
ਪਰਵਾਰ ਦੇ 7 ਜੀਆਂ ਨੂੰ ਕੋਰੋਨਾ ਹੋਣ ਦੀ ਪੁਸ਼ਟੀ, ਇਲਾਕਾ ਹੋਇਆ ਸੀਲ
ਨਵੀਂ ਦਿੱਲੀ, 7 ਮਈ (ਅਮਨਦੀਪ ਸਿੰਘ) : ਦਿੱਲੀ ਵਿਚ ਲੰਗਰ ਸੇਵਾ ਕਰਦੇ ਹੋਏ ਕਰੋਨਾ ਦਾ ਸ਼ਿਕਾਰ ਹੋ ਕੇ ਜਾਨ ਗੁਆਉਣ ਵਾਲੇ 46 ਸ.ਗੁਰਪ੍ਰੀਤ ਸਿੰਘ ਲੱਕੀ ਦੇ 75 ਸਾਲਾ ਪਿਤਾ ਸ.ਖੇਮਪਾਲ ਸਿੰਘ ਅੱਜ ਤੜਕੇ ਦਿਲ ਦਾ ਦੌਰਾ ਪੈਣ ਕਰ ਕੇ ਚਲਾਣਾ ਕਰ ਗਏ ਹਨ, ਜਿਨ੍ਹਾਂ ਦੀ ਕਰੋਨਾ ਰੀਪੋਰਟ ਨੈਗਟਿਵ ਆਈ ਸੀ।
ਪਹਿਲਾਂ ਜਵਾਨ ਪੁੱਤਰ ਤੇ ਹੁਣ ਬਜ਼ੁਰਗ ਪਿਤਾ ਦੀ ਬੇਵਕਤੀ ਮੌਤ ਨਾਲ ਪਰਵਾਰ ਸਦਮੇ ਵਿਚ ਹੈ। ਗੁਰਪ੍ਰੀਤ ਸਿੰਘ ਦਿੱਲੀ ਗੁਰਦਵਾਰਾ ਕਮੇਟੀ ਅਧੀਨ ਗੁਰੂ ਤੇਗ਼ ਬਹਾਦਰ ਇੰਸਟੀਚਿਊਟ ਆਫ ਟੈਕਨਾਲੌਜੀ, ਰਾਜੌਰੀ ਗਾਰਡਨ ਵਿਖੇ ਕੇਅਰ ਟੇਕਰ ਸਨ।
ਵੇਰਵਿਆਂ ਮੁਤਾਬਕ ਪਿਛੇ ਪਰਵਾਰ ਦੇ 7 ਜੀਆਂ ਦੇ ਕਰੋਨਾ ਟੈਸਟਾਂ ਦੀ ਰੀਪੋਰਟ ਪਾਜ਼ਟਿਵ ਆਈ ਹੈ। ਇਸ ਪਿਛੋਂ ਚਾਂਦ ਨਗਰ, ਨੇੜੇ ਸੁਨੀਲ ਡੇਅਰੀ ਇਲਾਕੇ ਨੂੰ ਸੀਲ ਕਰ ਦਿਤਾ ਗਿਆ ਹੈ।
ਇਸ ਬਾਰੇ ਤਿਲਕ ਨਗਰ ਦੇ ਵਿਧਾਇਕ ਸ.ਜਰਨੈਲ ਸਿੰਘ ਜੋ ਹਾਲਾਤ 'ਤੇ ਨਜ਼ਰ ਰੱਖ ਰਹੇ ਹਨ, ਨੇ ਅੱਜ ਦੇਰ ਸ਼ਾਮ 'ਸਪੋਕਸਮੈਨ' ਨੂੰ ਦਸਿਆ ਕਿ ਪਰਵਾਰ ਦੇ 7 ਜੀਆਂ ਦੀ ਕਰੋਨਾ ਰੀਪੋਰਟ ਪਾਜ਼ੀਟਿਵ ਆਈ ਹੈ ਜਿਨ੍ਹਾਂ ਨੂੰ ਵੱਖਰੀ ਥਾਂ 'ਤੇ ਭੇਜਿਆ ਜਾ ਰਿਹਾ ਹੈ। ਸਿਹਤ ਮਹਿਕਮੇ ਨੂੰ ਵੀ ਉਨਾਂ੍ਹ ਕਾਰਵਾਈ ਕਰਨ ਲਈ ਆਖਿਆ ਹੈ।
ਖ਼ਬਰ ਲਿਖਣ ਵੇਲੇ ਤੱਕ ਸਬੰਧਤ ਪਰਵਾਰ ਦੇ ਸ.ਪਰਮਜੀਤ ਸਿੰਘ ਨੇ ਇਸ ਪੱਤਰਕਾਰ ਨੂੰ ਦਸਿਆ ਕਿ ਉਨ੍ਹਾਂ ਨੂੰ ਵੱਖਰੇ ਕਰੋਨਾ ਕੇਂਦਰ ਵਿਖੇ ਲਿਜਾਇਆ ਜਾ ਰਿਹਾ ਹੈ।