
ਬਰਨਾਲਾ ਵਿਚ ਦੁਕਾਨਾਂ ਖੋਲ੍ਹਣ ਦਾ ਸਮਾਂ ਹੁਣ 9 ਤੋਂ 1 ਵਜੇ ਤਕ
ਬਰਨਾਲਾ, 6 ਮਈ (ਗਰੇਵਾਲ) : ਜ਼ਿਲ੍ਹਾ ਮੈਜਿਸਟ੍ਰੇਟ ਬਰਨਾਲਾ ਸ. ਤੇਜ ਪ੍ਰਤਾਪ ਸਿੰਘ ਫੂਲਕਾ ਵੱੱਲੋਂ ਜਾਰੀ ਸੋਧੇ ਹੋਏ ਹੁਕਮਾਂ ਅਨਸਾਰ ਜ਼ਿਲ੍ਹਾ ਬਰਨਾਲਾ ਵਿਚ ਦੁਕਾਨਾਂ ਸਵੇਰੇ 9 ਤੋਂ ਬਾਅਦ ਦੁਪਹਿਰ 1 ਵਜੇ ਤੱਕ ਖੁੱਲ੍ਹਣਗੀਆਂ ਅਤੇ ਆਮ ਲੋਕਾਂ ਲਈ ਬੈਂਕਾਂ ਦਾ ਸਮਾਂ ਵੀ ਇਹੀ ਰਹੇਗਾ। ਪੇਂਡੂ ਖੇਤਰਾਂ ਵਿਚ 50 ਫੀਸਦੀ ਸਟਾਫ ਨਾਲ ਸਾਰੀਆਂ ਦੁਕਾਨਾਂ ਖੁੱਲ੍ਹ ਸਕਣਗੀਆਂ, ਜਦੋਂਕਿ ਸ਼ਹਿਰੀ ਖੇਤਰ ਵਿਚ ਰਿਹਾਇਸ਼ੀ ਕੰਪਲੈਕਸਾਂ ਵਿਚ ਦੁਕਾਨਾਂ ਨਿਰਧਾਰਿਤ ਸਮਾਂ ਸਾਰਨੀ ਅਨੁਸਾਰ ਖੁੱਲ੍ਹਣਗੀਆਂ। ਸੋਮਵਾਰ ਅਤੇ ਵੀਰਵਾਰ ਨੂੰ ਮੋਬਾਈਲ ਵਿਕਰੀ ਅਤੇ ਰਿਪੇਅਰ, ਕੰਪਿਊਟਰ ਸਾਫਟਵੇਅਰ ਅਤੇ ਹਾਰਡਵੇਅਰ ਰਿਪੇਅਰ ਦੁਕਾਨਾਂ, ਬਿਲਡਿੰਗ ਅਤੇ ਉਸਾਰੀ ਉਪਕਰਨਾਂ ਨਾਲ ਸਬੰਧਤ ਸਟੋਰ ਜਿਵੇਂ ਪੇਂਟ, ਵੈਨਿਸ਼ਿੰਗ ਆਦਿ, ਕਾਰਪੇਂਟਰ ਉਪਕਰਨ ਜਿਵੇਂ ਪਲਾਈਵੁਡ, ਗਲਾਸ ਤੇ ਮਿਰਰ, ਸੀਮਿੰਟ ਦੁਕਾਨਾਂ ਆਦਿ, ਐਨਕਾਂ ਦੀਆਂ ਦੁਕਾਨਾਂ ਤੇ ਫਰਨੀਚਰ ਦੁਕਾਨਾਂ ਖੁੱਲ੍ਹੀਆਂ ਰਹਿ ਸਕਣਗੀਆਂ।
ਮੰਗਲਵਾਰ ਅਤੇ ਸ਼ੁੱਕਰਵਾਰ ਨੂੰ ਕੱਪੜੇ ਅਤੇ ਫੈਬਰਿਕ ਦੁਕਾਨਾਂ, ਜੁੱਤਿਆਂ ਦੀਆਂ ਦੁਕਾਨਾਂ, ਡਰਾਈ ਕਲੀਨਰਾਂ ਦੀਆਂ ਦੁਕਾਨਾਂ, ਦਰਜੀਆਂ ਦੀਆਂ ਦੁਕਾਨਾਂ, ਬੈਗ ਤੇ ਸਬੰਧਤ ਸਾਮਾਨ, ਗਹਿਣਿਆਂ ਨਾਲ ਸਬੰਧਤ ਦੁਕਾਨਾਂ, ਕਾਸਮੈਟਿਕਸ ਦੁਕਾਨਾਂ, ਬੱਚਿਆਂ ਦੇ ਕੱਪੜੇ ਅਤੇ ਹੋਰ ਸਾਮਾਨ, ਘਰੇਲੂ ਸਾਮਾਨ ਜਿਵੇਂ ਕਰੌਕਰੀ ਤੇ ਰਸੋਈ ਦਾ ਸਾਜ਼ੋ-ਸਾਮਾਨ, ਇਲੈਕਟ੍ਰੋਨਿਕ ਅਤੇ ਇਲੈਕਟ੍ਰਿਕ ਉਪਕਰਨ ਨਾਲ ਸਬੰਧਤ ਵਿਕਰੀ ਤੇ ਮੁਰੰਮਤ ਦੀਆਂ ਦੁਕਾਨਾਂ ਤੇ ਹੋਰ ਘਰੇਲੂ ਉਪਕਰਨਾਂ ਦੀਆਂ ਦੁਕਾਨਾਂ ਖੁੱਲ੍ਹ ਸਕਦੀਆਂ ਹਨ। ਬੁੱਧਵਾਰ ਅਤੇ ਸ਼ਨੀਵਾਰ ਨੂੰ ਆਟੋਮੋਬਾਈਲ ਵਿਕਰੀ, ਆਟੋਮੋਬਾਈਲ ਸਪੇਅਰ ਪਾਰਟ ਵਿਕਰੀ, ਆਟੋਮੋਬਾਈਲ ਮੁਰੰਮਤ ਦੀਆਂ ਦੁਕਾਨਾਂ, ਟਰੈਕਟਰ ਅਤੇ ਕੰਬਾਈਨ ਅਤੇ ਹੋਰ ਖੇਤੀਬਾੜੀ ਉਪਕਰਨਾਂ ਨਾਲ ਸਬੰਧਤ ਸਪੇਅਰ ਪਾਰਟਸ ਅਤੇ ਰਿਪੇਅਰ ਦੀਆਂ ਦੁਕਾਨਾਂ, ਫੋਟੋਸਟੇਟ, ਫੋਟੋ ਸਟੂਡੀਓ, ਸਟੇਸ਼ਨਰੀ, ਬੇਕਰੀ , ਡੇਅਰੀ ਉਤਪਾਦ, ਮੀਟ ਦੁਕਾਨਾਂ, ਪ੍ਰਿਟਿੰਗ ਪ੍ਰੈਸ, ਸਾਈਕਲ ਵਿਕਰੀ, ਮੁਰੰਮਤ ਅਤੇ ਸਪੇਅਰ ਪਾਰਟਸ ਦੁਕਾਨਾਂ ਖੁੱਲ੍ਹ ਸਕਣਗੀਆਂ।
ਕੈਮਿਸਟ ਅਤੇ ਕਰਿਆਨਾ ਦੁਕਾਨਾਂ ਬਾਰੇ ਹੁਕਮ : ਇਨ੍ਹਾਂ ਹੁਕਮਾਂ ਅਨੁਸਾਰ ਕੈਮਿਸਟ ਦੁਕਾਨਾਂ ਤੇ ਲੈਬੋਰੇਟਰੀਆਂ ਦਾ ਸਮਾਂ ਵੀ 9 ਤੋਂ 1 ਵਜੇ ਤੱਕ ਹੈ। ਇਹ ਦੁਕਾਨਾਂ ਐਤਵਾਰ ਬੰਦ ਰਹਿਣਗੀਆਂ ਅਤੇ ਬਾਕੀ ਦਿਨ ਖੁੱਲ੍ਹੀਆਂ ਰਹਿ ਸਕਣਗੀਆਂ। ਕਰਿਆਣੇ ਦੀਆਂ ਦੁਕਾਨਾਂ ਵੀ ਇਸੇ ਸਮੇਂ ਦੌਰਾਨ ਸੋਮਵਾਰ, ਬੁੱਧਵਾਰ, ਵੀਰਵਾਰ ਅਤੇ ਸ਼ਨੀਵਾਰ ਗਾਹਕਾਂ ਲਈ ਖੁੱਲ੍ਹੀਆਂ ਰਹਿਣਗੀਆਂ। ਇਨ੍ਹਾਂ ਦਿਨਾਂ ਵਿਚ ਹੀ 1 ਵਜੇ ਤੋਂ 5 ਵਜੇ ਤੱਕ ਹੋਮ ਡਿਲਿਵਰੀ ਕੀਤੀ ਜਾ ਸਕੇਗੀ। ਮਠਿਆਈ ਦੀਆਂ ਦੁਕਾਨਾਂ 9 ਤੋਂ 1 ਵਜੇ ਤੱਕ ਸ਼ੁੱਕਰਵਾਰ ਅਤੇ ਸ਼ਨੀਵਾਰ ਖੁੱਲ੍ਹੀਆਂ ਰਹਿਣਗੀਆਂ। ਐਤਵਾਰ ਨੂੰ ਸਾਰੀਆਂ ਦੁਕਾਨਾਂ ਬੰਦ ਰਹਿਣਗੀਆਂ।
ਬਰਨਾਲਾ ਵਿਚ ਦੁਪਹੀਆ ਤੇ ਚਾਰ ਪਹੀਆ ਵਾਹਨਾਂ ਬਾਰੇ ਕੀ ਹਨ ਹੁਕਮ? : ਜ਼ਿਲ੍ਹਾ ਮੈਜਿਸਟ੍ਰੇਟ ਵੱਲੋਂ ਜਾਰੀ ਹੁਕਮਾਂ ਅਨੁਸਾਰ 9 ਤੋਂ 1 ਵਜੇ ਦੌਰਾਨ ਮੈਡੀਕਲ ਐਮਰਜੈਂਸੀ ਤੋਂ ਬਿਨਾਂ ਹੋਰ ਕੰਮਾਂ ਲਈ ਬਰਨਾਲਾ ਸ਼ਹਿਰ ਵਿਚ ਦੋ ਪਹੀਆ ਅਤੇ ਚਾਰ ਪਹੀਆ ਵਾਹਨ ਲਿਜਾਣ ਦੀ ਮਨਾਹੀ ਹੈ। ਜਿਹੜੇ ਵਿਅਕਤ ਸ਼ਹਿਰ ਤੋਂ ਬਾਹਰੋਂ ਇਸ ਸਮੇਂ ਦੌਰਾਨ ਬਰਨਾਲਾ ਸ਼ਹਿਰ ਵਿਚ ਆਉਣਗੇ, ਉਹ ਆਪਣੇ ਵਾਹਨ ਖੁੱਡੀ ਰੋਡ, ਬਾਜਾਖਾਨਾ ਰੋਡ, ਅਨਾਜ ਮੰਡੀ, ਕਚਹਿਰੀ ਚੌਕ (ਫਲਾਈਓਵਰ ਦੇ ਹੇਠਾਂ), ਪੱਕਾ ਕਾਲਜ ਰੋਡ, ਧਨੌਲਾ ਰੋਡ, ਨਵੇਂ ਸਿਨੇਮੇ ਦੀ ਪਾਰਕਿੰਗ, ਮਾਤਾ ਗੁਲਾਬ ਕੌਰ ਚੌਕ ਤੇ 22 ਏਕੜ ਮਾਰਕੀਟ ਵਿਚ ਖੜ੍ਹੇ ਕਰ ਸਕਦੇ ਹਨ। ਇਨ੍ਹਾਂ ਹੁਕਮਾਂ ਦੀ ਉਲੰਘਣਾ ਕਰਨ ਵਾਲਿਆਂ 'ਤੇ ਸਖਤ ਕਾਰਵਾਈ ਕੀਤੀ ਜਾਵੇਗੀ।
ਕੀ ਹਨ ਹੋਰ ਜ਼ਰੂਰੀ ਹਦਾਇਤਾਂ : ਆਮ ਲੋਕ 9 ਤੋਂ 1 ਵਜੇ ਦੌਰਾਨ ਜ਼ਰੂਰੀ ਵਸਤਾਂ ਦੀ ਖਰੀਦਦਾਰੀ ਲਈ ਹੀ ਦੁਕਾਨਾਂ 'ਤੇ ਜਾਣ। ਇਸ ਦੌਰਾਨ ਮਾਸਕ, ਸੈਨੇਟਾਈਜ਼ਰ ਅਤੇ ਹੋਰ ਇਹਤਿਆਤਾਂ ਦਾ ਪੂਰਾ ਖਿਆਲ ਰੱਖਿਆ ਜਾਵੇ। ਸਮਾਜਿਕ ਦੂਰੀ ਦੀ ਪਾਲਣਾ ਵੀ ਜ਼ਰੂਰੀ ਹੈ। ਬੇਕਰੀ, ਮਠਿਆਈ ਆਦਿ ਦੁਕਾਨਾਂ 'ਤੇ ਬੈਠ ਕੇ ਖਾਣਾ ਸਖਤ ਮਨ੍ਹਾ ਹੈ, ਸਿਰਫ ਪੈਕ ਕਰਵਾ ਕੇ ਲਿਜਾਣ ਦੀ ਹੀ ਇਜਾਜ਼ਤ ਹੈ।