
ਸਿਰਸਾ ਨੇ ਸਿੱਖਾਂ ਵਿਰੁਧ ਸਾਜ਼ਸ਼ ਰੱਚਣ ਵਾਲੇ ਮੰਤਰੀ ਤੇ ਅਧਿਕਾਰੀਆਂ ਨੂੰ ਬਰਖ਼ਾਸਤ ਕਰਨ ਦੀ ਕੀਤੀ ਮੰਗ
ਨਵੀਂ ਦਿੱਲੀ, 7 ਮਈ (ਸੁਖਰਾਜ ਸਿੰਘ): ਦਿੱਲੀ ਗੁਰਦਵਾਰਾ ਕਮੇਟੀ ਦੇ ਪ੍ਰਧਾਨ ਤੇ ਸ਼੍ਰੋਮਣੀ ਅਕਾਲੀ ਦਲ ਦੇ ਕੌਮੀ ਬੁਲਾਰੇ ਮਨਜਿੰਦਰ ਸਿੰਘ ਸਿਰਸਾ ਨੇ ਅੱਜ ਪੰਜਾਬ ਦੇ ਮੁੱਖ ਮੰਤਰੀ ਨੂੰ ਆਖਿਆ ਕਿ ਉਹ ਹਜ਼ੂਰ ਸਾਹਿਬ ਤੋਂ ਸ਼ਰਧਾਲੂਆਂ ਨੂੰ ਵਾਪਸ ਲਿਆਉਣ ਵਾਲੀਆਂ ਬਸਾਂ ਵਿਚ ਮਹਾਰਾਸ਼ਟਰ ਤੋਂ 200 ਫ਼ੈਕਟਰੀ ਵਰਕਰ ਵੀ ਲਿਆਉਣ ਦੇ ਮਾਮਲੇ 'ਤੇ ਅਪਣੀ ਚੁੱਪੀ ਤੋੜਨ।
ਉਨ੍ਹਾਂ ਨੇ ਕਿਹਾ ਕਿ ਹੈਰਾਨੀ ਵਾਲੀ ਗੱਲ ਹੈ ਕਿ ਪੰਜਾਬ ਦੇ ਮੰਤਰੀਆਂ ਨੇ ਵੱਧ ਚੜ੍ਹ ਕੇ ਦੋਸ਼ ਲਗਾਏ ਸਨ ਕਿ ਹਜ਼ੂਰ ਸਾਹਿਬ ਤੋਂ ਪਰਤੇ ਸਿੱਖ ਸ਼ਰਧਾਲੂ ਕੋਰੋਨਾ ਲੈ ਕੇ ਪੰਜਾਬ ਆਏ ਹਨ ਪਰ ਹੁਣ ਜਦੋਂ ਇਹ ਖੁਲ੍ਹਾਸਾ ਹੋਇਆ ਹੈ ਕਿ ਇਨ੍ਹਾਂ ਬਸਾਂ ਵਿਚ ਸ਼ਰਧਾਲੂਆਂ ਦੇ ਨਾਲ ਮਹਾਰਾਸ਼ਟਰ ਤੋਂ 200 ਫ਼ੈਕਟਰੀ ਵਰਕਰ ਵੀ ਆਏ ਹਨ ਤਾਂ ਇਹ ਮੰਤਰੀ ਵੀ ਚੁੱਪੀ ਵੱਟ ਗਏ ਹਨ। ਉਨ੍ਹਾਂ ਕਿਹਾ ਕਿ ਇਸ ਪ੍ਰਗਟਾਵੇ ਨੇ ਸਪੱਸ਼ਟ ਕਰ ਦਿੱਤਾ ਹੈ ਕਿ ਸਿੱਖਾਂ ਨੂੰ ਬਦਨਾਮ ਕਰਨ ਵਾਸਤੇ ਵੱਡੀ ਸਾਜ਼ਸ਼ ਰਚੀ ਗਈ ਤੇ ਭਾਈਚਾਰੇ ਨੂੰ ਕੋਰੋਨਾ ਲਿਆਉਣ ਲਈ ਜ਼ਿੰਮੇਵਾਰ ਠਹਿਰਾਇਆ ਗਿਆ।
ਉਨ੍ਹਾਂ ਕਿਹਾ ਕਿ ਪੰਜਾਬ ਪਰਤਣ 'ਤੇ 200 ਫ਼ੈਕਟਰੀ ਵਰਕਰ ਕਿਥੇ ਰੱਖੇ ਗਏ ਅਤੇ ਇਸ ਬਾਰੇ ਪੰਜਾਬ ਸਰਕਾਰ ਨੇ ਪ੍ਰਗਟਾਵਾ ਕਿਉਂ ਨਹੀਂ ਕੀਤਾ, ਇਸ ਦੀ ਜਾਂਚ ਕਰਵਾਏ ਜਾਣ ਦੀ ਲੋੜ ਹੈ। ਸਿਰਸਾ ਨੇ ਕਿਹਾ ਕਿ ਸੀਨੀਅਰ ਕਾਂਗਰਸੀ ਨੇਤਾ ਦਿਗਵਿਜੇ ਸਿੰਘ ਦੇ ਬਿਆਨ ਨੇ ਇਸ ਤੱਥ ਨੂੰ ਹੋਰ ਪੱਕਾ ਕੀਤਾ ਕਿ ਕਾਂਗਰਸ ਦੀ ਕੌਮੀ ਲੀਡਰਸ਼ਿਪ ਇਸ ਸਾਜ਼ਸ਼ ਵਿਚ ਸ਼ਾਮਲ ਸੀ।
ਉਨ੍ਹਾਂ ਕਿਹਾ ਕਿ ਨਾ ਤਾਂ ਮਹਾਰਾਸ਼ਟਰ ਸਰਕਾਰ ਤੇ ਨਾ ਹੀ ਪੰਜਾਬ ਸਰਕਾਰ (ਦੋਵੇਂ ਰਾਜਾਂ ਵਿਚ ਕਾਂਗਰਸ ਸਰਕਾਰਾਂ ਹਨ) ਨੇ ਇਹ ਮੰਨਿਆ ਹੈ ਕਿ ਸ਼ਰਧਾਲੂਆਂ ਦੇ ਨਾਲ 200 ਫ਼ੈਕਟਰੀ ਵਰਕਰ ਵੀ ਪੰਜਾਬ ਪਰਤੇ ਹਨ। ਸਿਰਸਾ ਨੇ ਪੰਜਾਬ ਦੇ ਮੁੱਖ ਮੰਤਰੀ ਨੂੰ ਕਿਹਾ ਕਿ ਉਹ ਇਸ ਮਾਮਲੇ 'ਤੇ ਅਪਣੀ ਚੁੱਪੀ ਤੋੜਨ ਤੇ ਉਸ ਮੰਤਰੀ ਤੇ ਅਧਿਕਾਰੀਆਂ ਨੂੰ ਬਰਖ਼ਾਸਤ ਕਰਨ ਜਿਨ੍ਹਾਂ ਸ਼ਰਧਾਲੂਆਂ ਦੇ ਨਾਲ ਫ਼ੈਕਟਰੀ ਵਰਕਰਾਂ ਨੂੰ ਲਿਆਉਣ ਦੀ ਸਾਜ਼ਸ਼ ਰਚੀ। ਉਨ੍ਹਾਂ ਕਿਹਾ ਕਿ ਇਸ ਸਾਰੇ ਮਾਮਲੇ ਦੇ ਤੱਥ ਜਨਤਕ ਕੀਤੇ ਜਾਣੇ ਚਾਹੀਦੇ ਹਨ।