
ਪੰਜਾਬ ਸਰਕਾਰ ਖ਼ਰੀਦ ਨੂੰ ਸੁਚਾਰੂ ਤਰੀਕੇ ਨਾਲ ਚਲਾਉਣ ਦੇ ਕਰੇ ਪ੍ਰਬੰਧ: ਪਾਲਮਾਜਰਾ
ਸਮਰਾਲਾ, 6 ਮਈ (ਜਤਿੰਦਰ ਰਾਜੂ): ਸਮਰਾਲਾ ਅਨਾਜ ਮੰਡੀ 'ਚ ਸਰਕਾਰੀ ਏਜੰਸੀਆਂ ਵੱਲੋਂ ਖ਼ਰੀਦੀ ਗਈ ਕਣਕ ਦੀ ਫ਼ਸਲ ਦੀ ਚੁਕਾਈ ਦਾ ਕੰਮ ਮੱਠੀ ਰਫ਼ਤਾਰ ਹੋਣ ਕਾਰਨ ਮੰਡੀ 'ਚ ਬੋਰੀਆਂ ਦੇ ਅੰਬਾਰ ਲੱਗ ਗਏ ਹਨ।
Palmajra
ਜਾਣਕਾਰੀ ਅਨੁਸਾਰ ਸਮਰਾਲਾ ਅਨਾਜ ਮੰਡੀ 'ਚ ਮਿਤੀ 5 ਮਈ ਤੱਕ ਸਰਕਾਰੀ ਖ਼ਰੀਦ ਏਜੰਸੀ ਪਨਗ੍ਰੇਨ,ਐਫ਼.ਸੀ.ਆਈ.ਅਤੇ ਪਨਸਪ ਵੱਲੋਂ 33,407 ਟਨ ਕਣਕ ਦੀ ਫ਼ਸਲ ਖ਼ਰੀਦ ਕੀਤੀ ਗਈ ਤੇ 18,625 ਟਨ ਕਣਕ ਦੀ ਫ਼ਸਲ ਦੀ ਚੁਕਾਈ ਹੋ ਚੁੱਕੀ ਹੈ,ਇਸ ਤਰਾਂ ਬਾਕੀ 14,782 ਟਨ ਕਣਕ ਦੀ ਫ਼ਸਲ ਮੰਡੀ ਵਿੱਚ ਰੁੱਲ ਰਹੀ ਹੈ। ਭਾਰਤੀ ਕਿਸਾਨ ਯੂਨੀਅਨ (ਲੱਖੋਵਾਲ) ਦੇ ਜਨਰਲ ਸਕੱਤਰ ਪਰਮਿੰਦਰ ਸਿੰਘ ਪਾਲਮਾਜਰਾ ਨੇ ਦੱਸਿਆ ਕਿ ਬੇਸ਼ਕ ਮਾਰਕੀਟ ਕਮੇਟੀ ਸਮਰਾਲਾ ਵੱਲੋਂ ਕਰਫਿਊ ਈ-ਪਾਸ ਜਾਰੀ ਕੀਤੇ ਗਏ ਹਨ ਪਰ ਕਿਸਾਨਾਂ ਨੂੰ ਫ਼ਸਲ ਵੇਚਣ ਲਈ ਕਈ ਕਈ ਦਿਨਾਂ ਦਾ ਇੰਤਜ਼ਾਰ ਕਰਨਾ ਪੈ ਰਿਹਾ ਹੈ ਕਿਉਂਕਿ ਕਣਕ ਦੀ ਖ਼ਰੀਦ ਕਰ ਰਹੀਆਂ ਸਰਕਾਰੀ ਏਜੰਸੀਆਂ ਕੋਲ ਵਾਰਦਾਨੇ ਦੀ ਭਾਰੀ ਕਮੀ ਹੈ,ਆੜ੍ਹਤੀਆਂ ਨੂੰ ਕਣਕ ਦੀ ਭਰਾਈ ਲਈ ਲੋੜੀਦਾ ਵਾਰਦਾਨ ਨਹੀਂ ਮਿਲ ਰਿਹਾ ਹੈ। ਅਜਿਹੇ ਸਮੇਂ ਵਿੱਚ ਕਣਕ ਦੀ ਲਿਫਟਿੰਗ ਦਾ ਕੰਮ ਸਮੇਂ ਸਿਰ ਨਾ ਹੋਣ ਕਾਰਨ ਕਿਸਾਨ ਅਤੇ ਆੜ੍ਹਤੀਏ ਭਾਰੀ ਮੁਸ਼ਕਿਲ ਦਾ ਸਾਹਮਣਾ ਕਰ ਰਹੇ ਹਨ। ਭਾਰਤੀ ਕਿਸਾਨ ਯੂਨੀਅਨ(ਲੱਖੋਵਾਲ) ਨੇ ਪੰਜਾਬ ਸਰਕਾਰ ਤੋ ਮੰਗ ਕੀਤੀ ਹੈ ਕਿ ਖਰੀਦ ਕੀਤੀ ਗਈ ਜਿਣਸ ਦੀ ਅਦਾਇਗੀ ਕਿਸਾਨਾਂ ਨੂੰ ਮਿੱਥੇ ਸਮੇਂ ਅੰਦਰ ਕੀਤੀ ਜਾਵੇ ਅਤੇ ਲਿਫਟਿੰਗ ਵੀ ਜਲਦ ਕਰਵਾਉਣ ਨੂੰ ਯਕੀਨੀ ਬਣਾਇਆ ਜਾਵੇ।