
ਔਰਤਾਂ ਨੂੰ ਮੁਫ਼ਤ ਬੱਸ ਦੀ ਸਹੂਲਤ ਨਾਲ ਪੀ.ਆਰ.ਟੀ.ਸੀ. ਕੁੱਝ ਹੀ ਦਿਨਾਂ ਵਿਚ ਡਾਵਾਂਡੋਲ ਹੋਣ ਲੱਗੀ
ਚੰਡੀਗੜ੍ਹ, 6 ਅਪ੍ਰੈਲ (ਗੁਰਉਪਦੇਸ਼ ਭੁੱਲਰ): ਪੰਜਾਬ ਸਰਕਾਰ ਵਲੋਂ ਚੋਣਾਂ ਦੇ ਨੇੜੇ ਆ ਕੇ ਸੂਬੇ ਵਿਚ ਸਰਕਾਰੀ ਬਸਾਂ ਵਿਚ ਔਰਤਾਂ ਨੂੰ ਦਿਤੀ ਮੁਫ਼ਤ ਸਹੂਲਤ ਕਾਰਨ ਵੱਡੇ ਅਦਾਰੇ ਪੀ.ਆਰ.ਟੀ.ਸੀ. ਨੂੰ ਇਕ ਦਿਨ ਵਿਚ 40 ਲੱਖ ਰੁਪਏ ਦਾ ਘਾਟਾ ਪੈਣ ਲੱਗਾ ਹੈ ਅਤੇ ਹਰ ਮਹੀਨੇ 15 ਕਰੋੜ ਰੁਪਏ ਦੇ ਕਰੀਬ ਘਾਟਾ ਹੋਵੇਗਾ | ਇਸ ਨਾਲ ਅਦਾਰੇ ਦੀ ਹਾਲਤ ਡਾਵਾਂਡੋਲ ਹੋਣ ਲੱਗੀ ਹੈ | ਪੂਰੇ ਸਾਲ ਦਾ ਹਿਸਾਬ ਲਾਈਏ ਤਾਂ ਇਹ ਘਾਟਾ 200 ਕਰੋੜ ਰੁਪਏ ਤਕ ਜਾਵੇਗਾ ਜਦ ਕਿ ਪੰਜਾਬ ਰੋਡਵੇਜ਼ ਅਤੇ ਪਨਬੱਸ ਦਾ ਘਾਟਾ ਇਸ ਤੋਂ ਵਖਰਾ ਹੈ | ਇਸ ਨਾਲ ਅਦਾਰੇ ਉਪਰ ਪੈਣ ਵਾਲੇ ਵਿੱਤੀ ਬੋਝ ਕਾਰਨ ਇਸ ਵਿਚ ਕੰਮ ਕਰਨ ਵਾਲੇ ਮੁਲਾਜ਼ਮਾਂ ਤੇ ਪੈਨਸ਼ਨਰਾਂ ਦੀ ਚਿੰਤਾ ਵੱਧ ਗਈ ਹੈ | ਪੈਨਸ਼ਨਰ ਤਾਂ ਅਪਣੀਆਂ ਬਕਾਇਆ ਅਦਾਇਗੀਆਂ ਲਈ ਪਹਿਲਾਂ ਹੀ ਕੋਰਟ ਵਿਚ ਕੇਸ ਲੜ ਰਹੇ ਹਨ |
ਜ਼ਿਕਰਯੋਗ ਹੈ ਕਿ ਹੋਰ ਵੱਖ ਵੱਖ ਵਰਗਾਂ ਨੂੰ ਰਿਆਇਤੀ ਤੇ ਮੁਫ਼ਤ ਬੱਸ ਸਫ਼ਰ ਦੀ ਪਹਿਲਾਂ ਦਿਤੀ ਹੋਈ ਸਹੂਲਤ ਕਾਰਨ ਵੀ ਪ੍ਰਤੀ ਮਹੀਨੇ 10 ਕਰੋੜ ਰੁਪਏ ਦਾ ਬਿਲ ਬਣਦਾ ਹੈ | ਭਾਵੇਂ ਸਰਕਾਰ ਨੇimage ਪੀ.ਆਰ.ਟੀ.ਸੀ. ਨੂੰ ਇਸ ਦੀ ਭਰਪਾਈ ਲਈ ਅਦਾਇਗੀ ਕਰਨੀ ਹੁੰਦੀ ਹੈ ਪਰ ਲੰਮੇ ਸਮੇਂ ਤੋਂ ਕਰੋੜਾਂ ਰੁਪਏ ਸਰਕਾਰ ਸਿਰ ਖੜੇ ਹਨ | 150 ਕਰੋੜ ਰੁਪਏ ਦੀ ਬਕਾਇਆ ਅਦਾਇਗੀ ਲਟਕੀ ਹੋਈ ਹੈ | ਮਿਲੀ ਜਾਣਕਾਰੀ ਮੁਤਾਬਕ ਪਹਿਲਾਂ ਪੀ.ਆਰ.ਟੀ.ਸੀ. ਨੂੰ ਪ੍ਰਤੀ ਦਿਨ ਇਕ ਕਰੋੜ 25 ਲੱਖ ਦੀ ਆਮਦਨ ਹੁੰਦੀ ਸੀ ਜੋ ਹੁਣ ਕੁੱਝ ਹੀ ਦਿਨਾਂ ਅੰਦਰ ਔਰਤਾਂ ਨੂੰ ਮੁਫ਼ਤ ਸਹੂਲਤ ਦੇਣ ਨਾਲ ਘੱਟ ਕੇ 90 ਲੱਖ ਪ੍ਰਤੀ ਦਿਨ ਤੋਂ ਹੇਠਾਂ ਆ ਗਈ ਹੈ |
ਡੱਬੀ
ਸਰਕਾਰ ਮੁਫ਼ਤ ਸਹੂਲਤ ਦੇਣ ਤੋਂ ਪਹਿਲਾਂ ਅਦਾਰੇ ਨੂੰ ਵਿੱਤੀ ਸਹਾਇਤਾ ਦਿੰਦੀ: ਨਿਰਮਲ ਸਿੰਘ
ਪੀ.ਆਰ.ਟੀ.ਸੀ. ਵਰਕਰਜ਼ ਯੂਨੀਅਨ ਦੇ ਮੁੱਖ ਸਰਪ੍ਰਸਤ ਨਿਰਮਲ ਸਿੰਘ ਦਾ ਕਹਿਣਾ ਹੈ ਕਿ ਔਰਤਾਂ ਨੂੰ ਮੁਫ਼ਤ ਬੱਸ ਸਫ਼ਰ ਦੀ ਸਹੂਲਤ ਦੇਣਾ ਕੋਈ ਮਾੜੀ ਗੱਲ ਨਹੀਂ ਪਰ ਇਸ ਤੋਂ ਪਹਿਲਾਂ ਸਰਕਾਰ ਨੂੰ ਅਦਾਰੇ ਦੀ ਵਿੱਤੀ ਹਾਲਤ ਦਾ ਖ਼ਿਆਲ ਰੱਖ ਕੇ ਘਾਟੇ ਤੋਂ ਬਚਾਉਣ ਲਈ ਵਿੱਤੀ ਸਹਾਇਤਾ ਦੇਣੀ ਚਾਹੀਦੀ ਸੀ ਜਦਕਿ ਮੁਫ਼ਤ ਸਹੂਲਤਾਂ ਦੇ ਪਿਛਲੇ ਬਕਾਇਆ ਦੀ ਕਰੋੜਾਂ ਰੁਪਏ ਦੀ ਅਦਾਇਗੀ ਵੀ ਨਹੀਂ ਹੋਈ | ਅਦਾਰੇ ਦੇ ਪੈਨਸ਼ਨਰ ਉਨ੍ਹਾਂ ਦੀ ਅਦਾਇਗੀ ਸਮੇਂ ਸਿਰ ਨਾ ਹੋਣ ਕਾਰਨ ਪਹਿਲਾਂ ਹੀ ਧੱਕੇ ਖਾਣ ਲਈ ਮਜਬੁੂਰ ਹਨ | ਉਨ੍ਹਾਂ ਕਿਹਾ ਕਿ ਇਸ ਤਰ੍ਹਾਂ ਬਿਨਾਂ ਵਿਉਂਤਬੰਦੀ ਕੀਤੇ ਫ਼ੈਸਲਿਆਂ ਕਾਰਨ ਅਦਾਰੇ ਦੀ ਵਿੱਤੀ ਹਾਲਤ ਡਾਵਾਂਡੋਲ ਹੋਣ 'ਤੇ ਮੁਲਾਜ਼ਮਾਂ ਤੇ ਪੈਨਸ਼ਨਰਾਂ ਦੇ ਭਵਿੱਖ 'ਤੇ ਮਾੜਾ ਅਸਰ ਪੈ ਸਕਦਾ ਹੈ |