
ਕੁਲ ਮਾਮਲਿਆਂ ਦੀ ਗਿਣਤੀ ਵੱਧ ਕੇ 52,952 ਹੋਈ, 35,902 ਮਰੀਜ਼ਾਂ ਦਾ ਚਲ ਰਿਹੈ ਇਲਾਜ
ਨਵੀਂ ਦਿੱਲੀ, 7 ਮਈ: ਦੇਸ਼ ਅੰਦਰ ਪਿਛਲੇ 24 ਘੰਟਿਆਂ 'ਚ ਕੋਰੋਨਾ ਵਾਇਰਸ ਦੀ ਲਾਗ ਕਰ ਕੇ 89 ਲੋਕਾਂ ਦੀ ਮੌਤ ਹੋ ਜਾਣ ਮਗਰੋਂ ਇਸ ਬਿਮਾਰੀ ਨਾਲ ਮਰਨ ਵਾਲਿਆਂ ਦੀ ਗਿਣਤੀ ਵੱਧ ਕੇ 1783 ਹੋ ਗਈ ਹੈ। ਇਸ ਦੌਰਾਨ ਲਾਗ ਦੇ 3561 ਨਵੇਂ ਮਾਮਲੇ ਸਾਹਮਣੇ ਆਏ ਹਨ ਅਤੇ ਕੁਲ ਪੀੜਤ ਲੋਕਾਂ ਦੀ ਗਿਣਤੀ ਵੱਧ ਕੇ 52,952 ਹੋ ਗਈ ਹੈ।
ਕੇਂਦਰੀ ਸਿਹਤ ਮੰਤਰਾਲੇ ਨੇ ਦਸਿਆ ਕਿ ਲਾਗ ਨਾਲ 15,266 ਮਰੀਜ਼ ਠੀਕ ਹੋ ਗਏ ਹਨ ਅਤੇ ਇਕ ਰੋਗੀ ਦੇਸ਼ ਤੋਂ ਬਾਹਰ ਜਾ ਚੁੱਕਾ ਹੈ। ਕੋਰੋਨਾ ਵਾਇਰਸ ਨਾਲ ਪੀੜਤ 35,902 ਮਰੀਜ਼ਾਂ ਦਾ ਇਲਾਜ ਚਲ ਰਿਹਾ ਹੈ। ਸਿਹਤ ਮੰਤਰਾਲੇ ਦੇ ਇਕ ਸੀਨੀਅਰ ਅਧਿਕਾਰੀ ਨੇ ਦਸਿਆ ਕਿ ਇਸ ਤਰ੍ਹਾਂ 28.83 ਫ਼ੀ ਸਦੀ ਮਰੀਜ਼ ਠੀਕ ਹੋ ਚੁੱਕੇ ਹਨ। ਕੁਲ ਮਾਮਲਿਆਂ 'ਚ 111 ਵਿਦੇਸ਼ੀ ਨਾਗਰਿਕ ਵੀ ਹਨ। ਇਹ ਸਿਹਤ ਮੰਤਰਾਲੇ ਵਲੋਂ ਜਾਰੀ ਸਵੇਰ ਦੇ ਅੰਕੜੇ ਹਨ। ਸੂਤਰਾਂ ਤੋਂ ਪ੍ਰਾਪਤ ਅੰਕੜਿਆਂ ਅਨੁਸਾਰ ਸ਼ਾਮ ਤਕ ਕੁਲ ਮਾਮਲਿਆਂ ਦੀ ਗਿਣਤੀ ਵੱਧ ਕੇ 53,950 ਹੋ ਗਈ ਸੀ।
ਉਧਰ ਸਿਹਤ ਮੰਤਰੀ ਹਰਸ਼ਵਰਧਨ ਨੇ ਕਿਹਾ ਹੈ ਕਿ ਪਿਛਲੇ 24 ਘੰਟਿਆਂ 'ਚ ਕੇਰਲ, ਉੜਸਾ, ਜੰਮੂ-ਕਸ਼ਮੀਰ ਸਮੇਤ 13 ਸੂਬਿਆਂ ਅਤੇ ਕੇਂਦਰ ਸ਼ਾਸਤ ਪ੍ਰਦੇਸ਼ਾਂ 'ਚ ਕੋਰੋਨਾ ਵਾਇਰਸ ਦਾ ਕੋਈ ਨਵਾਂ ਕੇਸ ਸਾਹਮਣੇ ਨਹੀਂ ਆਇਆ ਹੈ। ਕੇਂਦਰੀ ਮੰਤਰੀ ਨੇ ਇਹ ਵੀ ਕਿਹਾ ਕਿ ਹੋਰਨਾਂ ਦੇਸ਼ਾਂ ਮੁਕਾਬਲੇ ਭਾਰਤ 'ਚ ਸਥਿਤੀ ਬਿਹਤਰ ਹੈ ਕਿਉਂਕਿ ਇਥੇ ਮੌਤ ਦੀ ਦਰ 3.3 ਫ਼ੀ ਸਦੀ ਹੈ ਅਤੇ ਸਿਹਤਮੰਦ ਹੋਣ ਦੀ ਦਰ 28.83 ਫ਼ੀ ਸਦੀ ਹੈ। ਉਨ੍ਹਾਂ ਕਿਹਾ ਕਿ ਦੇਸ਼ ਦੇ 180 ਜ਼ਿਲ੍ਹਿਆਂ 'ਚ ਪਿਛਲੇ 13 ਦਿਨਾਂ ਅੰਦਰ ਕੋਈ ਨਵਾਂ ਮਾਮਲਾ ਸਾਹਮਣੇ ਨਹੀਂ ਆਇਆ ਹੈ।
ਪ੍ਰਧਾਨ ਮੰਤਰੀ ਦੇ ਆਰਥਕ ਸਲਾਹਕਾਰ ਕੌਂਸਲ ਦੀ ਸਾਬਕਾ ਮੈਂਬਰ ਸ਼ਮਿਕਾ ਰਵੀ ਵਲੋਂ ਅੰਕੜਿਆਂ ਦੇ ਵਿਸ਼ਲੇਸ਼ਣ ਮੁਤਾਬਕ, ਕੋਰੋਨਾ ਵਾਇਰਸ ਦੇ ਮਾਮਲੇ 6.6 ਫ਼ੀ ਸਦੀ ਦੀ ਦਰ ਨਾਲ ਵੱਧ ਰਹੇ ਹਨ ਅਤੇ ਹਰ 11 ਦਿਨਾਂ ਅੰਦਰ ਇਨ੍ਹਾਂ ਦੀ ਗਿਣਤੀ ਦੁੱਗਣੀ ਹੋ ਰਹੀ ਹੈ।
ਮੰਤਰਾਲੇ ਨੇ ਦਸਿਆ ਕਿ ਹੁਣ ਤਕ ਹੋਈਆਂ 1783 ਮੌਤਾਂ 'ਚੋਂ ਸੱਭ ਤੋਂ ਜ਼ਿਆਦਾ 651 ਲੋਕਾਂ ਦੀ ਜਾਨ ਮਹਾਰਾਸ਼ਟਰ 'ਚ ਗਈ ਹੈ। ਇਸ ਤੋਂ ਬਾਅਦ ਗੁਜਰਾਤ 'ਚ 396, ਮੱਧ ਪ੍ਰਦੇਸ਼ 'ਚ 185, ਪਛਮੀ ਬੰਗਾਲ 'ਚ 144, ਰਾਜਸਥਾਨ 'ਚ 92, ਦਿੱਲੀ 'ਚ 65, ਉੱਤਰ ਪ੍ਰਦੇਸ਼ 'ਚ 60 ਅਤੇ ਆਂਧਰ ਪ੍ਰਦੇਸ਼ 'ਚ 36 ਮਰੀਜ਼ਾਂ ਨੇ ਦਮ ਤੋੜਿਆ ਹੈ। ਤਾਮਿਲਨਾਡੂ 'ਚ ਮ੍ਰਿਤਕਾਂ ਦੀ ਗਿਣਤੀ 35 ਤਕ ਪੁੱਜ ਗਈ ਹੈ, ਜਦਕਿ ਤੇਲੰਗਾਨਾ ਅਤੇ ਕਰਨਾਟਕ 'ਚ 29-29 ਲੋਕਾਂ ਦੀ ਲਾਗ ਨੇ ਜਾਨ ਲਈ ਹੈ।
ਪੰਜਾਬ 'ਚ ਕੋਰੋਨਾ ਵਾਇਰਸ ਕਰ ਕੇ ਹੋਣ ਵਾਲੀਆਂ ਮੌਤਾਂ ਦੀ ਗਿਣਤੀ 27 ਹੈ।
ਜੰਮੂ-ਕਸ਼ਮੀਰ 'ਚ 8 ਅਤੇ ਹਰਿਆਣਾ 'ਚ 7 ਮਰੀਜ਼ਾਂ ਦੀ ਜਾਨ ਇਸ ਲਾਗ ਕਰ ਕੇ ਹੋਈ। ਕੇਰਲ ਅਤੇ ਬਿਹਾਰ 'ਚ ਚਾਰ-ਚਾਰ ਰੋਗੀਆਂ ਦੀ ਮੌਤ ਹੋਈ। ਇਸ ਤੋਂ ਇਲਾਵਾ ਝਾਰਖੰਡ 'ਚ ਤਿੰਨ, ਉੜੀਸਾ ਅਤੇ ਹਿਮਾਚਲ ਪ੍ਰਦੇਸ਼ 'ਚ ਦੋ-ਦੋ, ਮੇਘਾਲਿਆ, ਚੰਡੀਗੜ੍ਹ, ਉਤਰਾਖੰਡ ਅਤੇ ਆਸਾਮ 'ਚ ਇਕ-ਇਕ ਮਰੀਜ਼ ਦੀ ਮੌਤ ਹੋਈ ਹੈ। (ਪੀਟੀਆਈ)