
ਭਵਾਨੀਗੜ੍ਹ ਨੇੜਲੇ ਪਿੰਡ ਰਾਮਗੜ੍ਹ 'ਚ ਸ਼ਨੀਵਾਰ ਨੂੰ ਇੱਕ ਬਜ਼ੁਰਗ ਦੀਆਂ ਖੇਤਾਂ ਨੇੜੇ ਬਾੜੇ 'ਚ ਖੜ੍ਹੀਆਂ 50 ਦੇ ਕਰੀਬ ਬੱਕਰੀਆਂ ਕਣਕ ਦੇ ਨਾੜ ਨੂੰ ਅੱਗ ਲੱਗਣ ਕਾਰਨ ਜਿੰਦਾ ਸੜ ਗਈਆਂ ਸਨ
Sangrur News : ਸੰਗਰੂਰ ਜ਼ਿਲੇ ਦੇ ਭਵਾਨੀਗੜ੍ਹ ਨੇੜਲੇ ਪਿੰਡ ਰਾਮਗੜ੍ਹ 'ਚ ਸ਼ਨੀਵਾਰ ਨੂੰ ਇੱਕ ਬਜ਼ੁਰਗ ਦੀਆਂ ਖੇਤਾਂ ਨੇੜੇ ਬਾੜੇ 'ਚ ਖੜ੍ਹੀਆਂ 50 ਦੇ ਕਰੀਬ ਬੱਕਰੀਆਂ ਕਣਕ ਦੇ ਨਾੜ ਨੂੰ ਅੱਗ ਲੱਗਣ ਕਾਰਨ ਜਿੰਦਾ ਸੜ ਗਈਆਂ ਸਨ। ਜਿਸ ਤੋਂ ਬਾਅਦ ਉਸ ਬਜ਼ੁਰਗ ਦਾ ਰੋ-ਰੋ ਕੇ ਬੁਰਾ ਹਾਲ ਹੋ ਗਿਆ ਸੀ। ਹੁਣ ਉਸ ਬਜ਼ੁਰਗ ਦੇ ਲਈ ਗਲੋਬਲ ਸਿੱਖ ਸੰਸਥਾ ਮਸੀਹਾ ਬਣ ਕੇ ਆਈ ਹੈ।
ਗਲੋਬਲ ਸਿੱਖ ਫਾਊਂਡੇਸ਼ਨ ਨੇ ਉਸ ਬਜੁਰਗ ਨੂੰ 14 ਬੱਕਰੀਆਂ ਦਾਨ ਕੀਤੀਆ ਹਨ। ਜਿਸ ਤੋਂ ਬਾਅਦ ਉਸ ਬਜੁਰਗ ਦੀ ਜ਼ਿੰਦਗੀ ਜਿਊਣ ਦੀ ਇੱਛਾ ਵੱਧ ਗਈ ਹੈ। ਬਜ਼ੁਰਗ ਵਿਅਕਤੀ ਦਾ ਘਰ ਬੱਕਰੀਆਂ ਦੇ ਜ਼ਰੀਏ ਚਲਦਾ ਸੀ। ਗਲੋਬਲ ਸਿੱਖ ਫਾਊਂਡੇਸ਼ਨ ਨੇ ਉਸ ਨੂੰ ਦੁਬਾਰਾ ਜਿਉਣ ਦੀ ਉਮੀਦ ਦਿੱਤੀ ਹੈ।
ਦੱਸ ਦੇਈਏ ਕਿ ਸੰਗਰੂਰ ਦੇ ਨੇੜਲੇ ਪਿੰਡ ਰਾਮਗੜ੍ਹ ਦੇ ਖੇਤਾਂ ਵਿੱਚ ਸ਼ਨੀਵਾਰ ਨੂੰ ਅੱਗ ਨੇ ਤਾਂਡਵ ਮਚਾ ਦਿੱਤਾ ਸੀ। ਜਿੱਥੇ ਅੱਗ ਕਾਰਨ ਦੋ ਦਰਜਨ ਕਿਸਾਨਾਂ ਦਾ ਕਰੀਬ 300-400 ਏਕੜ ਨਾੜ ਤੇ ਇੱਕ ਕਿਸਾਨ ਦੀ ਕਰੀਬ 400-500 ਟਰਾਲੀ ਤੂੜੀ ਸੜ ਕੇ ਸੁਆਹ ਹੋ ਗਈ ਸੀ ,ਉੱਥੇ ਹੀ ਖੇਤਾਂ ਨੇੜੇ ਬਾੜੇ 'ਚ ਖੜ੍ਹੀਆਂ 50 ਦੇ ਕਰੀਬ ਭੇਡਾਂ-ਬੱਕਰੀ ਵੀ ਇਸ ਭਿਆਨਕ ਅੱਗ ਦੀ ਲਪੇਟ ਆ ਜਾਣ ਕਾਰਨ ਜਿੰਦਾ ਸੜ ਗਈਆਂ ਸਨ।
ਉਥੇ ਹੀ ਮੌਕੇ 'ਤੇ ਮੌਜੁਦ ਪਿੰਡ ਵਾਸੀਆਂ ਨੇ ਦੱਸਿਆ ਕਿ ਦੁਪਹਿਰ ਇੱਕ-ਡੇਢ ਵਜੇ ਦੇ ਕਰੀਬ ਕਪਿਆਲ ਨਹਿਰ ਵਾਲੇ ਪੁੱਲ ਨੇੜਲੇ ਖੇਤਾਂ ਤੋਂ ਸ਼ੁਰੂ ਹੋਈ ਅੱਗ ਉਨ੍ਹਾਂ ਦੇ ਪਿੰਡ ਵੱਲ ਨੂੰ ਵੱਧਦੀ ਚਲੀ ਗਈ ਤੇ ਅੱਗ ਨੇ ਕੁੱਝ ਹੀ ਮਿੰਟਾਂ 'ਚ 20-25 ਕਿਸਾਨਾਂ ਦੇ ਖੇਤਾਂ ਦੇ 300-400 ਏਕੜ ਨਾੜ ਨੂੰ ਸਾੜ ਕੇ ਸੁਆਹ ਕਰ ਦਿੱਤਾ।
ਇਸ ਦੌਰਾਨ ਭਿਆਨਕ ਅੱਗ ਕਾਰਨ ਪਿੰਡ ਦੀ ਫਿਰਨੀ ਦੇ ਨਾਲ ਗਰੀਬ ਮਜਦੂਰ ਪਰਿਵਾਰ ਨਾਲ ਸਬੰਧਤ ਮਹਿੰਦਰ ਸਿੰਘ ਪੁੱਤਰ ਸਾਧੂ ਸਿੰਘ ਵੱਲੋਂ ਬਣਾਏ ਪਸ਼ੂਆਂ ਦੇ ਵਾੜੇ 'ਚ ਖੜ੍ਹੀਆਂ ਉਸ ਦੀਆਂ 40-50 ਦੇ ਕਰੀਬ ਭੇਡਾਂ-ਬੱਕਰੀਆਂ ਵੀ ਜਿੰਦਾ ਸੜ ਗਈਆਂ ਸਨ। ਪਿੰਡ ਵਾਸੀਆਂ ਦਾ ਮੰਨਣਾ ਹੈ ਕਿ ਸ਼ਾਰਟ ਸਰਕਟ ਕਾਰਨ ਇਹ ਅੱਗ ਲੱਗੀ ਹੈ, ਜਿਸ ਨਾਲ ਕਿਸਾਨਾਂ ਦਾ ਭਾਰੀ ਨੁਕਸਾਨ ਹੋਇਆ ਹੈ।