
'ਸਾਕਾ ਨੀਲਾ ਤਾਰਾ' ਦੀ ਪੀੜ, ਸਿੱਖ ਰਹਿੰਦੀ ਦੁਨੀਆਂ ਤਕ ਮਹਿਸੂਸ ਕਰਦੇ ਰਹਿਣਗੇ: ਸਾ. ਫ਼ੈਡਰੇਸ਼ਨ ਆਗੂ
ਸ੍ਰੀ ਮੁਕਤਸਰ ਸਾਹਿਬ, 7 ਜੂਨ (ਰਣਜੀਤ ਸਿੰਘ) : ਜੂਨ 1984 ਵਿਚ ਸਮੇਂ ਦੀ ਕੇਂਦਰੀ ਸਰਕਾਰ ਵਲੋਂ ਸ੍ਰੀ ਅਕਾਲ ਤਖ਼ਤ ਸਾਹਿਬ ’ਉਤੇ ਕੀਤੇ ਗਏ ਫ਼ੌਜੀ ਹਮਲੇ ਦੌਰਾਨ ਸ਼ਹੀਦ ਹੋਏ ਸਿੰਘ, ਸਿੰਘਣੀਆਂ ਤੇ ਭੁਝੰਗੀਆਂ ਦੀ ਯਾਦ ’ਚ ਸ੍ਰੀ ਮੁਕਤਸਰ ਸਾਹਿਬ ਦੇ ਗੁਦੁਆਰਾ ਸ਼ਹੀਦ ਗੰਜ ਸਾਹਿਬ ਵਿਖੇ ਅਰਦਾਸ ਸਮਾਗਮ ਕਰਵਾਇਆ ਗਿਆ। ਇਸ ਦੌਰਾਨ ਸ੍ਰੀ ਅਖੰਡ ਪਾਠ ਸਾਹਿਬ ਦੇ ਭੋਗ ਪਾਏ ਗਏ ਅਤੇ ਸ੍ਰੀ ਦਰਬਾਰ ਸਾਹਿਬ ਦੇ ਹਜ਼ੂਰੀ ਰਾਗੀ ਭਾਈ ਜਤਿੰਦਰ ਸਿੰਘ ਦੇ ਰਾਗੀ ਜਥੇ ਨੇ ਗੁਰਬਾਣੀ ਕੀਰਤਨ ਕੀਤਾ।
ਇਸ ਮੌਕੇ ਹਾਜ਼ਰ ਸ੍ਰੀ ਮੁਕਤਸਰ ਸਾਹਿਬ ਅਤੇ ਫ਼ਾਜ਼ਿਲਕਾ ਇਲਾਕੇ ਨਾਲ ਸਬੰਧਤ ਆਲ ਇੰਡੀਆ ਸਿੱਖ ਸਟੂਡੈਂਟਸ ਫ਼ੈਡਰੇਸ਼ਨ ਦੇ ਸਾਬਕਾ ਆਗੂ ਬਲਰਾਜ ਸਿੰਘ ਰੋੜਾਂਵਾਲਾ, ਜਸਵਿੰਦਰ ਸਿੰਘ ਛੀਬਿਆਂ ਵਾਲਾ, ਦਰਸ਼ਨ ਸਿੰਘ ਲੁਬਾਣਿਆਂ ਵਾਲੀ, ਰਣਜੀਤ ਸਿੰਘ ਮੁਕਤਸਰ, ਹਰਭਜਨ ਸਿੰਘ ਖੱਪਿਆਂ ਵਾਲਾ, ਦਰਸ਼ਨ ਸਿੰਘ ਬਾਂਮ, ਹਰਨਾਮ ਸਿੰਘ ਖੱਪਿਆਂ ਵਾਲਾ, ਸੁਖਮੰਦਰ ਸਿੰਘ, ਨਿਸ਼ਾਨ ਸਿੰਘ ਖੱਪਿਆਂ ਵਾਲਾ, ਗੁਰਮੇਜ ਸਿੰਘ ਲੱਧੂਵਾਲਾ, ਜਸਕਰਨ ਸਿੰਘ ਛੀਬਿਆਂ ਵਾਲੀ, ਕੁਲਦੀਪ ਸਿੰਘ ਝੀਂਡਵਾਲਾ ਅਤੇ ਸਵਰਨ ਸਿੰਘ ਸੰਧੂ ਨੇ ਸਾਂਝੇ ਬਿਆਨ ਰਾਹੀਂ 'ਅਪ੍ਰੇਸ਼ਨ ਨੀਲਾ ਤਾਰਾ' ਦੌਰਾਨ ਸ਼ਹੀਦ ਹੋਏ ਸੰਤ ਬਾਬਾ ਜਰਨੈਲ ਸਿੰਘ ਖ਼ਾਲਸਾ ਭਿੰਡਰਾਂਵਾਲਿਆਂ, ਸ਼ਹੀਦ ਭਾਈ ਅਮਰੀਕ ਸਿੰਘ, ਜਨਰਲ ਸੁਬੇਗ ਸਿੰਘ, ਬਾਬਾ ਠਾਰਾ ਸਿੰਘ, ਭਾਈ ਰਛਪਾਲ ਸਿੰਘ ਪੀਏ ਸਮੇਤ ਸ਼ਹੀਦ ਹੋਏ ਸਮੂਹ ਸਿੰਘਾਂ, ਸਿੰਘਣੀਆਂ ਤੇ ਭੁਝੰਗੀਆਂ ਨੂੰ ਸ਼ਰਧਾ ਤੇ ਸਤਿਕਾਰ ਭੇਟ ਕਰਦਿਆਂ ਕਿਹਾ ਕਿ ਜੂਨ 1984 ਵਿੱ’ਚ ਸ੍ਰੀ ਅਕਾਲ ਤਖ਼ਤ ਸਾਹਿਬ, ਸੱਚਖੰਡ ਸ੍ਰੀ ਹਰਿਮੰਦਰ ਸਾਹਿਬ ਅਤੇ 37 ਹੋਰ ਗੁਰਦੁਆਰਿਆਂ ’ਤੇ ਵਕਤ ਦੀ ਹਕੂਮਤ ਵੱਲੋਂ ਕੀਤਾ ਗਿਆ ਫ਼ੌਜੀ ਹਮਲਾ ਸਿੱਖ ਮਾਨਸਿਕਤਾ ’ਤੇ ਅਸਹਿ ਹਮਲਾ ਸੀ, ਜਿਸ ਦੀ ਪੀੜ ਨੂੰ ਸਿੱਖ ਰਹਿੰਦੀ ਦੁਨੀਆਂ ਤਕ ਮਹਿਸੂਸ ਕਰਦੇ ਰਹਿਣਗੇ।
ਜੂਨ 1984 ਦਾ ਹਮਲਾ ਸਿੱਖ ਕੌਮ ਕਦੇ ਵੀ ਭੁੱਲ ਨਹੀਂ ਸਕਦੀ ਹੈ। ਦੁਖਦਾਈ ਸਥਿਤੀ ਇਹ ਹੈ ਕਿ ਪਿਛਲੇ 36 ਸਾਲਾਂ ਦੌਰਾਨ ਹਕੂਮਤਾਂ ਭਾਵੇਂ ਬਦਲੀਆਂ ਪਰ ਸੱਭ ਹੁਕਮਰਾਨਾਂ ਦੀ ਸਿੱਖਾਂ ਪ੍ਰਤੀ ਵਤੀਰਾ ਮਲ੍ਹਮ ਲਗਾਉਣ ਦੀ ਬਜਾਏ ਨਵੇਂ ਜ਼ਖ਼ਮ ਦਿੰਦਾ ਰਿਹਾ ਹੈ ਜੋ ਅਜੇ ਵੀ ਜਾਰੀ ਹੈ। ਜਿਸ ਕਾਰਨ ਸਿੱਖ ਦੇਸ਼ ਵਿਚ ਅੱਜੇ ਤੱਕ ਬੇਗਾਨਗੀ ਦਾ ਅਹਿਸਾਸ ਕਰ ਰਹੇ ਹਨ। ਇਸ ਤੋਂ ਇਲਾਵਾ ਨਿਜੀ ਫ਼ਾਇਦਿਆਂ ਤਕ ਸੀਮਤ ਹੋ ਜਾਣ ਸਦਕਾ ਸਾਡੇ ਕਥਿਤ ਪੰਥਕ ਆਗੂ ਕੌਮ ਦਾ ਵਿਸਵਾਸ਼ ਪੂਰੀ ਤਰ੍ਹਾਂ ਖੋਹ ਚੁੱਕੇ ਹਨ ਅਤੇ ਸਿੱਖ ਪੰਥ ਸਿਆਸੀ ਖੇਤਰ ਦੀ ਇਸ ਹਾਲਤ ਕਾਰਨ ਕਈ ਪ੍ਰਕਾਰ ਦੀਆਂ ਖੁਆਰੀਆਂ ਅਤੇ ਚੁਣੌਤੀਆਂ ਦਾ ਸਾਹਮਣਾ ਕਰ ਰਿਹਾ ਹੈ। ਅਜਿਹੇ ਸਮੇਂ ਵਿਚ ਮਾਯੂਸ ਹੋ ਕੇ ਘਰੀਂ ਬੈਠੇ ਪੰਥਕ ਦਰਦੀਆਂ ਵਿਸੇਸ਼ ਕਰਕੇ ਸਿੱਖ ਵਿਦਵਾਨਾਂ ਨੂੰ ਅੱਗੇ ਆਉਣਾ ਚਾਹੀਦਾ ਹੈ ਤਾਂ ਜੋ ਇਸ ਖਲਾਅ ਨੂੰ ਛੇਤੀ ਪੂਰਿਆ ਜਾ ਸਕੇ।