
ਮੋਗਾ ਐਸਐਸਪੀ ਮਾਮਲੇ 'ਚ ਜਾਂਚ ਦੀ ਸੂਈ ਉਪਰਲਿਆਂ ਵਲ ਘੁੰਮਦੀ ਹੋਣ ਦਾ ਦਾਅਵਾ'
ਪੰਜਾਬ ਵਿਚ ਨਸ਼ਿਆਂ ਦੇ ਇਕ ਵੱਡੇ ਕੇਸ ਦੀ ਹਾਈ ਕੋਰਟ ਦੇ ਆਦੇਸ਼ਾਂ 'ਤੇ ਜਾਰੀ ਜਾਂਚ ਤਹਿਤ ਅੱਜ ਉਸ ਵੇਲੇ ਵੱਡਾ ਮੋੜ ਆ ਗਿਆ ਜਦੋਂ ਸਥਿਤੀ 'ਡੀਜੀਪੀ ਬਨਾਮ 2 ਡੀਜੀਪੀ' ਬਣ ਗਈ। ਹੋਇਆ ਇਹ ਕਿ ਹਾਈ ਕੋਰਟ ਮੋਗਾ ਐਸਐਸਪੀ ਰਾਜਜੀਤ ਸਿੰਘ ਅਤੇ ਮੁਅੱਤਲ ਇੰਸਪੈਕਟਰ ਇੰਦਰਜੀਤ ਸਿੰਘ ਦੇ ਮਾਮਲੇ 'ਚ ਗਠਤ ਐਸਆਈਟੀ ਦੀ ਅਗਵਾਈ ਕਰ ਰਹੇ ਡੀਜੀਪੀ (ਮਨੁੱਖੀ ਸ੍ਰੋਤ) ਸਿਧਾਰਥ ਚਟੋਪਾਧਿਆਏ ਨੇ ਅੱਜ ਹਾਈ ਕੋਰਟ ਦੇ ਜਸਟਿਸ ਸੁਰਿਆ ਕਾਂਤ ਦੀ ਅਗਵਾਈ ਵਾਲੇ ਬੈਂਚ ਕੋਲ ਕਰੀਬ 10 ਪੰਨਿਆਂ ਦੀ ਅਰਜ਼ੀ ਅਤੇ ਕੁੱਝ ਹੋਰ ਸੀਲਬੰਦ ਦਸਤਾਵੇਜ਼ ਦਾਇਰ ਕਰ ਪੰਜਾਬ ਦੇ ਡੀਜੀਪੀ ਸੁਰੇਸ਼ ਅਰੋੜਾ ਅਤੇ ਡੀਜੀਪੀ (ਇੰਟੈਲੀਜੈਂਸ) ਦਿਨਕਰ ਗੁਪਤਾ ਵਲ ਹੀ ਉਂਗਲ ਚੁਕ ਦਿਤੀ ਜਿਸ ਤਹਿਤ ਸਿਧਾਰਥ ਚਟੋਪਾਧਿਆਏ ਨੇ ਅੱਜ ਹਾਈ ਕੋਰਟ ਵਿਚ ਪ੍ਰਗਟਾਵਾ ਕੀਤਾ ਕਿ ਪੰਜਾਬ ਦੇ ਡੀਜੀਪੀ ਸੁਰੇਸ਼ ਅਰੋੜਾ ਤੇ ਡੀਜੀਪੀ ਇੰਟੈਲੀਜੈਂਸ ਦਿਨਕਰ ਗੁਪਤਾ ਉਨ੍ਹਾਂ ਨੂੰ ਖ਼ੁਦਕੁਸ਼ੀ ਦੇ ਝੂਠੇ ਕੇਸ ਵਿਚ ਫਸਾ ਰਹੇ ਹਨ। ਚਟੋਪਾਧਿਆਏ ਨੇ ਕਿਹਾ ਹੈ ਕਿ ਅੰਮ੍ਰਿਤਸਰ ਦੇ ਇੰਦਰਪ੍ਰੀਤ ਸਿੰਘ ਚੱਢਾ ਖ਼ੁਦਕੁਸ਼ੀ ਕੇਸ ਨਾਲ ਉਨ੍ਹਾਂ ਦਾ ਕੋਈ ਸਬੰਧ ਨਹੀਂ।
Inderpreet chadha
ਇਥੋਂ ਤਕ ਕਿ ਚੱਢਾ ਦੇ ਖ਼ੁਦਕੁਸ਼ੀ ਨੋਟ ਵਿਚ ਵੀ ਉਨ੍ਹਾਂ ਦਾ ਨਾਮ ਨਾ ਹੋਣ ਦੇ ਬਾਵਜੂਦ ਵੀ ਉਨ੍ਹਾਂ ਨੂੰ 12 ਸਾਲ ਜੂਨੀਅਰ ਆਈਜੀ ਨੇ ਦੋ ਪ੍ਰਸ਼ਨ ਪੱਤਰ ਭੇਜੇ। ਉਨ੍ਹਾਂ ਕਿਹਾ ਕਿ ਚੀਫ਼ ਖ਼ਾਲਸਾ ਦੀਵਾਨ ਦੇ ਸਾਬਕਾ ਪ੍ਰਧਾਨ ਚਰਨਜੀਤ ਸਿੰਘ ਚੱਢਾ ਦੇ ਪੁੱਤਰ ਇੰਦਰਪ੍ਰੀਤ ਸਿੰਘ ਚੱਢਾ ਖ਼ੁਦਕੁਸ਼ੀ ਕੇਸ ਦੀ ਜਾਂਚ ਕਰ ਰਹੀ ਐਸਆਈਟੀ ਦੇ ਮੁਖੀ ਐਲਕੇ ਯਾਦਵ ਹਨ। ਯਾਦਵ ਦੋਵੇਂ ਡੀਜੀਪੀਜ਼ ਦਾ ਖ਼ਾਸ-ਮ-ਖ਼ਾਸ ਹਨ। ਚਟੋਪਾਧਿਆਏ ਨੇ ਅੱਗੇ ਇਹ ਦੋਸ਼ ਵੀ ਲਾਇਆ ਕਿ ਮੋਗਾ ਦੇ ਐਸਐਸਪੀ ਰਾਜਜੀਤ ਸਿੰਘ ਨੂੰ ਬਚਾਉਣ ਲਈ ਦੋਵੇਂ ਡੀਜੀਪੀ ਦਬਾਅ ਪਾ ਰਹੇ ਹਨ। ਚਟੋਪਾਧਿਆਏ ਨੇ ਕਿਹਾ ਹੈ ਕਿ ਐਸਐਸਪੀ ਰਾਜਜੀਤ ਸਿੰਘ ਵਿਰੁਧ ਚਲ ਰਹੀ ਜਾਂਚ ਵਿਚ ਦੋਵੇਂ ਡੀਜੀਪੀਜ਼ ਨਾਲ ਜੁੜੇ ਅਹਿਮ ਤੱਥ ਸਾਹਮਣੇ ਆਏ ਹਨ। ਇਸ ਸਬੰਧ ਵਿਚ ਇਕ ਬੇਨਾਮੀ ਕੋਠੀ ਦਾ ਵੀ ਜ਼ਿਕਰ ਹੋਇਆ ਹੈ। ਹਾਈ ਕੋਰਟ ਬੈਂਚ ਨੇ ਚਟੋਪਾਧਿਆਏ ਅਤੇ ਐਮੀਕਸ ਕਿਉਰੀ ਸੀਨੀਅਰ ਐਡਵੋਕੇਟ ਅਨੁਪਮ ਗੁਪਤਾ ਦੀਆਂ ਇਹ ਦਲੀਲਾਂ ਸੁਣ ਕੇ ਉਨ੍ਹਾਂ ਵਿਰੁਧ ਇੰਦਰਪ੍ਰੀਤ ਸਿੰਘ ਚੱਢਾ ਖ਼ੁਦਕੁਸ਼ੀ ਕਾਂਡ ਸਬੰਧੀ ਚਲ ਰਹੀ ਜਾਂਚ 'ਤੇ ਰੋਕ ਲਾ ਦਿਤੀ ਹੈ। ਦਸਣਯੋਗ ਹੈ ਕਿ ਹਾਈ ਕੋਰਟ ਦੇ ਆਦੇਸ਼ਾਂ 'ਤੇ ਗਠਤ ਉਕਤ ਐਸਆਈਟੀ ਦੇ ਮੁਖੀ ਸਿਧਾਰਥ ਚਟੋਪਾਧਿਆਏ ਨੇ ਰੀਪੋਰਟ ਵਿਚ ਲਿਖਿਆ ਹੈ ਕਿ ਮੋਗਾ ਦੇ ਐਸਐਸਪੀ ਰਾਜਜੀਤ ਸਿੰਘ ਤੇ ਬਰਖ਼ਾਸਤ ਇੰਸਪੈਕਟਰ ਇੰਦਰਜੀਤ ਸਿੰਘ ਦੀ ਜਾਂਂਚ ਵਿਚ ਕੁੱਝ ਉਚ ਪੁਲਿਸ ਅਫ਼ਸਰਾਂ ਵਲ ਵੀ ਸ਼ੱਕ ਦੀ ਸੂਈ ਘੁੰਮ ਰਹੀ ਹੈ, ਜਿਨ੍ਹਾਂ ਦੇ ਕੀ ਸ਼ਮੂਲੀਅਤ ਬਾਰੇ ਵੀ ਅਹਿਮ ਤੱਥ ਮਿਲੇ ਹਨ। ਇਕ ਡੀਜੀਪੀ ਦੀ ਚੰਡੀਗੜ੍ਹ ਵਿਚ ਬੇਨਾਮੀ ਕੋਠੀ ਦੀ ਜਾਂਚ ਕੀਤੀ ਜਾ ਰਹੀ ਹੈ ਤਾਂ ਜੋ ਪਤਾ ਲਾਇਆ ਜਾ ਸਕੇ ਕਿ ਐਸਐਸਪੀ ਤੇ ਬਰਖ਼ਾਸਤ ਇੰਸਪੈਕਟਰ ਦਾ ਇਸ ਨਾਲ ਕੀ ਸਬੰਧ ਹੈ। ਬੈਂਚ ਨੇ ਇਸ ਕੇਸ ਤਹਿਤ ਅੱਜ ਚੱਢਾ ਖ਼ੁਦਕਸ਼ੀ ਕੇਸ ਵਿਚ ਉਕਤ ਆਈਪੀਐਸ ਅਧਿਕਾਰੀ ਦੀ ਕਥਿਤ ਸ਼ਮੂਲੀਅਤ ਵਾਲੇ ਪੱਖ ਤੋਂ ਜਾਂਚ 'ਤੇ ਰੋਕ ਲਾਉਣ ਦੇ ਨਾਲ ਨਾਲ ਜਾਂਚ ਰੀਕਾਰਡ ਵੀ ਤਲਬ ਕਰ ਲਿਆ ਹੈ।