
ਆਵਾਰਾ ਪਸ਼ੂ ਜਾਂ ਜਾਨਵਰ ਕਾਰਨ ਵਾਪਰੇ ਹਾਦਸੇ ਦੇ ਪੀੜਤ ਨੂੰ ਮੁਆਵਜ਼ਾ
ਐਸ ਏ ਐਸ ਨਗਰ (ਕੁਲਦੀਪ ਸਿੰਘ) : ਮੋਹਾਲੀ ਦੇ ਫੇਜ਼-7 ਵਿਚ ਰਹਿਣ ਵਾਲੇ ਇਕ ਬੱਚੇ ਨੂੰ ਇਕ ਆਵਾਰਾ ਕੁੱਤੇ ਨੇ ਕੱਟ ਲਿਆ। ਇਸ ਬੱਚੇ ਦੀ ਲੱਤ ਵਿਚ ਕਈ ਜ਼ਖ਼ਮ ਆਏ ਹਨ। 100 ਨੰਬਰ ਕੋਠੀਆਂ ਵਾਲੇ ਪਾਸੇ ਵਾਪਰੇ ਇਸ ਹਾਦਸੇ ਤੋਂ ਬਾਅਦ ਬੱਚਿਆਂ ਦੇ ਮਾਪੇ ਪ੍ਰੇਸ਼ਾਨ ਅਤੇ ਡਰੇ ਹੋਏ ਹਨ। ਉਨ੍ਹਾਂ ਦਾ ਕਹਿਣਾ ਹੈ ਕਿ ਇਹ ਕੁੱਤਾ ਪਹਿਲਾਂ ਵੀ ਕਈ ਬੱਚਿਆਂ ਨੂੰ ਕੱਟ ਚੁਕਿਆ ਹੈ ਅਤੇ ਇਸ ਨੂੰ ਇਥੋਂ ਚੁਕਵਾਉਣ ਦੀ ਸ਼ਿਕਾਇਤ ਵੀ ਕਈ ਵਾਰ ਕੀਤੀ ਗਈ ਹੈ
ਪਰ ਨਗਰ ਨਿਗਮ ਨੇ ਇਸ ਸਬੰਧੀ ਕੋਈ ਕਦਮ ਨਹੀਂ ਚੁਕਿਆ ਸਗੋਂ ਨਿਗਮ ਕਰਮਚਾਰੀ ਇਹ ਕਹਿੰਦੇ ਹਨ ਕਿ ਜਿਸ ਕੁੱਤੇ ਦਾ ਆਪਰੇਸ਼ਨ ਹੋ ਚੁਕਿਆ ਹੈ ਉਸ ਨੂੰ ਉਸੇ ਇਲਾਕੇ ਵਿਚ ਛੱਡਿਆ ਜਾਂਦਾ ਹੈ ਅਤੇ ਚੁਕਿਆ ਨਹੀਂ ਜਾ ਸਕਦਾ। ਇਸ ਮਾਮਲੇ ਵਿਚ ਬੱਚੇ ਦੇ ਪਿਤਾ ਭਵਦੀਪ ਸਿੰਘ ਢਿੱਲੋਂ ਨੇ ਕਿਹਾ ਕਿ ਜੇਕਰ ਕੁੱਤਾ ਪਾਲਤੂ ਹੋਵੇ ਅਤੇ ਕਿਸੇ ਨੂੰ ਕੱਟ ਲਵੇ ਤਾਂ ਮਾਲਕ ਦੇ ਉੱਤੇ ਸਿੱਧੀ ਜ਼ਿੰਮੇਵਾਰੀ ਜਾਂਦੀ ਹੈ
ਪਰ ਜੇਕਰ ਆਵਾਰਾ ਕੁੱਤਾ ਕਿਸੇ ਨੂੰ ਕੱਟ ਲਵੇ ਤਾਂ ਇਸ ਦਾ ਜ਼ਿੰਮੇਵਾਰ ਕੌਣ ਹੈ। ਉਨ੍ਹਾਂ ਕਿਹਾ ਕਿ ਉਨ੍ਹਾਂ ਦਾ ਬੱਚਾ ਬੁਰੀ ਤਰ੍ਹਾਂ ਸਹਿਮਿਆ ਹੋਇਆ ਹੈ ਅਤੇ ਇਲਾਕੇ ਦੇ ਬੱਚੇ ਵੀ ਪਾਰਕ ਵਿਚ ਖੇਡਣ ਨਹੀਂ ਜਾਂਦੇ ਕਿਉਂਕਿ ਬਾਹਰ ਪਾਰਕਾਂ ਵਿਚ ਵੀ ਆਵਾਰਾ ਕੁੱਤਿਆਂ ਦਾ ਕਬਜ਼ਾ ਹੈ ਇਥੇ ਪਤਾ ਨਹੀਂ ਕਦੋਂ ਕੋਈ ਕੁੱਤਾ ਬੱਚਿਆਂ ਨੂੰ ਕੱਟਣ ਨੂੰ ਪੈ ਜਾਵੇ। ਉਨ੍ਹਾਂ ਕਿਹਾ ਕਿ ਕੁੱਤਿਆਂ ਦੇ ਡਰ ਦੇ ਕਾਰਨ ਉਨ੍ਹਾਂ ਨੇ ਅਪਣੇ ਬੱਚੇ ਨੂੰ ਘਰੋਂ ਬਾਹਰ ਕੱਢਣਾ ਵੀ ਬੰਦ ਕਰ ਦਿਤਾ। ਉਨ੍ਹਾਂ ਕਿਹਾ ਕਿ ਇਸ ਮਸਲੇ ਦਾ ਫੌਰੀ ਤੌਰ ’ਤੇ ਹੱਲ ਹੋਣਾ ਚਾਹੀਦਾ ਹੈ ਤਾਂ ਜੋ ਲੋਕਾਂ ਨੂੰ ਰਾਹਤ ਮਿਲ ਸਕੇ।
ਇਸ ਮਾਮਲੇ ਵਿਚ ਸੰਪਰਕ ਕਰਨ ਤੇ ਇਲਾਕੇ ਦੀ ਕੌਂਸਲਰ ਅਨੁਰਾਧਾ ਆਨੰਦ ਨੇ ਕਿਹਾ ਕਿ ਨਗਰ ਨਿਗਮ ਦੀ ਇਹ ਜ਼ਿੰਮੇਵਾਰੀ ਹੈ ਕਿ ਜਿਸ ਤਰ੍ਹਾਂ ਬੇਸਹਾਰਾ ਗਾਵਾਂ ਲਈ ਗਊਸ਼ਾਲਾ ਬਣਾਈ ਗਈ ਹੈ ਉਸੇ ਤਰ੍ਹਾਂ ਬੇਸਹਾਰਾ ਕੁੱਤਿਆ ਲਈ ਡੋਗ ਸ਼ੈਲਟਰ ਬਣਾਇਆ ਜਾਣਾ ਬਹੁਤ ਜ਼ਰੂਰੀ ਹੈ ਜਿਥੇ ਇਨ੍ਹਾਂ ਕੁੱਤਿਆਂ ਨੂੰ ਰਖਿਆ ਜਾ ਸਕੇ ਅਤੇ ਉਨ੍ਹਾਂ ਲਈ ਰੋਟੀ-ਪਾਣੀ ਦਾ ਪ੍ਰਬੰਧ ਕੀਤਾ ਜਾਵੇ।
ਉਨ੍ਹਾਂ ਕਿਹਾ ਕਿ ਇਸ ਦੇ ਨਾਲ ਨਾਲ ਜੇਕਰ ਕੋਈ ਵਸਨੀਕ ਕਿਸੇ ਬੇਸਹਾਰਾ ਕੁੱਤੇ ਨੂੰ ਗੋਦ ਲੈਣ ਦਾ ਚਾਹਵਾਨ ਹੋਵੇ ਤਾਂ ਉਸ ਵਾਸਤੇ ਨਗਰ ਨਿਗਮ ਨੂੰ ਕੋਈ ਇਨਸੈਂਟਿਵ ਦੇਣਾ ਚਾਹੀਦਾ ਹੈ। ਉਨ੍ਹਾਂ ਕਿਹਾ ਕਿ ਆਵਾਰਾ ਕੁੱਤਿਆਂ ਸਬੰਧੀ ਕੇਂਦਰ ਸਰਕਾਰ ਦੀਆਂ ਸਖ਼ਤ ਹਦਾਇਤਾਂ ਹਨ ਕਿ ਇਨ੍ਹਾਂ ਦੀ ਨਾਲ ਸਬੰਧਤ ਤੋਂ ਬਾਅਦ ਇਨ੍ਹਾਂ ਨੂੰ ਉਸੇ ਇਲਾਕੇ ਵਿਚ ਛੱਡਿਆ ਜਾਵੇ ਜਿਥੋਂ ਚੁਕਿਆ ਗਿਆ ਹੈ ਇਸ ਲਈ ਨਗਰ ਨਿਗਮ ਦੇ ਕਰਮਚਾਰੀ ਵੀ ਮਜਬੂਰ ਹੋ ਜਾਂਦੇ ਹਨ। ਉਨ੍ਹਾਂ ਕਿਹਾ ਕਿ ਸਾਰੇ ਕੁੱਤੇ ਤਾਂ ਲੋਕਾਂ ਨੂੰ ਨਹੀਂ ਕੱਢਦੇ ਪਰ ਕੱੁਝ ਕੁੱਤੇ ਇਸ ਤਰ੍ਹਾਂ ਦਾ ਵਿਵਹਾਰ ਕਰਦੇ ਹਨ ਅਤੇ ਇਨ੍ਹਾਂ ਵਾਸਤੇ ਡੌਗ ਸ਼ੈਲਟਰ ਬਹੁਤ ਜ਼ਰੂਰੀ ਹੈ।
ਇਸ ਮਾਮਲੇ ਵਿਚ ਸੰਪਰਕ ਕਰਨ ਤੇ ਮੋਹਾਲੀ ਨਗਰ ਨਿਗਮ ਦੇ ਮੇਅਰ ਅਮਰਜੀਤ ਸਿੰਘ ਜੀਤੀ ਸਿੱਧੂ ਨੇ ਕਿਹਾ ਕਿ ਮੋਹਾਲੀ ਨਗਰ ਨਿਗਮ ਬੇਸਹਾਰਾ ਕੁੱਤਿਆਂ ਲਈ ਡੌਗ ਸ਼ੈਲਟਰ ਬਣਾਉਣ ਲਈ ਗੰਭੀਰਤਾ ਨਾਲ ਵਿਚਾਰ ਕਰ ਰਹੀ ਹੈ ਅਤੇ ਚੰਡੀਗੜ੍ਹ ਦੀ ਤਰਜ਼ ਉਤੇ ਮੋਹਾਲੀ ਵਿਚ ਡੌਗ ਸ਼ੈਲਟਰ ਬਣਾਉਣ ਲਈ ਨਗਰ ਨਿਗਮ ਦੀ ਮੀਟਿੰਗ ਵਿਚ ਮਤਾ ਲਿਆਂਦਾ ਜਾਵੇਗਾ। ਉਨ੍ਹਾਂ ਕਿਹਾ ਕਿ ਉਹ ਖ਼ੁਦ ਗਮਾਡਾ ਦੇ ਮੁੱਖ ਪ੍ਰਸ਼ਾਸਕ ਨੂੰ ਪੱਤਰ ਵੀ ਲਿਖਣ ਜਾ ਰਹੇ ਹਨ ਕਿ ਡੌਗ ਸ਼ੈਲਟਰ ਵਾਸਤੇ ਜ਼ਮੀਨ ਦਿਤੀ ਜਾਵੇ। ਉਨ੍ਹਾਂ ਕਿਹਾ ਕਿ ਜ਼ਮੀਨ ਮਿਲਣ ਉਪਰੰਤ ਸਮਾਜ ਸੇਵੀ ਸੰਸਥਾਵਾਂ ਦੀ ਮਦਦ ਨਾਲ ਡੌਗ ਸ਼ੈਲਟਰ ਚਲਾਇਆ ਜਾਵੇਗਾ।
ਚੰਡੀਗੜ੍ਹ ਦੀ ਤਰਜ਼ ’ਤੇ ਗੰਭੀਰਤਾ ਨਾਲ ਡੋਗ ਸ਼ੈਲਟਰ ਬਣਾਉਣ ਸਬੰਧੀ ਵਿਚਾਰ ਕਰ ਰਹੀ ਨਗਰ ਨਿਗਮ : ਮੇਅਰ
1) ਵਿਅਕਤੀ ਦੀ ਮੌਤ ਹੋਣ ’ਤੇ ਪੀੜਤ ਪਰਵਾਰ ਨੂੰ 5 ਲੱਖ ਰੁਪਏ ਮੁਆਵਜ਼ਾ ਦਿਤਾ ਜਾਵੇਗਾ।
2) ਹਾਦਸੇ ਤੋਂ ਬਾਅਦ ਉਮਰ ਭਰ ਲਈ ਅਯੋਗ ਹੋਣ ’ਤੇ ਸਿਵਲ ਸਰਜਨ ਦੇ ਬਿਆਨਾਂ ਤਹਿਤ 2 ਲੱਖ ਰੁਪਏ ਪੀੜਤ ਨੂੰ ਮਿਲਣਗੇ ।
3) ਆਵਾਰਾ ਕੁੱਤੇ ਦੇ ਵੱਢਣ ਦੇ ਮਾਮਲੇ ਵਿਚ ਪ੍ਰਤੀ ਦੰਦ ਦੇ ਨਿਸ਼ਾਨ ਉਤੇ ਪੀੜਤ ਨੂੰ ਘੱਟੋ-ਘੱਟ 10,000 ਰੁਪਏ ਵਿੱਤੀ ਮੁਆਵਜ਼ਾ ਦਿਤਾ ਜਾਵੇਗਾ।
4) ਜੇਕਰ ਚਮੜੀ ਤੋਂ ਮਾਸ ਖਿਚਿਆ ਗਿਆ ਤਾਂ ਪੀੜਤ ਨੂੰ ਜ਼ਖ਼ਮ ਦੇ 0.2 ਸੈਂਟੀਮੀਟਰ ਹਿੱਸੇ ਲਈ ਘੱਟੋ-ਘੱਟ 20,000 ਰੁਪਏ ਪੀੜਤ ਨੂੰ ਮਿਲਣਗੇ।
ਆਵਾਰਾ ਪਸ਼ੂ ਜਾਂ ਜਾਨਵਰ ਕਾਰਨ ਵਾਪਰੇ ਹਾਦਸੇ ਦੇ ਪੀੜਤ ਨੂੰ ਮੁਆਵਜ਼ਾ
ਜ਼ਿਕਰਯੋਗ ਹੈ ਕਿ ਪੰਜਾਬ ਤੇ ਹਰਿਆਣਾ ਹਾਈ ਕਰਟ ਨੇ ਹਦਾਇਤਾਂ ਜਾਰੀ ਕੀਤੀਆਂ ਸਨ ਕਿ ਜੇਕਰ ਕੋਈ ਕੁੱਤਾ ਕਿਸੇ ਵਿਅਕਤੀ ਨੂੰ ਵਢਦਾ ਹੈ ਜਾਂ ਕਿਸੇ ਅਵਾਰਾ ਬੇਸਹਾਰਾ ਪਸ਼ੂ ਕਾਰਨ ਕੋਈ ਹਾਦਸਾ ਵਾਪਰਦਾ ਹੈ ਤਾਂ ਨਗਰ ਨਿਗਮ ਉਸ ਨੂੰ ਮੁਆਵਜ਼ਾ ਦੇਣ ਲਈ ਜ਼ਿੰਮੇਵਾਰ ਹੈ।