
ਪੰਜਾਬ ਦੇ ਵਾਤਾਵਰਨ ਮੰਤਰੀ ਸ੍ਰੀ ਓਮ ਪ੍ਰਕਾਸ਼ ਸੋਨੀ ਨੇ ਅੱਜ ਇਥੋਂ ਨੇੜਲੇ ਕਸਬੇ ਡੇਰਾਬੱਸੀ ਲਾਗਲੇ ਭਾਂਖਰਪੁਰ ਘੱਗਰ ਦਰਿਆ ਦਾ ਦੌਰਾ ਕੀਤਾ ਅਤੇ ਅਧਿਕਾਰੀਆਂ...
ਡੇਰਾਬੱਸੀ, ਪੰਜਾਬ ਦੇ ਵਾਤਾਵਰਨ ਮੰਤਰੀ ਸ੍ਰੀ ਓਮ ਪ੍ਰਕਾਸ਼ ਸੋਨੀ ਨੇ ਅੱਜ ਇਥੋਂ ਨੇੜਲੇ ਕਸਬੇ ਡੇਰਾਬੱਸੀ ਲਾਗਲੇ ਭਾਂਖਰਪੁਰ ਘੱਗਰ ਦਰਿਆ ਦਾ ਦੌਰਾ ਕੀਤਾ ਅਤੇ ਅਧਿਕਾਰੀਆਂ ਨੂੰ ਹਦਾਇਤ ਕੀਤੀ ਕਿ ਸਨਅਤਾਂ ਨੂੰ ਕਿਸੇ ਵੀ ਤਰ੍ਹਾਂ ਦੂਸ਼ਿਤ ਪਾਣੀ ਦਰਿਆਵਾਂ ਵਿਚ ਨਾ ਸੁੱਟਣ ਦਿਤਾ ਜਾਵੇ। ਉਨ੍ਹਾਂ ਵਾਤਾਵਰਨ ਵਿਭਾਗ ਤੇ ਪ੍ਰਦੂਸ਼ਣ ਕੰਟਰੋਲ ਬੋਰਡ (ਪੀਪੀਸੀਬੀ) ਦੇ ਅਧਿਕਾਰੀਆਂ ਨੂੰ ਹਦਾਇਤ ਕੀਤੀ ਕਿ ਟੀਮਾਂ ਬਣਾ ਕੇ ਘੱਗਰ ਵਿਚ ਪ੍ਰਦੂਸ਼ਿਤ ਪਾਣੀ ਸੁੱਟਣ ਵਾਲੀਆਂ ਸਨਅਤਾਂ ਦੀ ਚੈਕਿੰਗ ਕੀਤੀ ਜਾਵੇ ਅਤੇ ਸਨਅਤਕਾਰਾਂ ਨੂੰ ਦੂਸ਼ਿਤ ਪਾਣੀ ਕੁਦਰਤੀ ਜਲ ਸਰੋਤਾਂ ਵਿਚ ਨਾ ਸੁੱਟਣ ਲਈ ਕਿਹਾ ਜਾਵੇ।
ਜੇ ਸਨਅਤਾਂ ਫਿਰ ਵੀ ਪ੍ਰਦੂਸ਼ਿਤ ਪਾਣੀ ਸੁੱਟਣੋ ਨਾ ਹਟੀਆਂ ਤਾਂ ਉਨ੍ਹਾਂ ਵਿਰੁਧ ਕਾਨੂੰਨ ਮੁਤਾਬਕ ਸਖ਼ਤ ਕਾਰਵਾਈ ਕੀਤੀ ਜਾਵੇ।ਕੈਬਨਿਟ ਮੰਤਰੀ ਨੇ ਅਧਿਕਾਰੀਆਂ ਨੂੰ ਕਿਹਾ ਕਿ ਇਹ ਯਕੀਨੀ ਬਣਾਇਆ ਜਾਵੇ ਕਿ ਸਨਅਤਾਂ ਵਿਚ ਟਰੀਟਮੈਂਟ ਪਲਾਂਟ ਬਾਕਾਇਦਾ ਤੌਰ 'ਤੇ ਚਲਦੀ ਹਾਲਤ ਵਿੱਚ ਹੋਣ ਅਤੇ ਨਿਰੰਤਰ ਚਲਾਏ ਜਾਣ ਤਾਕਿ ਪਾਣੀ ਨੂੰ ਸਾਫ਼ ਕਰ ਕੇ ਹੀ ਦਰਿਆਵਾਂ ਵਿਚ ਪਾਇਆ ਜਾਵੇ। ਉਨ੍ਹਾਂ ਕਿਹਾ ਕਿ ਵਾਤਾਵਰਨ ਅਧਿਕਾਰੀਆਂ ਤੇ ਪ੍ਰਦੂਸ਼ਣ ਕੰਟਰੋਲ ਬੋਰਡ ਦੇ ਅਧਿਕਾਰੀਆਂ ਦੀ ਜ਼ਿੰਮੇਵਾਰੀ ਬਣਦੀ ਹੈ
ਕਿ ਜੇ ਉਨ੍ਹਾਂ ਅਧੀਨ ਖੇਤਰ ਵਿੱਚ ਸਨਅਤਾਂ ਪ੍ਰਦੂਸ਼ਣ ਫੈਲਾਉਂਦੀਆਂ ਪਾਈਆਂ ਗਈਆਂ ਅਤੇ ਉਨ੍ਹਾਂ ਦੀ ਡਿਊਟੀ ਵਿੱਚ ਕੁਤਾਹੀ ਸਾਹਮਣੇ ਆਈ ਤਾਂ ਸਬੰਧਤ ਅਧਿਕਾਰੀ ਵਿਰੁਧ ਸਖ਼ਤ ਕਾਰਵਾਈ ਕੀਤੀ ਜਾਵੇਗੀ।ਵਾਤਾਵਰਨ ਮੰਤਰੀ ਨੇ ਚੰਡੀਗੜ੍ਹ ਤੇ ਹਰਿਆਣਾ ਦੀਆਂ ਸਨਅਤਾਂ ਵਲੋਂ ਘੱਗਰ ਵਿਚ ਸੁੱਟੇ ਜਾ ਰਹੇ ਅਣਸੋਧੇ ਪਾਣੀ 'ਤੇ ਚਿੰਤਾ ਪ੍ਰਗਟਾਉਂਦਿਆਂ ਕਿਹਾ ਕਿ ਸਬੰਧਤ ਸਰਕਾਰ ਤੇ ਪ੍ਰਸ਼ਾਸਨ ਨੂੰ ਪੱਤਰ ਲਿਖਣਗੇ ਅਤੇ ਇਸ ਸਬੰਧੀ ਜਲਦੀ ਕਾਰਵਾਈ ਅਮਲ ਵਿਚ ਲਿਆਉਣ ਲਈ ਕਹਿਣਗੇ।
ਸਥਾਨਕ ਫ਼ੈਕਟਰੀਆਂ ਵਲੋਂ ਪ੍ਰਦੂਸ਼ਣ ਫੈਲਾਉਣ ਸਬੰਧੀ ਮੀਡੀਆ ਰੀਪੋਰਟਾਂ ਬਾਰੇ ਸ੍ਰੀ ਸੋਨੀ ਨੇ ਕਿਹਾ ਕਿ ਇਹ ਮਾਮਲਾ ਉਨ੍ਹਾਂ ਦੇ ਧਿਆਨ ਵਿਚ ਆਇਆ ਹੈ ਅਤੇ ਇਸ ਸਬੰਧੀ ਲੋੜੀਂਦੀ ਕਾਰਵਾਈ ਲਈ ਅਧਿਕਾਰੀਆਂ ਨੂੰ ਹਦਾਇਤ ਕੀਤੀ ਗਈ ਹੈ।ਕੈਬਨਿਟ ਮੰਤਰੀ ਨੇ ਕਿਹਾ ਕਿ ਪੰਜਾਬ ਸਰਕਾਰ ਰਾਜ ਦੇ ਵਾਤਾਵਰਨ ਨੂੰ ਸਾਫ਼ ਸੁਥਰਾ ਬਣਾਉਣ ਲਈ ਕੋਈ ਕਸਰ ਨਹੀਂ ਛੱਡੇਗੀ ਅਤੇ ਇਸ ਦਿਸ਼ਾ ਵਿਚ ਜੰਗੀ ਪੱਧਰ 'ਤੇ ਲੋੜੀਂਦੇ ਕਦਮ ਚੁੱਕੇ ਜਾ ਰਹੇ ਹਨ।
ਉਨ੍ਹਾਂ ਕਿਹਾ ਕਿ ਸਨਅਤਕਾਰਾਂ ਦੀ ਨੈਤਿਕ ਜ਼ਿੰਮੇਵਾਰੀ ਬਣਦੀ ਹੈ ਕਿ ਉਹ ਅਣਸੋਧਿਆ ਪਾਣੀ ਤੇ ਹੋਰ ਸਨਅਤੀ ਰਹਿੰਦ ਖੂੰਹਦ ਦਰਿਆਵਾਂ ਵਿੱਚ ਨਾ ਸੁੱਟਣ। ਇਸ ਦੇ ਨਾਲ ਹੀ ਉਨ੍ਹਾਂ ਲੋਕਾਂ ਨੂੰ ਅਪੀਲ ਕੀਤੀ ਕਿ ਉਹ ਵੀ ਪ੍ਰਦੂਸ਼ਣ ਨੂੰ ਰੋਕਣ ਵਿਚ ਅਪਣਾ ਬਣਦਾ ਯੋਗਦਾਨ ਪਾਉਣ। ਉਨ੍ਹਾਂ ਕਿਹਾ ਕਿ ਉਹ ਜਲਦੀ ਰਾਜ ਦੇ ਸਾਰੇ ਦਰਿਆਵਾਂ ਤੇ ਨਾਲਿਆਂ ਦਾ ਦੌਰਾ ਕਰ ਕੇ ਸਨਅਤਾਂ ਵਲੋਂ ਦਰਿਆਵਾਂ ਵਿਚ ਦੂਸ਼ਿਤ ਪਾਣੀ ਪਾਉਣ ਦੀ ਜ਼ਮੀਨੀ ਹਕੀਕਤ ਦੇਖਣਗੇ।
ਇਸ ਮੌਕੇ ਚੀਫ਼ ਇਨਵਾਇਰਮੈਂਟਲ ਇੰਜਨੀਅਰ ਪਟਿਆਲਾ ਸ੍ਰੀ ਗੁਲਸ਼ਨ ਰਾਏ, ਸੀਨੀਅਰ ਵਾਤਾਵਰਨ ਇੰਜਨੀਅਰ ਸੰਦੀਪ ਬਹਿਲ, ਵਾਤਾਵਰਨ ਇੰਜਨੀਅਰ ਲਵਨੀਤ ਕੁਮਾਰ ਦੁਬੇ, ਸਹਾਇਕ ਵਾਤਾਵਰਨ ਇੰਜਨੀਅਰ ਵਿਜੈ ਕੁਮਾਰ ਅਤੇ ਗੁਰਸ਼ਰਨ ਦਾਸ ਗਰਗ ਹਾਜ਼ਰ ਸਨ।