
ਮੰਡੀ ਬੋਰਡ ਅਨਾਜ ਸਪਲਾਈ ਮੰਤਰੀ ਤੇ ਕਿਸਾਨਾਂ ਨਾਲ ਚਰਚਾ
ਚੰਡੀਗੜ੍ਹ, 6 ਅਪ੍ਰੈਲ (ਜੀ.ਸੀ. ਭਾਰਦਵਾਜ): ਕੋਰੋਨਾ ਵਾਇਰਸ ਨਾਲ ਗੰਭੀਰ ਲੜਾਈ ਵਿਚ ਸਾਰੇ ਮੁਲਕ ਨਾਲ ਫਸੇ ਇਸ ਸਰਹੱਦੀ ਸੂਬੇ ਦੇ ਲੋਕ ਤੇ ਪੰਜਾਬ ਦੇ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਨਾਲੋ-ਨਾਲ ਹੁਣ ਇਸ ਕਣਕ ਦੇ ਸੀਜ਼ਨ ਵਿਚ 135 ਲੱਖ ਟਨ ਦੀ ਖ਼ਰੀਦ ਵਾਸਤੇ ਮਈ ਤਕ ਟੀਚਾ ਸਰ ਕਰਨ ਵਿਚ ਜੁਟ ਗਏ ਹਨ।Anindita mitra
ਦੋ ਦਿਨ ਪਹਿਲਾਂ ਕੇਂਦਰ ਤੋਂ 22900 ਕਰੋੜ ਦੀ ਵੱਡੀ ਰਕਮ ਦੀ ਕੈਸ਼ ਕ੍ਰੈਡਿਟ ਲਿਮਟ ਮਨਜ਼ੂਰ ਕਰਾਉਣ ਉਪਰੰਤ ਹੁਣ ਅਨਾਜ ਸਪਲਾਈ ਮੰਤਰੀ ਭਾਰਤ ਭੂਸ਼ਣ ਆਸ਼ੂ, ਮੰਡੀ ਬੋਰਡ ਦੇ ਚੇਅਰਮੈਨ ਲਾਲ ਸਿੰਘ, ਡਾਇਰੈਕਟਰ ਅਨੰਦਿਤਾ ਮਿਤਰਾ ਸਮੇਤ ਹੋਰ ਅਧਿਕਾਰੀਆਂ ਤੇ ਕਿਸਾਨ ਜਥੇਬੰਦੀਆਂ ਨਾਲ ਇਸ ਮੁੱਦੇ 'ਤੇ ਲਗਾਤਾਰ ਫ਼ੋਨ ਤੇ ਵਿਡੀਉ ਕਾਨਫ਼ਰੰਸ ਰਾਹੀਂ ਚਰਚਾ ਚਲ ਰਹੀ ਹੈ।bhushan
ਰੋਜ਼ਾਨਾ ਸਪੋਕਸਮੈਨ ਵਲੋਂ ਸੰਪਰਕ ਕਰਨ 'ਤੇ ਮੰਡੀ ਬੋਰਡ ਦੇ ਚੇਅਰਮੈਨ ਲਾਲ ਸਿੰਘ ਨੇ ਦਸਿਆ ਕਿ ਕਣਕ ਖ਼ਰੀਦ ਵਾਸਤੇ ਪਹਿਲਾਂ ਤੋਂ ਨਿਯਤ 1850 ਦੇ ਕਰੀਬ ਮੰਡੀਆਂ ਤੇ ਖ਼ਰੀਦ ਕੇਂਦਰਾਂ ਵਿਚ ਬਿਜਲੀ, ਪਾਣੀ, ਪੱਕੇ ਥੜੇ, ਬਾਰਦਾਨਾ ਰੱਖਣ ਲਈ ਥਾਂ, ਕਣਕ ਲਈ ਛਾਣਨਾ, ਤੁਲਾਈ ਲਈ ਕੰਡਿਆਂ ਦਾ ਪ੍ਰਬੰਧ ਅਤੇ ਆੜ੍ਹਤੀਆਂ ਸਮੇਤ ਮੰਡੀ ਬੋਰਡ ਵਲੋਂ 3 ਫ਼ੀ ਸਦੀ ਫ਼ੀਸ ਲੈਣ ਲਈ ਸਟਾਫ਼ ਦਾ ਇੰਤਜ਼ਾਮ ਕੀਤਾ ਜਾ ਰਿਹਾ ਹੈ।
ਮੰਤਰੀ ਮੰਡਲ ਵਲੋਂ ਮੰਡੀਆਂ ਦੀ ਗਿਣਤੀ ਵਧਾਉਣ ਜਾਂ ਪਿੰਡਾਂ ਵਿਚੋਂ ਹੀ ਕਿਸਾਨਾਂ ਤੋਂ ਕਣਕ ਖ਼ਰੀਦਣ ਬਾਰੇ ਮਨਜ਼ੂਰੀ ਦਿਤੀ ਜਾਣ ਬਾਰੇ ਲਾਲ ਸਿੰਘ ਨੇ ਕਿਹਾ ਕਿ ਇਸ ਸਿਸਟਮ ਨਾਲ ਕਣਕ ਦੀ ਸਫ਼ਾਈ ਕਰਨ, ਤੋਲਣ ਅਤੇ ਮੰਡੀ ਫ਼ੀਸ ਲੈਣ ਵਿਚ ਦਿੱਕਤ ਆਏਗੀ। ਉਨ੍ਹਾਂ ਸਪਸ਼ਟ ਕੀਤਾ ਕਿ ਨਿਯਤ ਵਿਕਰੀ ਕੇਂਦਰਾਂ ਵਿਚ ਪਹਿਲਾਂ ਹੀ ਐਸਾ ਸਿਸਟਮ ਹੈ ਕਿ ਕਿਸਾਨਾਂ ਨੂੰ ਅਪਣੀ ਫ਼ਸਲ ਵੇਚਣ ਲਈ 2 ਜਾਂ 3 ਕਿਲੋਮੀਟਰ ਤੋਂ ਵਧ ਦਾ ਸਫ਼ਰ ਤੈਅ ਨਹੀਂ ਕਰਨਾ ਪੈਂਦਾ।
ਇਸ ਮੁਸੀਬਤ ਦੀ ਸੰਭਾਵਨਾ ਦੂਰ ਕਰਨ ਬਾਰੇ ਕੈਬਨਿਟ ਮੰਤਰੀ ਭਾਰਤ ਭੂਸ਼ਣ ਆਸ਼ੂ ਨੇ ਦਸਿਆ ਕਿ ਕਰਫ਼ਿਊ ਤੇ ਕੋਰੋਨਾ ਵਾਇਰਸ ਦੀ ਸੰਕਟਮਈ ਸਮੱਸਿਆ ਦੌਰਾਨ, ਕਿਸਾਨ ਦੀ ਸੋਨੇ ਰੰਗੀ ਫ਼ਸਲ ਕੇਂਦਰੀ ਭੰਡਾਰਨ ਵਾਸਤੇ ਖ਼ਰੀਦ ਲਈ ਬਾਹਰੋਂ ਆਉਂਦੀ ਲੇਬਰ ਦੇ ਨਾ ਆਉਣ ਦੀ ਸੂਰਤ ਵਿਚ ਪਿੰਡਾਂ ਤੋਂ ਹੀ ਮਨਰੇਗਾ ਤਹਿਤ ਵਰਕਰ ਤੇ ਖੇਤੀ ਮਜ਼ਦੂਰਾਂ ਦਾ ਇੰਤਜ਼ਾਮ ਕੀਤਾ ਜਾ ਰਿਹਾ ਹੈ। ਆਸ਼ੂ ਨੇ ਕਿਹਾ ਕਿ 40 ਤੋਂ 50 ਲੱਖ ਖੇਤੀ ਕਾਮੇ, ਮਜ਼ਦੂਰ, ਕਿਸਾਨ ਖੁਦ ਇਸ ਵੱਡੇ ਕੰਮ ਨੂੰ 15 ਜਾਂ 20 ਮਈ ਤਕ ਸਿਰੇ ਚਾੜ੍ਹਨਗੇ।
ਅਨਾਜ ਸਪਲਾਈ ਡਾਇਰੈਕਟਰ ਅਨੰਦਿਤਾ ਮਿਤਰਾ ਨਾਲ ਸੰਪਰਕ ਕਰਨ 'ਤੇ ਪਤਾ ਲੱਗਾ ਕਿ ਮਹਿਕਮੇ ਦਾ ਸਾਰਾ ਅਮਲਾ, ਇਸਪੈਕਟਰ ਲਗਾਤਾਰ 4 ਏਜੰਸੀਆਂ ਪਨਪ੍ਰੇਨ, ਪਨਸਪ, ਮਾਰਕਫ਼ੈਡ, ਵੇਅਰ ਹਾਊਸਿੰਗ ਕਾਰਪੋਰੇਸ਼ਨ ਦੇ ਅਧਿਕਾਰੀਆਂ ਨਾਲ ਦਿਨ ਰਾਤ ਵਿਡੀਉ ਕਾਨਫ਼ਰੰਸ ਰਾਹੀਂ ਮੀਟਿੰਗਾਂ ਕੀਤੀਆਂ ਜਾ ਰਹੀਆਂ ਹਨ। ਉਨ੍ਹਾਂ ਕਿਹਾ ਕਿ ਵੱਡਾ ਮਸਲਾ, ਮੰਡੀਆਂ ਤੇ ਵਿਕਰੀ ਕੇਂਦਰਾਂ ਵਿਚ ਕਣਕ ਖ਼ਰੀਦਣ ਦੀ ਅਲਾਟਮੈਂਟ, ਕਿਸਾਨਾਂ ਲਈ ਨਜ਼ਦੀਕੀ ਮੰਡੀਆਂ ਨਿਯਤ ਕਰਨ ਅਤੇ 72 ਘੰਟਿਆਂ ਵਿਚ ਕੀਮਤ ਅਦਾਇਗੀ ਕਰਨ ਦੇ ਨਾਲ ਨਾਲ ਕੇਂਦਰੀ ਅਨਾਜ ਕਾਰਪੋਰੇਸ਼ਨ ਯਾਨੀ ਐਫ਼ਸੀਆਈ ਵਲੋਂ ਟਰੱਕਾਂ ਰਾਹੀਂ ਕਣਕ ਦੀ ਢੁਆਈ ਬਾਰੇ ਉਨ੍ਹਾਂ ਸਪਸ਼ਟ ਕੀਤਾ ਕਿ ਪੰਜਾਬ ਅੰਦਰ, ਐਤਕੀ ਸਾਰੀ ਖ਼ਰੀਦ ਖੁਲ੍ਹੇ ਆਸਮਾਨ ਹੇਠ ਲੱਗੇਗੀ ਜਿਸ ਵਾਸਤੇ ਵੱਡੀਆਂ ਤਰਪਾਲਾਂ ਅਤੇ 50-50 ਕਿਲੋਂ ਦੇ ਜੂਟ ਪੋਲੀ ਪ੍ਰੋਪਲੀਨ ਦੇ ਥੈਲਿਆਂ ਦਾ ਪ੍ਰਬੰਧ ਹੋ ਚੁੱਕਾ ਹੈ। ਡਾਇਰੈਕਟਰ ਅਨੰਦਿਤਾ ਮਿਤਰਾ ਨੇ ਦਸਿਆ ਕਿ ਮੁੱਖ ਮੰਤਰੀ ਅਤੇ ਕੈਬਨਿਟ ਵਲੋਂ ਕਣਕ ਖ਼ਰੀਦ ਸਬੰਧੀ ਲਏ ਸਾਰੇ ਫ਼ੈਸਲਿਆਂ ਅਤੇ ਕਿਸਾਨ ਜਥੇਬੰਦੀਆਂ ਨਾਲ ਕੀਤੀ ਚਰਚਾ ਨੂੰ ਪੂਰਾ ਕਰਨ ਦੀ ਹਰ ਸੰਭਵ ਕੋਸ਼ਿਸ਼ ਕੀਤੀ ਜਾਵੇਗੀ, ਉਨ੍ਹਾਂ ਇਹ ਵੀ ਕਿਹਾ ਕਿ ਕੇਂਦਰ ਦੇ ਪਹਿਲਾਂ ਸਾਂਭੇ 260 ਲੱਖ ਟਨ ਚਾਵਲ ਤੇ ਕਣਕ ਦੇ ਗੋਦਾਮਾਂ ਵਿਚ ਭੰਡਾਰਨ ਦੀ ਦੂਜੇ ਰਾਜਾਂ ਨੂੰ ਮੂਵਮੈਂਟ ਬਹੁਤ ਘਟ ਹੈ। ਹੁਣ ਕਣਕ ਵਾਸਤੇ ਝੋਨਾ ਸ਼ੈਲਰ ਮਾਲਕਾਂ ਨਾਲ ਕਿਰਾਏ 'ਤੇ ਥਾਂ ਲੈਣ ਲਈ ਟੈਂਡਰ ਤੇ ਹੋਰ ਸਮਝੌਤੇ ਕਰਨੇ ਦਿਨ ਰਾਤ ਜਾਰੀ ਹੈ।Lal Singh
ਕੁਲ ਮਿਲਾ ਕੇ ਅਗਲੇ ਢਾਈ ਮਹੀਨੇ, ਜੂਨ ਦੇ ਅੰਤ ਤਕ ਪੰਜਾਬ ਸਰਕਾਰ ਲਈ ਪਰਖ ਦੀ ਘੜੀ ਹੈ। ਕਿਉਂਕਿ ਇਸ ਸੂਬੇ ਅੰਦਰ ਕਣਕ ਝੋਨੇ ਦੇ ਸੀਜ਼ਨ ਵਿਚ ਫ਼ਸਲਾਂ ਤੋਂ ਵਿਕਰੀ ਤੇ ਖ਼ਰੀਦ ਤੋਂ ਸਾਲਾਨਾ 50,000 ਕਰੋੜ ਦੇ ਅਰਥਚਾਰੇ ਨੂੰ ਮਜਬੂਤੀ ਮਿਲਦੀ ਹੈ।
ਕੈਸ਼ ਕ੍ਰੈਡਿਟ ਲਿਮਟ ਲਈ 22900 ਕਰੋੜ ਦੀ ਮਨਜ਼ੂਰੀ
ਕਣਕ ਖ਼ਰੀਦ ਦਾ 135 ਲੱਖ ਟਨ ਟੀਚਾ ਮਈ ਦੇ ਅੱਧ ਤਕ ਸਰ ਕਰਾਂਗੇ
ਮਨਰੇਗਾ ਮਹਿਤ ਪਿੰਡਾਂ ਦੀ ਲੇਬਰ ਦੀ ਵਰਤੋਂ ਹੋਵੇਗੀ