
ਬਠਿੰਡਾ ਦੇ ਰੇਲਵੇ ਗਰਾਊਂਡ 'ਚ ਚਲਾਈ ਜਾ ਰਹੀ ਅਕੈਡਮੀ ਨੇ ਖੋਲ੍ਹੇ ਬੱਚਿਆਂ ਦੇ ਭਾਗ
Bathinda News: ਬਠਿੰਡਾ ਦੇ ਇਸ ਰੇਲਵੇ ਗਰਾਊਂਡ ਵਿਚ ਇੱਕ ‘ਸੈਣੀ ਕ੍ਰਿਕਟ ਅਕੈਡਮੀ’ ਚਲਾਈ ਜਾ ਰਹੀ ਹੈ। ਜਿਥੇ ਬੱਚਿਆਂ ਨੂੰ ਕ੍ਰਿਕਟ ਖੇਡਣ ਦੀ ਮੁਫ਼ਤ ਸਿਖਲਾਈ ਦਿੱਤੀ ਜਾਂਦੀ ਹੈ।
ਇਸ ਰੇਲਵੇ ਗਰਾਊਂਡ ਵਿਚ ਜਿਹੜੇ ਬੱਚੇ ਕ੍ਰਿਕਟ ਸਿਖਦੇ ਹਨ ਉਨ੍ਹਾਂ ਵਿਚੋਂ ਇੱਕ ਨੌਜਵਾਨ ਸਰਬਜੀਤ ਸਿੰਘ ਲਾਡਾ ਨੇ ਬਠਿੰਡਾ ਦਾ ਨਾਮ ਰੌਸ਼ਨ ਕੀਤਾ ਜਿਸ ਨੇ ਰਣਜੀ ਟਰਾਫ਼ੀ ਦੇ 25 ਮੈਚ ਤੇ ਆਈਪੀਐਲ ਤਕ ਖੇਡ ਚੁੱਕਿਆ ਹੈ।
ਪਿਛਲੇ 30 ਸਾਲਾਂ ਤੋਂ ਆਸ਼ਾ ਨੰਦ ਸੈਣੀ ਰੋਜ਼ਾਨਾ ਸਵੇਰੇ 3 ਵਜੇ ਤੋਂ 6 ਵਜੇ ਤਕ ਬੱਚਿਆਂ ਨੂੰ ਕ੍ਰਿਕਟ ਦੀ ਮੁਫ਼ਤ ਸਿਖਲਾਈ ਦਿੰਦੇ ਆ ਰਹੇ ਹਨ। ਜੋ ਨੌਜਵਾਨਾਂ ਵਿਚ ਖੇਡ ਪ੍ਰਤੀ ਜਨੂੰਨ ਭਰ ਰਹੇ ਹਨ ਤੇ ਉਨ੍ਹਾਂ ਨੂੰ ਹੁਨਰਮੰਦ ਬਣਾ ਰਹੇ ਹਨ। ਸੈਕੜੇ ਬੱਚੇ ਇਸ ਅਕੈਡਮੀ ’ਚੋਂ ਸਿਖਲਾਈ ਲੈ ਚੁੱਕੇ ਹਨ।
ਸੈਣੀ ਨੇ ਦੱਸਿਆ ਕਿ 1996 ਵਿਚ ਇਹ ਅਕੈਡਮੀ ਸ਼ੁਰੂ ਕੀਤੀ ਸੀ। ਉਨ੍ਹਾਂ ਕਿਹਾ ਕਿ ਮੈਂ ਵੀ ਇਥੇ ਹੀ ਬਚਪਨ ਵਿਚ ਕ੍ਰਿਕਟ ਖੇਡਦਾ ਸੀ ਪਰ ਘਰ ਦੇ ਆਰਥਕ ਹਾਲਾਤ ਠੀਕ ਨਾ ਹੋਣ ਕਾਰਨ ਉਹ ਜ਼ਿਆਦਾ ਅੱਗੇ ਨਹੀਂ ਜਾ ਸਕੇ।
ਉਨ੍ਹਾਂ ਕਿਹਾ ਕਿ ਫਿਰ ਅਸੀਂ ਉਸ ਉਦੇਸ਼ ਨਾਲ ਇਹ ਅਕੈਡਮੀ ਸ਼ੁਰੂ ਕੀਤੀ ਕਿ ਜਿਸ ਚੀਜ਼ ਤੋਂ ਅਸੀਂ ਵਾਂਝੇ ਰਹਿ ਗਏ ਉਸ ਤੋਂ ਹੋਰ ਬੱਚੇ ਨਾ ਰਹਿ ਜਾਣ।
ਉਨ੍ਹਾਂ ਦੱਸਿਆ ਕਿ ਇੱਥੋਂ ਸਿਖਲਾਈ ਲੈ ਕੇ ਗਏ ਸਰਬਜੀਤ ਸਿੰਘ ਲਾਡਾ ਨੇ ਭਾਰਤ ਤੇ ਨਿਊਜ਼ੀਲੈਂਡ ਵਿਚਾਲੇ ਹੋਇਆ ਮੈਚ ਖੇਡਿਆ ਸੀ ਇਸ ਤੋਂ ਇਲਾਵਾ ਉਹ 25 ਰਣਜੀ ਟਰਾਫ਼ੀ ਮੈਚ ਵੀ ਖੇਡ ਚੁੱਕਿਆ ਹੈ ਤੇ ਜਸ਼ਨਪ੍ਰੀਤ ਸਿੱਧੂ ਸਟੇਟ ਅੰਡਰ-19, ਸਟੇਟ ਅੰਡਰ-23 ਖੇਡਿਆ ਤੇ ਰੁਦਰ ਪ੍ਰਤਾਪ ਸਟੇਟ ਅੰਡਰ-16 ਖੇਡੇ ਹਨ।
ਉਨ੍ਹਾਂ ਕਿਹਾ ਕਿ ਲੋੜਵੰਦ ਬੱਚਿਆਂ ਨੂੰ ਕ੍ਰਿਕਟ ਦਾ ਸਮਾਨ ਵੀ ਮੁਹੱਈਆ ਕਰਵਾਇਆ ਜਾਂਦਾ ਹੈ।
ਉਨ੍ਹਾਂ ਪੰਜਾਬ ਸਰਕਾਰ ਦੀ ਤਾਰੀਫ਼ ਕਰਦਿਆਂ ਕਿਹਾ ਕਿ ਸਰਕਾਰ ਨੇ ਬੱਚਿਆਂ ਨੂੰ ਗਰਾਊਂਡ ਨਾਲ ਜੋੜਨ ਦਾ ਬਹੁਤ ਵਧੀਆ ਉਪਰਾਲਾ ਕੀਤਾ ਹੈ। ਇਸ ਨਾਲ ਉਹ ਨਸ਼ਿਆਂ ਤੋਂ ਦੂਰ ਰਹਿਣਗੇ। ਤੇ ਪੰਜਾਬ ਦੀ ਨੌਜਵਾਨੀ ਸਹੀ ਰਾਹ ਉੱਤੇ ਜਾਵੇਗੀ। ਕਿਹਾ ਕਿ ਜੇਕਰ ਬੱਚਾ ਗਰਾਊਂਡ ਵਿਚ ਆਵੇਗਾ ਤਾਂ ਉਹ ਸਰੀਰਕ ਤੇ ਮਾਨਸਿਕ ਤੌਰ ਉੱਤੇ ਤੰਦਰੁਸਤ ਰਹੇਗਾ।
ਸੈਣੀ ਨੇ ਸਰਕਾਰ ਨੂੰ ਅਪੀਲ ਕਰਦਿਆਂ ਕਿਹਾ ਕਿ ਇਨ੍ਹਾਂ ਰੇਲਵੇ ਗਰਾਊਂਡ ਵਿਚ ਖੇਡਣ ਵਾਲੇ ਬੱਚਿਆਂ ਨੂੰ ਲੋੜੀਂਦੀਆਂ ਚੀਜ਼ਾਂ ਮੁਹੱਈਆ ਕਰਵਾਈਆਂ ਜਾਣ।