
ਜ਼ਿਲ੍ਹੇ ਦੇ ਪਿੰਡ ਝੰਡਾ ਕਲਾਂ ਤੋਂ ਪੜ੍ਹਾਈ ਲਈ 17 ਮਾਰਚ 2020 ਨੂੰ ਕੈਨੇਡਾ ਪੜ੍ਹਨ ਗਏ 19 ਸਾਲਾ ਨੌਜਵਾਨ ਲਖਵਿੰਦਰ ਸਿੰਘ
ਮਾਨਸਾ, 6 ਜੂਨ (ਸੁਖਵੰਤ ਸਿੰਘ ਸਿੰਧੂ) : ਜ਼ਿਲ੍ਹੇ ਦੇ ਪਿੰਡ ਝੰਡਾ ਕਲਾਂ ਤੋਂ ਪੜ੍ਹਾਈ ਲਈ 17 ਮਾਰਚ 2020 ਨੂੰ ਕੈਨੇਡਾ ਪੜ੍ਹਨ ਗਏ 19 ਸਾਲਾ ਨੌਜਵਾਨ ਲਖਵਿੰਦਰ ਸਿੰਘ ਪੁੱਤਰ ਕੁਲਵਿੰਦਰ ਸਿੰਘ ਦੀ ਦਿਲ ਦਾ ਦੌਰਾ ਪੈਣ ਕਾਰਨ ਸ਼ਹਿਰ ਸਰੀ ਵਿਖੇ 3 ਜੁਲਾਈ ਨੂੰ ਹੋਈ ਮੌਤ ਨੇ ਇਲਾਕੇ ਵਿਚ ਸੋਗ ਦੀ ਲਹਿਰ ਪੈਦਾ ਕਰ ਦਿਤੀ ਹੈ। ਕਰੋਨਾ ਵਾਇਰਸ ਕਾਰਨ ਲਖਵਿੰਦਰ ਸਿੰਘ ਦਾ ਮ੍ਰਿਤਕ ਸਰੀਰ ਭਾਰਤ ਵਾਪਿਸ ਆਉਣਾ ਮੁਸ਼ਕਿਲ ਹੋ ਗਿਆ ਹੈ। ਇਕਲੌਤੇ ਨੌਜਵਾਨ ਪੱੱਤਰ ਦੀ ਮੌਤ ਤੋਂ ਬਾਅਦ ਮਾਪਿਆਂ ਦੀ ਇਕੋ-ਇਕ ਇਛਾ ਸਿਰਫ ਅਪਣੇ ਪੁੱਤ ਦੇ ਮ੍ਰਿਤਕ ਸਰੀਰ ਦੇ ਅੰਤਮ ਦਰਸ਼ਨ ਅਤੇ ਅੰਤਮ ਸਸਕਾਰ ਹੀ ਰਹਿ ਗਈ ਹੈ। ਇਸ ਸਬੰਧੀ ਪਰਵਾਰ ਅਤੇ ਪਿੰਡ ਦੀ ਪੰਚਾਇਤ ਨੇ ਪੰਥ ਪ੍ਰਸਿਧ ਕਥਾਵਾਚਕ ਭਾਈ ਹਰਜਿੰਦਰ ਸਿੰਘ ਮਾਝੀ ਮੁਖੀ ਦਰਬਾਰ ਏ ਖ਼ਾਲਸਾ ਦੀ ਅਗਵਾਈ ਹੇਠ ਡੀ.ਸੀ ਦਫ਼ਸਰ ਪਹੁੰਚ ਕੇ ਕੇਂਦਰ ਸਰਕਾਰ ਨੂੰ ਲਖਵਿੰਦਰ ਸਿੰਘ ਦੀ ਮ੍ਰਿਤਕ ਦੇਹ ਉਸ ਦੇ ਜੱਦੀ ਪਿੰਡ ਝੰਡਾ ਕਲਾਂ ਵਿਖੇ ਮੰਗਵਾਉਣ ਦੀ ਬੇਨਤੀ ਕੀਤੀ ਹੈ। ਭਾਈ ਮਾਝੀ ਨੇ ਦਸਿਆ ਕਿ ਦਰਬਾਰ ਏ ਖ਼ਾਲਸਾ ਜਥੇਬੰਦੀ ਵਲੋਂ ਭਾਰਤੀ ਦੂਤਾਵਾਸ, ਕੈਨੇਡਾ ਅਤੇ ਭਾਰਤ ਸਰਕਾਰ ਦੇ ਪ੍ਰਮੁੱਖ ਮੰਤਰੀਆਂ ਨੂੰ ਈਮੇਲ ਰਾਹੀਂ ਬੇਨਤੀ ਪੱਤਰ ਭੇਜਣ ਤੋਂ ਇਲਾਵਾ ਕੈਨੇਡਾ ਵਸਦੇ ਸਮੂਹ ਸਿੱਖ ਭਾਈਚਾਰੇ ਨੂੰ ਵੀ ਬੇਨਤੀ ਕੀਤੀ ਹੈ ਕਿ ਉਹ ਇਸ ਮੌਕੇ ਆਪੋ-ਅਪਣੀ ਪਹੁੰਚ ਮੁਤਾਬਿਕ ਪਰਵਾਰ ਦੇ ਇਸ ਦੁੱਖ 'ਚ ਸ਼ਾਮਲ ਹੋਣ।