
ਮ੍ਰਿਤਕ ਰਮੇਸ਼ ਘਾਰੂ ਮੱਲਾਂਵਾਲਾ ਵਿਚ ਡੀ. ਜੇ. ਦਾ ਕੰਮ ਕਰਦਾ ਸੀ ਅਤੇ ਆਪਣੇ ਪਿੱਛੇ ਇਕ ਬੇਟੀ ਅਤੇ ਪਤਨੀ ਛੱਡ ਗਿਆ ਹੈ।
ਮੱਲਾਂਵਾਲਾ : ਮੱਲਾਂਵਾਲਾ ਵਿਚ ਹੋਏ ਇਕ ਸੜਕ ਹਾਦਸੇ ਨੇ ਪਰਿਵਾਰ ਦੀ ਖੁਸ਼ੀਆਂ ਖੋਹ ਲਈਆਂ। ਇਸ ਸੜਕ ਹਾਦਸੇ ਵਿਚ ਪਿਓ-ਪੁੱਤ ਦੀ ਮੌਤ ਹੋ ਗਈ। ਮਿਲੀ ਜਾਣਕਾਰੀ ਅਨੁਸਾਰ ਰਮੇਸ਼ ਘਾਰੂ (42) ਪੁੱਤਰ ਜੁਵੇਰਾ ਵਾਸੀ ਮੱਲਾਂਵਾਲਾ ਤਕਰੀਬਨ ਸੱਤ ਵਜੇ ਆਪਣੇ ਬੇਟੇ ਲਵ (11) ਨੂੰ ਸਰਕਾਰੀ ਪ੍ਰਾਇਮਰੀ ਸਕੂਲ ਛੱਡਣ ਜਾ ਰਿਹਾ ਸੀ ਕਿ ਲਾਲਾ ਚੰਦਾ ਮੱਲ ਦੀ ਧਰਮਸ਼ਾਲਾ ਦੇ ਨਜ਼ਦੀਕ ਅੱਗੇ ਆ ਰਹੀ ਮਿੰਨੀ ਬੱਸ ਨੰਬਰ PB 05 J-9558 ਨੇ ਇਨ੍ਹਾਂ ਦੇ ਮੋਟਰਸਾਈਕਲ ਨੂੰ ਦਰੜ ਦਿੱਤਾ, ਜਿਸ ਕਾਰਨ ਇਹ ਦੋਵੇਂ ਪਿਓ-ਪੁੱਤ ਗੰਭੀਰ ਰੂਪ ’ਚ ਜ਼ਖ਼ਮੀ ਹੋ ਗਏ।
ਦੋਵਾਂ ਨੂੰ ਇਲਾਜ ਲਈ ਜ਼ੀਰਾ ਦੇ ਹਸਪਤਾਲ ਵਿਖੇ ਲਿਜਾਇਆ ਗਿਆ। ਜਿੱਥੇ ਉਕਤ ਵਿਅਕਤੀ ਤੇ ਲੜਕੇ ਦੀ ਮੌਤ ਹੋ ਗਈ। ਇਸ ਘਟਨਾ ਦੌਰਾਨ ਹੋਈਆਂ ਦੋ ਮੌਤਾਂ ਕਾਰਨ ਇਲਾਕੇ ਵਿਚ ਸੋਗ ਦੀ ਲਹਿਰ ਦੌੜ ਗਈ। ਮ੍ਰਿਤਕ ਰਮੇਸ਼ ਘਾਰੂ ਮੱਲਾਂਵਾਲਾ ਵਿਚ ਡੀ. ਜੇ. ਦਾ ਕੰਮ ਕਰਦਾ ਸੀ ਅਤੇ ਆਪਣੇ ਪਿੱਛੇ ਇਕ ਬੇਟੀ ਅਤੇ ਪਤਨੀ ਛੱਡ ਗਿਆ ਹੈ।