
ਯੂਕਰੇਨ ਤੋਂ ਵਾਪਸ ਪਰਤੇ ਭਾਰਤੀ ਵਿਦਿਆਰਥੀਆਂ ਨੂੰ ਰਾਹਤ, ਉਥੇ ਦੀ ਡਿਗਰੀ ਲਈ ਨਹੀਂ ਦੇਣੀ ਪਵੇਗੀ ‘ਕ੍ਰਾਕ-2’ ਪ੍ਰੀਖਿਆ
ਨਵੀਂ ਦਿੱਲੀ, 6 ਅਪ੍ਰੈਲ : ਵਿਦੇਸ਼ ਮੰਤਰੀ ਐਸ ਜੈਸੰਕਰ ਨੇ ਬੁਧਵਾਰ ਨੂੰ ਦਸਿਆ ਕਿ ਸਰਕਾਰ ਯੂਕਰੇਨ ਦੀ ਸਰਕਾਰ ਨੇ ਉਥੋਂ ਵਾਪਸ ਪਰਤਣ ਲਈ ਮਜਬੂਰ ਹੋਏ ਭਾਰਤੀ ਵਿਦਿਆਰਥੀਆਂ ਦੀ ਮੈਡੀਕਲ ਦੀ ਪੜ੍ਹਾਈ ਪੂਰੀ ਕਰਨ ਦੇ ਲਿਹਾਜ ਨਾਲ ਕੁੱਝ ਛੋਟ ਦੇਣ ਦਾ ਫ਼ੈਸਲਾ ਕੀਤਾ ਹੈ ਅਤੇ ਹੁਣ ਵਿਦਿਆਰਥੀਆਂ ਨੂੰ ਉਨ੍ਹਾਂ ਦੇ ਅਕੈਡਮਿਕ ਮੁਲਾਂਕਣ ਦੇ ਆਧਾਰ ’ਤੇ ਮੈਡੀਕਲ ਦੀ ਡਿੱਗਰੀ ਦਿਤੀ ਜਾ ਸਕੇਗੀ ਅਤੇ ਉਨ੍ਹਾਂ ਨੂੰ ‘ਕ੍ਰਾਕ-2’ ਪ੍ਰੀਖਿਆ ਨਹੀਂ ਪਵੇਗੀ।
ਜੈਸ਼ੰਕਰ ਨੇ ਲੋਕ ਸਭਾ ’ਚ ਨਿਯਮ 193 ਦੇ ਤਹਿਤ ਯੂਕਰੇਨ ਦੀ ਸਥਿਤੀ ’ਤੇ ਹੋਈ ਚਰਚਾ ’ਚ ਦਖ਼ਲ ਦਿੰਦੇ ਹੋਏ ਕਿਹ, ‘‘ਭਾਰਤ ਸਰਕਾਰ ਯੂਕਰੇਨ ਤੋਂ ਪੜ੍ਹਾਈ ਵਿਚਾਲੇ ਛੱਡ ਕੇ ਵਾਪਸ ਪਰਤਣ ਨੂੰ ਮਜਬੂਰ ਹੋਏ ਭਾਰਤੀ ਵਿਦਿਆਰਥੀਆਂ ਦੇ ਭਵਿੱਖ ਨੂੰ ਲੈ ਕੇ ਚਿੰਤਤ ਹੈ। ਉਨ੍ਹਾਂ ਦੀ ਸਿਖਿਆ ਪੂਰੀ ਹੋ ਸਕੇ, ਇਸ ਲਈ ਹੰਗਰੀ, ਰੋਮਾਨੀਆ, ਕਜਾਕਿਸਤਾਨ ਅਤੇ ਪੋਲੈਂਡ ਵਰਗੇ ਦੇਸ਼ਾਂ ਨਾਲ ਗੱਲਬਾਤ ਕਰ ਰਹੀ ਹੈ।’’
ਵਿਦੇਸ਼ ਮੰਤਰੀ ਨੇ ਸਦਨ ਵਿਚ ਕਿਹਾ ਕਿ ਯੂਕਰੇਨ ਤੋਂ ਪਰਤੇ ਭਾਰਤੀ ਵਿਦਿਆਰਥੀਆਂ ਦੇ ਭਵਿੱਖ ਨੂੰ ਲੈ ਕੇ ਉਹ ਸਦਨ ਨੂੰ ਸੂਚਨਾ ਦੇਣਾ ਚਾਹੁੰਦੇ ਹਨ ਕਿ ਯੂਕਰੇਨ ਸਰਕਾਰ ਨੇ ਫ਼ੈਸਲਾ ਲਿਆ ਹੈ ਕਿ ਵਿਦਿਆਰਥੀਆਂ ਲਈ ਮੈਡੀਕਲ ਸਿਖਿਆ ਪੂਰੀ ਕਰਨ ਲਈ ਛੋਟ ਦਿਤੀ ਜਾਵੇ। ਉਨ੍ਹਾਂ ਦਸਿਆ ਕਿ ਤੀਜੇ ਅਤੇ ਚੌਥੇ ਸਾਲ ’ਚ ਜਾਣ ਵਾਲੇ ਵਿਦਿਆਰਥੀਆਂ ਲਈ ਜੋ ‘ਕ੍ਰਾਕ-1’ ਪੀ੍ਰਖਿਆ ਹੁੰਦੀ ਹੈ, ਉਸ ਨੂੰ ਅਗਲੇ ਸੈਸ਼ਨ ਲਈ ਸਥਗਿਤ ਕਰ ਦਿਤਾ ਗਿਆ ਹੈ ਅਤੇ ਵਿਦਿਆਰਥੀਆਂ ਨੂੰ ਅਗਲੇ ਸੈਸ਼ਨ ’ਚ ਮਾਨਕ ਜ਼ਰੂਰਤਾਂ ਨੂੰ ਪੂਰਾ ਕਰਨ ਦੇ ਆਧਾਰ ’ਤੇ ਭੇਜਿਆ ਜਾਵੇਗ।’’
ਉਨ੍ਹਾਂ ਕਿਹਾ ਕਿ ਉਥੇ ਛੇਵੇਂ ਸਾਲ ਦੇ ਵਿਦਿਆਰਥੀਆਂ ਨੂੰ ‘ਕ੍ਰਾਕ-2’ ਦੀ ਪ੍ਰੀਖਿਆ ਦੇਣੀ ਹੁੰਦੀ ਹੈ ਅਤੇ ਆਮ ਸਥਿਤੀ ਵਿਚ ਉਸੇ ਦੇ ਆਧਾਰ ’ਤੇ ਉਨ੍ਹਾਂ ਨੂੰ ਮੈਡੀਕਲ ਦੀ ਡਿੱਗਰੀ ਦਿਤੀ ਜਾਂਦੀ ਹੈ, ਪਰ ਯੂਕਰੇਨ ਦੀ ਸਰਕਾਰ ਨੇ ਫ਼ੈਸਲਾ ਕੀਤਾ ਹੈ ਵਿਦਿਆਰਥੀਆਂ ਨੂੰ ਅਕੈਡਮਿਕ ਮੁਲਾਂਕਣ ਦੇ ਆਧਾਰ ’ਤੇ ਡਿੱਗਰੀ ਦਿਤੀ ਜਾਵੇਗੀ ਅਤੇ ਉਨ੍ਹਾਂ ਨੂੰ ‘ਕ੍ਰਾਕ-2’ ਪ੍ਰੀਖਿਆ ਨਹੀਂ ਦੇਣੀ ਪਵੇਗੀ।