਕਦਾ, ਸਿਰਫ਼ ਇਕ ਬੰਦੇ ਨੂੰ ਬਚਾਉਣ ਲਈ ਸਿੱਖੀ ਸਿਧਾਂਤਾਂ ਨੂੰ ਛਿੱਕੇ ਟੰਗ ਦਿੱਤਾ, 2 ਦਸੰਬਰ ਨੂੰ ਜੋ ਸੁਖਬੀਰ ਬਾਦਲ ਲਈ ਫ਼ੈਸਲੇ ਲਏ ਗਏ ਸਨ ਉਸ ਕਰ ਕੇ ਜਥੇਦਾਰਾਂ ਨੂੰ ਬਾਹਰ ਕੱਢਿਆ।
ਕਾਲਕਾ ਨੇ ਕਿਹਾ ਹੈ ਕਿ ਜਥੇਦਾਰਾਂ ਨੂੰ ਜਿਸ ਤਰੀਕੇ ਨਾਲ ਹਟਾਇਆ ਜਾ ਰਿਹਾ ਹੈ ਇਸ ਨਾਲ ਲੋਕਾਂ ਦੀਆਂ ਭਾਵਨਾਵਾਂ ਨੂੰ ਠੇਸ ਪਹੁੰਚਦੀ ਹੈ। ਉਨ੍ਹਾਂ ਨੇ ਕਿਹਾ ਹੈ ਕਿ ਮੈਂ ਜਥੇਦਾਰਾਂ ਨੂੰ ਮਿਲਾਂਗਾ। ਉਨ੍ਹਾਂ ਨੇ ਕਿਹਾ ਹੈ ਕਿ ਮੈਂ ਸਾਰੀਆਂ ਜਥੇਬੰਦੀਆ ਅਤੇ ਸੰਤ ਸਮਾਜ ਨੂੰ ਕਹਿੰਦਾ ਹਾਂ ਕਿ ਸਾਰੇ ਇੱਕਠੇ ਹੋ ਕੇ ਸ੍ਰੀ ਅਕਾਲ ਤਖ਼ਤ ਸਾਹਿਬ ਉੱਤੇ ਜਾ ਕੇ ਬੈਠੋ ਤਾਂ ਜਥੇਦਾਰ ਨੂੰ ਹਟਾਉਣ ਦੀ ਵਿਧੀ ਵਿਧਾਨ ਬਣਾਇਆ ਜਾਵੇ।
ਕਾਲਕਾ ਨੇ ਕਿਹਾ ਹੈ ਕਿ ਸੁਖਬੀਰ ਬਾਦਲ ਨੂੰ ਪ੍ਰਧਾਨ ਬਣਾਉਣ ਲਈ 7 ਮੈਂਬਰੀ ਕਮੇਟੀ ਨੂੰ ਛਿੱਕੇ ਟੰਗਿਆ ਜਾ ਰਿਹਾ ਹੈ। ਉਨ੍ਹਾਂ ਨੇ ਕਿਹਾ ਹੈ ਕਿ ਜਿਸ ਤਰੀਕੇ ਨਾਲ ਜਥੇਦਾਰਾਂ ਨੂੰ ਹੀ ਬਦਲਿਆ ਜਾ ਰਿਹਾ ਹੈ ਇਹ ਬੜਾ ਮੰਦਭਾਗਾ ਹੈ। ਉਨ੍ਹਾਂ ਨੇ ਕਿਹਾ ਹੈ ਕਿ ਜੋ ਵੀ ਸੁਖਬੀਰ ਬਾਦਲ ਦੀ ਗੱਲ ਨਹੀ ਮੰਨਦਾ ਉਸ ਨੂੰ ਹਟਾ ਦਿੱਤਾ ਜਾਂਦਾ ਹੈ।