
ਭਲਕੇ ਮੁਕੰਮਲ ਕੰਮ ਠੱਪ ਦਾ ਐਲਾਨ, ਮੰਗਾਂ ਨਾ ਮੰਨੇ ਜਾਣ 'ਤੇ ਅਣਮਿੱਥੇ ਸਮੇਂ ਲਈ ਹੜਤਾਲ 'ਤੇ ਜਾਣ ਦੀ ਚੇਤਾਵਨੀ
ਗੜ੍ਹਦੀਵਾਲਾ, 6 ਮਈ (ਹਰਪਾਲ ਸਿੰਘ) : ਅੱਜ ਆਸ਼ਾ ਵਰਕਰ ਅਤੇ ਫੈਸਿਲੀਟੇਟਰ ਯੂਨੀਅਨ ਪੰਜਾਬ ਦੇ ਸੱਦੇ 'ਤੇ ਜ਼ਿਲ੍ਹਾ ਹੁਸ਼ਿਆਰਪੁਰ 'ਚ ਈ.ਪੀ. ਆਈ.ਸੈਸ਼ਨ ਦੌਰਾਨ ਸਮੂਹ ਆਸ਼ਾ ਵਰਕਰਾਂ ਅਤੇ ਫੈਸਿਲੀਟੇਟਰਾਂ ਨੇ ਸੁਰੱਖਿਆਂ ਕਿੱਟਾਂ ਦੀ ਮੰਗ ਨੂੰ ਲੈ ਕੇ ਕਾਲੀਆਂ ਚੁੰਨੀਆਂ ਲੈ ਕੇ ਰੋਸ ਜਤਾਇਆ। ਇਸ ਸਬੰਧੀ ਜਾਣਕਾਰੀ ਦਿੰਦਿਆਂ ਜੱਥੇਬੰਦੀ ਦੀ ਸੂਬਾ ਪ੍ਰਧਾਨ ਸੁਖਵਿੰਦਰ ਕੌਰ, ਜ਼ਿਲ੍ਹਾ ਆਗੂ ਹਰਨਿੰਦਰ ਕੌਰ ਆਦਿ ਨੇ ਕਿਹਾ ਕਿ ਕਰੋਨਾ ਮਹਾਂਮਾਰੀ ਕਾਰਨ ਰੋਜ਼ ਮਰੀਜ਼ਾਂ ਦੀ ਗਿਣਤੀ ਵਧ ਰਹੀ ਹੈ। ਕਰੋਨਾ ਸ਼ੱਕੀ ਵਿਅਕਤੀਆਂ ਦੇ ਸੰਪਰਕ 'ਚ ਆਉਣ ਵਾਲੀਆਂ ਆਸ਼ਾ ਵਰਕਰਾਂ ਤੇ ਫੈਸਿਲੀਟੇਟਰਾਂ ਨੂੰ ਸਰਕਾਰ ਅਜੇ ਤੱਕ ਯੋਗ ਮਾਤਰਾਂ ਵਿੱਚ ਸੁਰੱਖਿਅਤ ਕਿੱਟਾਂ, ਮਾਸਕ, ਸੈਨੇਟਾਈਜ਼ਰ, ਗਲਵਜ਼ ਅਤੇ ਸਾਬਣ ਆਦਿ ਮੁੱਹਇਆ ਨਹੀਂ ਕਰਵਾ ਸਕੀ। ਜਿਸ ਕਾਰਨ ਜ਼ਿਲ੍ਹਾ ਮੋਗਾ 'ਚ ਚਾਰ ਆਸ਼ਾ ਵਰਕਰਾਂ ਕਰੋਨਾ ਪੀੜ੍ਹਤ ਹੋ ਗਈਆਂ ਹਨ।
asha worker
ਜਥੇਬੰਦੀ ਦੀ ਆਗੂ ਮਨਿੰਦਰ ਕੌਰ ਚੱਕੋਵਾਲ, ਰਾਜ ਕੁਮਾਰੀ, ਬਬਿਤਾ ਪੋਸੀ, ਸੁਖਰਾਜ ਕੌਰ, ਨਿਰਮਲਾ ਕੁਮਾਰੀ, ਅਰੁਣਾ ਕੁਮਾਰੀ ਹਾਜੀਪੁਰ, ਕੈਲਾਸ਼ੋ ਦੇਵੀ ਬੁੱਢਾਬੜ ਆਦਿ ਨੇ ਕਰੋਨਾ ਵਾਇਰਸ ਦੀ ਡਿਊਟੀ ਕਰਨ ਲਈ ਆਸ਼ਾ ਵਰਕਰਾਂ ਤੇ ਫੈਸਿਲੀਟੇਟਰਾਂ ਨੂੰ ਉੱਚ ਮਿਆਰੀ ਸੁਰੱਖਿਆ ਕਿੱਟਾਂ ਯੋਗ ਮਾਤਰਾ 'ਚ ਦੇਣ, ਫਰੰਟ ਲਾਈਨ 'ਤੇ ਕੰਮ ਕਰਦੀਆਂ ਇਨ੍ਹਾਂ ਵਰਕਰਾਂ/ਫੈਸਿਲੀਟੇਟਰ 750 ਰੁਪਏ ਪ੍ਰਤੀ ਦਿਨ ਦੇਣ, ਇਨ੍ਹਾਂ ਦਾ ਮੁਫ਼ਤ 'ਚ ਬੀਮਾ ਕਰਵਾਉਣ ਅਤੇ ਮਾਰਚ 2021 ਤੋਂ ਹਰ ਵਰਕਰ/ਫੈਸਿਲੀਟੇਟਰ ਨੂੰ ਦਸ ਹਜ਼ਾਰ ਰੁਪਏ ਪ੍ਰਤੀ ਮਹੀਨਾ ਮਾਣ ਭੱਤਾ ਦੇਣ ਦੀ ਮੰਗ ਕੀਤੀ ਹੈ। ਇਸ ਤੋਂ ਇਲਾਵਾ ਸਿਹਤ ਵਿਭਾਗ ਦੇ ਦੂਜੇ ਅਮਲੇ ਵਾਂਗ ਆਸ਼ਾ ਵਰਕਰਾਂ ਤੇ ਫੈਸਿਲੀਟੇਟਰਾਂ ਦੇ ਸਮੇਂ-ਸਮੇਂ ਸਿਰ ਕਰੋਨਾ ਟੈਸਟ ਕਰਵਾਉਣ ਅਤੇ ਸੇਵਾਵਾਂ ਰੈਗੂਲਰ ਕਰਦਿਆਂ ਘੱਟੋ-ਘੱਟ ਉਜਰਤ ਕਾਨੂੰਨ ਦੇ ਘੇਰੇ 'ਚ ਲਿਆਉਣ ਦੀ ਮੰਗ ਕੀਤੀ। ਆਗੂਆਂ ਨੇ ਸੰਘਰਸ਼ ਦੇ ਦੂਜੇ ਪੜਾਅ ਤਹਿਤ ਭਲਕ 7 ਮਈ ਤੋਂ ਪੂਰੀ ਤਰ੍ਹਾਂ ਕੰਮ ਠੱਪ ਰੱਖ ਕੇ ਸਰਕਾਰ ਦੇ ਵਿਰੋਧ ਦਾ ਐਲਾਨ ਕੀਤਾ ਹੈ। ਉੱਥੇ ਹੀ ਮੰਗਾਂ ਨਾ ਮੰਨੇ ਜਾਣ 'ਤੇ ਅਣਮਿੱਥੇ ਸਮੇਂ ਲਈ ਹੜਤਾਲ 'ਤੇ ਜਾਣ ਦੀ ਚੇਤਾਵਨੀ ਦਿੱਤੀ ਹੈ।
ਉੱਧਰ ਜਨਤਕ ਜੱਥੇਬੰਦੀਆਂ ਦੇ ਸਾਂਝਾ ਮੋਰਚਾ ਜੇਪੀਐਮਓ) ਨੇ ਕਰੋਨਾ ਮਹਾਂਮਾਰੀ ਖ਼ਿਲਾਫ਼ ਫਰੰਟਲਾਈਨ 'ਤੇ ਲੜਦੀਆਂ ਆਸ਼ਾ ਵਰਕਰਾਂ/ਫੈਸਿਲੀਟੇਟਰਾਂ ਦੇ ਸੰਰਘਸ਼ ਦਾ ਸਮਰਥਨ ਕੀਤਾ ਹੈ। ਮੋਰਚੇ ਦੇ ਆਗੂ ਸਤੀਸ਼ ਰਾਣਾ, ਵੇਦ ਪ੍ਰਕਾਸ਼ ਸ਼ਰਮਾ, ਤੀਰਥ ਬਾਸੀ, ਮਨਜੀਤ ਸਿੰਘ ਸੈਣੀ ਤੇ ਇੰਦਰਜੀਤ ਸਿੰਘ ਵਿਰਦੀ ਆਦਿ ਨੇ ਸਾਂਝਾ ਬਿਆਨ ਜ਼ਾਰੀ ਕਰ ਆਸ਼ਾ ਵਰਕਰਾਂ ਦੇ ਭਲਕ ਦੀ ਹੜਤਾਲ ਦਾ ਪੂਰਨ ਤੌਰ 'ਤੇ ਸਮਰਥਨ ਕੀਤਾ ਹੈ।