
ਕੋਰੋਨਾ ਵਰਗੀ ਭਿਆਨਕ ਬੀਮਾਰੀ ਨੇ ਜਿੱਥੇ ਲੋਕਾਂ ਦੀ ਜ਼ਿੰਦਗੀ ਵਿਚ ਉਥਲ-ਪੁਥਲ ਮਚਾ ਦਿਤੀ ਹੈ, ਉੱਥੇ ਹੀ ਸੀਜ਼ਨ ਵਿਚ ਹੋਣ ਵਾਲੇ ਵਿਆਹਾਂ ਉਤੇ ਵੀ ਬਹੁਤ ਅਸਰ ਪਾਇਆ ਹੈ।
ਪਠਾਨਕੋਟ, 6 ਮਈ (ਪਪ) : ਕੋਰੋਨਾ ਵਰਗੀ ਭਿਆਨਕ ਬੀਮਾਰੀ ਨੇ ਜਿੱਥੇ ਲੋਕਾਂ ਦੀ ਜ਼ਿੰਦਗੀ ਵਿਚ ਉਥਲ-ਪੁਥਲ ਮਚਾ ਦਿਤੀ ਹੈ, ਉੱਥੇ ਹੀ ਸੀਜ਼ਨ ਵਿਚ ਹੋਣ ਵਾਲੇ ਵਿਆਹਾਂ ਉਤੇ ਵੀ ਬਹੁਤ ਅਸਰ ਪਾਇਆ ਹੈ। ਅੱਜ-ਕਲ ਵਿਆਹਾਂ ਦਾ ਸੀਜ਼ਨ ਚੱਲ ਰਿਹਾ ਹੈ ਪਰ ਹੋਟਲਾਂ, ਪੈਲਸਾਂ ਕਿਸੇ ਵੀ ਥਾਂ ਉਤੇ ਵਿਆਹ ਨਹੀਂ ਹੋ ਰਹੇ ਹਨ। ਕੋਰੋਨਾ ਵਰਗੀ ਮਹਾਂਮਾਰੀ ਦਾ ਕਈ ਲੋਕਾਂ ਨੇ ਫ਼ਾਇਦਾ ਵੀ ਚੁੱਕਿਆ ਹੈ। ਕੁਝ ਲੋਕਾਂ ਨੇ ਸਰਕਾਰ ਦੇ ਹੁਕਮਾਂ ਦੀ ਪਾਲਣਾ ਕਰਦੇ ਹੋਏ 4 ਲੋਕਂ ਨੂੰ ਲਿਜਾ ਕੇ ਵਿਆਹ ਕਰ ਲਿਆ ਅਤੇ ਵਿਆਹ ਉਤੇ ਹੋਣ ਵਾਲੇ ਭਾਰੀ ਖਰਚੇ ਤੋਂ ਵੀ ਅਪਣਾ ਬਚਾਅ ਕਰ ਲਿਆ।
File photo
ਪਠਾਨਕੋਟ ਦੇ ਸੁਜਾਨਪੁਰ ਵਿਚ ਵੀ ਕੁੱਝ ਅਜਿਹਾ ਹੀ ਦੇਖਣ ਨੂੰ ਮਿਲਿਆ। ਇੱਥੇ ਰਿਸ਼ੂ ਨਾਂ ਦਾ ਨੌਜਵਾਨ ਅਪਣੀ ਦੁਲਹਨ ਨੂੰ ਵਿਆਹ ਕੇ ਮੋਟਰਸਾਈਕਲ ਉਤੇ ਘਰ ਲੈ ਗਿਆ। ਰਿਸ਼ੂ ਨੇ ਦਸਿਆ ਕਿ ਉਸ ਨੇ ਸਰਕਾਰ ਦੇ ਹੁਕਮਾਂ ਦੀ ਪਾਲਣਾ ਕਰਦੇ ਹੋਏ ਇਹ ਵਿਆਹ ਕੀਤਾ ਹੈ ਤਾਂ ਜੋ ਕੋਰੋਨਾ ਵਰਗੀ ਮਹਾਂਮਾਰੀ ਰੁਕ ਸਕੇ ਅਤੇ ਦੋਹਾਂ ਪਰਵਾਰਾਂ ਦੇ ਹੋਣ ਵਾਲੇ ਖਰਚੇ ਨੂੰ ਵੀ ਬਚਾ ਲਿਆ ਹੈ। ਜਦੋਂ ਰਿਸ਼ੂ ਅਪਣੀ ਦੁਲਹਨ ਨੂੰ ਮੋਟਰਸਾਈਕਲ ਉਤੇ ਬਿਠਾ ਕੇ ਆਪਣੇ ਸ਼ਹਿਰ ਸੁਜਾਨਪੁਰ ਪਹੁੰਚਿਆ ਤਾਂ ਨਾਕੇ ਉਤੇ ਖ਼ੜ੍ਹੇ ਪੁਲਿਸ ਅਧਿਕਾਰੀਆਂ ਨੇ ਉਨ੍ਹਾਂ ਦਾ ਸੁਆਗਤ ਕੀਤਾ ਅਤੇ ਮੂੰਹ ਮਿੱਠਾ ਕਰਵਾ ਕੇ ਜੋੜੀ ਨੂੰ ਆਸ਼ੀਰਵਾਦ ਦਿਤਾ।