
ਪੁਲਿਸ ਨੇ 14 ਕਥਿਤ ਦੋਸ਼ੀਆਂ ਵਿਰੁਧ ਕੀਤਾ ਮਾਮਲਾ ਦਰਜ
ਪਟਿਆਲਾ, 6 ਮਈ (ਤੇਜਿੰਦਰ ਫ਼ਤਿਹਪੁਰ) : ਥਾਨਾ ਪਸਿਆਣਾ ਦੇ ਅਧੀਨ ਪੈਦੇ ਪਿੰਡ ਪਸਿਆਣਾਂ ਦੇ ਸਰਪੰਚ ਦਾ ਬੇਰਹਿਮੀ ਨਾਲ ਕਤਲ ਕਰ ਦਿਤੇ ਜਾਣ ਦੀ ਸੂਚਨਾ ਪ੍ਰਾਪਤ ਹੋਈ ਹੈ। ਇਸ ਝਗੜੇ ਦੋਰਾਨ ਮ੍ਰਿਤਕ ਸਰਪੰਚ ਦੇ ਸਕੇ ਭਰਾ ਅਤੇ ਚਾਚੇ ਦਾ ਲੜਕਾ ਵੀ ਜ਼ਖ਼ਮੀ ਹੋ ਗਏ। ਮ੍ਰਿਤਕ ਦੀ ਪਹਿਚਾਨ ਭੁਪਿੰਦਰ ਸਿੰਘ ਸਰਪੰਚ ਦੇ ਤੋਰ 'ਤੇ ਹੋਈ ਹੈ। ਇਸ ਝਗੜੇ 'ਚ ਜ਼ਖ਼ਮੀ ਹੋਏ ਮ੍ਰਿਤਕ ਦੇ ਭਰਾ ਯਾਦਵਿੰਦਰ ਸਿੰਘ ਤੇ ਉਸਦੇ ਚਚੇਰੇ ਭਰਾ ਬਲਵਿੰਦਰ ਸਿੰਘ ਨੂੰ ਇਲਾਜ ਲਈ ਪਟਿਆਲਾ ਦੇ ਰਜਿੰਦਰਾ ਹਸਪਤਾਲ 'ਚ ਦਾਖ਼ਲ ਕਰਵਾਇਆ ਗਿਆ ਹੈ।
ਇਸ ਸਬੰਧੀ ਜਾਣਕਾਰੀ ਦਿੰਦੇ ਹੋਏ ਐਸ ਪੀ ਟ੍ਰੈਫ਼ਿਕ ਪਲਵਿੰਦਰ ਸਿੰਘ ਚੀਮਾਂ ਨੇ ਦਸਿਆ ਕਿ ਪਿੰਡ ਅੰਦਰ ਮ੍ਰਿਤਕ ਸਰਪੰਚ ਭੁਪਿੰਦਰ ਸਿੰਘ ਨੂੰ ਕਾਂਗਰਸ ਪਾਰਟੀ ਦਾ ਸਰਪੰਚ ਬਣਾਉਣ ਦੇ ਲਈ ਕਥਿਤ ਦੋਸ਼ੀ ਕ੍ਰਿਸ਼ਨ ਕੁਮਾਰ ਚੀਚਾ, ਬਿਟੂ ਗੁੱਜਰ ਅਤੇ ਉਹਨਾਂ ਦੇ ਸਾਥੀਆਂ ਨੇ ਕਾਫੀ ਸਪੋਰਟ ਕੀਤੀ ਸੀ ਅਤੇ ਭੁਪਿੰਦਰ ਸਿੰਘ ਦੇ ਸਰਪੰਚ ਬਣ ਜਾਣ ਤੋਂ ਬਾਅਦ ਉਕਤ ਕਥਿਤ ਦੋਸ਼ੀ ਹੋਲੀ-ਹੋਲੀ ਉਸ ਦੇ ਵਿਰੁਧ ਹੁੰਦੇ ਚਲੇ ਗਏ ਅਤੇ ਦੋਨਾਂ ਧਿਰਾਂ 'ਚ ਦਰਾਰ ਹੋਣੀ ਸੁਰੂ ਹੋ ਗਈ।
ਦੋਨਾਂ ਪਾਰਟੀਆਂ 'ਚ ਆਪਸੀ ਝਗੜੇ ਵੱਧਦੇ ਹੀ ਚਲੇ ਗਏ ਅਤੇ ਪਹਿਲਾਂ ਵੀ ਦੋਨਾਂ ਪਾਰਟੀਆਂ 'ਚ ਪਿੰਡ ਦੇ ਅੰਦਰ ਲੜਾਈ ਝਗੜਾ ਹੋਇਆ ਸੀ ਅਤੇ ਪੁਲਿਸ ਨੇ ਪਹਿਲਾਂ ਵੀ ਦੋਨਾਂ ਪਾਰਟੀਆਂ ਦੇ ਵਿਰੁਧ ਕਰਾਸ ਕੇਸ ਦਰਜ ਕੀਤਾ ਸੀ। ਐਸ ਪੀ ਚੀਮਾ ਨੇ ਅੱਗੇ ਦਸਿਆ ਕਿ 5 ਮਈ ਦੀ ਰਾਤ ਨੂੰ ਵੀ ਪਿੰਡ 'ਚ ਦੋਨਾਂ ਪਾਰਟੀਆਂ 'ਚ ਝਗੜਾ ਹੋ ਗਿਆ ਤੇ ਇਹ ਝਗੜਾ ਖੂਨੀ ਰੂਪ ਧਾਰਨ ਕਰ ਗਿਆ। ਉਹਨਾਂ ਦਸਿਆ ਕਿ ਕਥਿਤ ਦੋਸ਼ੀਆਂ ਨੇ ਸਰਪੰਚ ਭੁਪਿੰਦਰ ਸਿੰਘ , ਉਸਦੇ ਭਰਾ ਅਤੇ ਉਸਦੇ ਚਾਚੇ ਦੇ ਲੜਕੇ ਤੇ ਕਥਿਤ ਤੋਰ 'ਤੇ ਤੇਜਧਾਰ ਹਥਿਆਰਾਂ ਨਾਲ ਹਮਲਾ ਕਰ ਦਿਤਾ ਸੀ।
ਇਸ ਹਮਲੇ 'ਚ ਭੁਪਿਦੰਰ ਸਿੰਘ ਗੰਭੀਰ ਰੂਪ ਦੇ 'ਚ ਜ਼ਖ਼ਮੀ ਹੋ ਗਿਆ ਸੀ, ਜਿਸ ਨੂੰ ਪੀਜੀਆਈ ਵਿਖੇ ਇਲਾਜ ਲਈ ਦਾਖ਼ਲ ਕਰਵਾਇਆ ਸੀ। ਜਿਥੇ ਉਸ ਦੀ ਮੋਤ ਹੋ ਗਈ। ਉਹਨਾਂ ਦਸਿਆ ਕਿ ਪੁਲਿਸ ਨੇ ਕ੍ਰਿਸ਼ਨ ਕੁਮਾਰ ਚੀਚਾ, ਬਿੱਟੂ ਗੁੱਜਰ ਅਤੇ ਉਹਨਾਂ ਦੇ 14 ਅਣਪਛਾਤੇ ਸਾਥੀਆਂ ਵਿਰੁਧ 302,307, 148,149,120 ਬੀ ਤਹਿਤ ਕਤਲ ਦਾ ਮਾਮਲਾ ਦਰਜ ਕਰ ਲਿਆਂ ਹੈ। ਥਾਨਾ ਪਸ਼ਿਆਨਾ ਦੇ ਇੰਚਾਰਜ ਨੇ ਦਸਿਆ ਕਿ ਪੁਲਿਸ ਕਥਿਤ ਦੋਸ਼ੀਆਂ ਦੀ ਗ੍ਰਿਫ਼ਤਾਰੀ ਦੇ ਲਈ ਛਾਪੇ ਮਾਰ ਰਹੀ ਹੈ।