
16 ਸਾਲਾ ਸਿੱਖ ਨੌਜਵਾਨ ਆਸਟ੍ਰੇਲੀਆ ਹਵਾਈ ਸੈਨਾ ਵਿਚ ਹੋਇਆ ਨਿਯੁਕਤ
ਪਰਥ, 6 ਅਪ੍ਰੈਲ (ਪਿਆਰਾ ਸਿੰਘ ਨਾਭਾ): ਸਿਮਰਨ ਸਿੰਘ ਸੰਧੂ, ਇਕ ਸਿੱਖ ਨੌਜਵਾਨ, ਇਸ ਸਾਲ ਦੇ ਸ਼ੁਰੂ ਵਿਚ ਰਾਇਲ ਐਰੇ ਕਲੱਬ ਪਰਥ ਤੋਂ ਸਿਖਲਾਈ ਪ੍ਰਾਪਤ ਕਰਨ ਤੋਂ ਬਾਅਦ ਆਸਟ੍ਰੇਲੀਆਈ ਹਵਾਈ ਸੈਨਾ (ਆਰਏਐਫ਼) ਵਿਚ ਇਕ ਮਿਸ਼ਨ ਅਧਿਕਾਰੀ ਨਿਯੁਕਤ ਹੋਇਆ ਹੈ। ਉਸ ਨੂੰ ਐਡੀਲੇਡ ਦੇ ਫ਼ੌਜੀ ਹੈੱਡਕੁਆਰਟਰ ਵਿਖੇ ਆਸਟ੍ਰੇਲੀਆਈ ਹਵਾਈ ਸੈਨਾ ਦੇ ਉੱਚ ਅਧਿਕਾਰੀਆਂ ਦੁਆਰਾ ਨਿਯੁਕਤੀ ਪੱਤਰ ਦਿਤਾ ਗਿਆ ਸੀ।
ਸਿਮਰਨ ਸਿੰਘ ਸੰਧੂ ਦੇ ਪਿਤਾ ਹਰਪਾਲ ਸਿੰਘ ਸੰਧੂ ਅਤੇ ਮਾਤਾ ਰਣਜੀਤ ਕੌਰ ਸੰਧੂ ਸਾਲ 2008 ਵਿਚ ਪੰਜਾਬ ਦੇ ਫ਼ਿਰੋਜ਼ਪੁਰ ਜ਼ਿਲ੍ਹੇ ਤੋਂ ਪਰਥ ਆਏ ਸਨ। ਉਸ ਨੂੰ ਐਤਵਾਰ ਦੇ ਦੀਵਾਨ ਦੌਰਾਨ ਗੁਰਦੁਆਰਾ ਸਾਹਿਬ ਬੇਨੇਟ ਸਪਿ੍ਰੰਗਜ ਪਰਥ ਵਿਖੇ ਸਨਮਾਨਤ ਕੀਤਾ ਅਤੇ ਜਰਨੈਲ ਸਿੰਘ ਭੌਰ ਪ੍ਰਧਾਨ ਸਿੱਖ ਗੁਰਦੁਆਰਾ ਪਰਥ ਨੇ ਸਿਮਰਨ ਸਿੰਘ ਦੀ ਪ੍ਰਾਪਤੀ ਨੂੰ ਆਸਟ੍ਰੇਲੀਆ ਲਈ ਇਕ ਮਹਾਨ ਸਨਮਾਨ ਦਸਿਆ ਅਤੇ ਉਨ੍ਹਾਂ ਕਿਹਾ ਕਿ ਸਿੱਖ ਜਗਤ ਵਿਚ ਇਹ ਪ੍ਰਾਪਤੀ ਕਾਰਨ ਖ਼ੁਸ਼ੀ ਦੀ ਲਹਿਰ ਹੈ। ਇਸ ਤੋਂ ਇਲਾਵਾ ਹੋਰ ਹਾਜ਼ਰ ਮੈਂਬਰ ਗਿਆਨੀ ਜਸਵਿੰਦਰ ਸਿੰਘ ਮੁੱਖ ਗ੍ਰੰਥੀ, ਸਰਬਪ੍ਰੀਤ ਸਿੰਘ ਸੈਕਟਰੀ, ਸੁਖਦੀਪ ਸਿੰਘ ਖ਼ਜ਼ਾਨਚੀ ਅਤੇ ਹਰਭਜਨ ਸਿੰਘ ਸਹਾਇਕ ਜਨਰਲ ਸਕੱਤਰ ਹਾਜ਼ਰ ਸਨ।