
ਜੰਮੂ ਕਸ਼ਮੀਰ ਦੇ ਸੁਰੱਖਿਆ ਬਲਾਂ ਨਾਲ ਮੁਕਾਬਲੇ ’ਚ 2 ਅਤਿਵਾਦੀ ਢੇਰ
ਸ਼੍ਰੀਨਗਰ, 6 ਅਪ੍ਰੈਲ : ਜੰਮੂ ਕਸ਼ਮੀਰ ਦੇ ਪੁਲਵਾਮਾ ਜ਼ਿਲ੍ਹੇ ਦੇ ਤ੍ਰਾਲ ਇਲਾਕੇ ਵਿਚ ਬੁਧਵਾਰ ਨੂੰ ਸੁਰੱਖਿਆ ਬਲਾਂ ਨਾਲ ਮੁਕਾਬਲੇ ’ਚ ਪਾਬੰਦੀਸ਼ੁਦਾ ਅਤਿਵਾਦੀ ਸੰਗਠਨਾਂ ਅੰਸਾਰ ਗਜਵਤੁਲ ਹਿੰਦ ਅਤੇ ਲਸ਼ਕਰ-ਏ-ਤੋਇਬਾ ਦੇ 2 ਅਤਿਵਾਦੀ ਮਾਰੇ ਗਏ। ਅਧਿਕਾਰੀਆਂ ਨੇ ਦਸਿਆ ਕਿ ਦੱਖਣੀ ਕਸ਼ਮੀਰ ’ਚ ਅਵੰਤੀਪੋਰਾ ਉੱਪ ਜ਼ਿਲ੍ਹੇ ਦੇ ਤ੍ਰਾਲ ਇਲਾਕੇ ’ਚ ਅਤਿਵਾਦੀਆਂ ਦੀ ਮੌਜੂਦਗੀ ਬਾਰੇ ਸੂਚਨਾ ਮਿਲਣ ਤੋਂ ਬਾਅਦ ਸੁਰੱਖਿਆ ਬਲਾਂ ਨੇ ਸਾਂਝੇ ਰੂਪ ਨਾਲ ਘੇਰਾਬੰਦੀ ਅਤੇ ਤਲਾਸ਼ ਮੁਹਿੰਮ ਸ਼ੁਰੂ ਕੀਤੀ। ਇਕ ਸੁਰੱਖਿਆ ਅਧਿਕਾਰੀ ਨੇ ਕਿਹਾ,‘‘ਜਿਵੇਂ ਹੀ ਘੇਰਾਬੰਦੀ ਕੀਤੀ ਜਾ ਰਹੀ ਸੀ, ਅਤਿਵਾਦੀਆਂ ਨੇ ਸੁਰੱਖਿਆ ਬਲਾਂ ਦੇ ਜਵਾਨਾਂ ’ਤੇ ਗੋਲੀਬਾਰੀ ਸ਼ੁਰੂ ਕਰ ਦਿਤੀ।ਪੁਲਿਸ ਜਨਰਲ ਇੰਸਪੈਕਟਰ ਵਿਜੇ ਕੁਮਾਰ ਨੇ ਦਸਿਆ ਕਿ ਮਾਰੇ ਗਏ ਅਤਿਵਾਦੀਆਂ ਦੀ ਪਛਾਣ ਗਜਵਤ-ਉਲ-ਹਿੰਦ (ਏ. ਜੀ. ਯੂ. ਐਚ.) ਦੇ ਸਫਤ ਮੁਜੱਫਰ ਸੋਫੀ ਉਰਫ਼ ਮੁਆਵੀਆ ਅਤੇ ਲਸ਼ਕਰ ਦੇ ਉਮਰ ਤੇਲੀ ਉਰਫ਼ ਤਲਹਾ ਦੇ ਰੂਪ ’ਚ ਹੋਈ ਹੈ। ਉਨ੍ਹਾਂ ਟਵੀਟ ਕਰ ਕੇ ਕਿਹਾ,‘‘ਤ੍ਰਾਲ ਖੇਤਰ ’ਚ ਆਉਣ ਤੋਂ ਪਹਿਲਾਂ ਦੋਵੇਂ ਅਤਿਵਾਦੀ ਸ਼੍ਰੀਨਗਰ ਸ਼ਹਿਰ ’ਚ ਕਈ ਅਪਰਾਧਾਂ ਵਿਚ ਸ਼ਾਮਲ ਸਨ, ਜਿਸ ’ਚ ਖਾਨਮੋਹ ਸ਼੍ਰੀਨਗਰ ਵਿਚ ਸਰਪੰਚ (ਸਮੀਰ ਅਹਿਮਦ) ਦੀ ਹਾਲ ਹੀ ’ਚ ਹੋਏ ਕਤਲ ਦਾ ਮਾਮਲਾ ਵੀ ਸ਼ਾਮਲ ਹੈ।’’ ਦਸਣਯੋਗ ਹੈ ਕਿ ਸਰਪੰਚ ਸਮੀਰ ਅਹਿਮਦ ਭਟ ਦਾ 9 ਮਾਰਚ ਨੂੰ ਸ਼੍ਰੀਨਗਰ ਜ਼ਿਲ੍ਹੇ ਦੇ ਖੋਨਮੋਹ ’ਚ ਕਤਲ ਕਰ ਦਿਤਾ ਗਿਆ ਸੀ। ਕੁੱਝ ਦਿਨਾਂ ਬਾਅਦ ਪੁਲਿਸ ਨੇ ਕਿਹਾ ਸੀ ਕਿ 16 ਮਾਰਚ ਨੂੰ ਸ਼੍ਰੀਨਗਰ ਦੇ ਬਾਹਰੀ ਇਲਾਕੇ ਨੌਗਾਮ ਵਿਚ ਇਕ ਮੁਕਾਬਲੇ ’ਚ ਮਾਰੇ ਗਏ ਤਿੰਨ ਅਤਿਵਾਦੀ ਸਮੀਰ ਦੇ ਕਤਲ ’ਚ ਸ਼ਾਮਲ ਸਨ। (ਏਜੰਸੀ)