
'ਸਿੱਖ ਇਤਿਹਾਸ' ਪੜ੍ਹ-ਪੜ੍ਹ ਕੇ ਗਾਥਾ ਸੁਣਾਉਂਦੈ
ਚੰਡੀਗੜ੍ਹ, 6 ਜੁਲਾਈ (ਜੀ.ਸੀ.ਭਾਰਦਵਾਜ): ਪਿਛਲੇ ਸਾਢੇ 3 ਮਹੀਨੇ ਤੋਂ ਕੋਰੋਨਾ ਵਾਇਰਸ ਵਰਗੀ ਮਹਾਂਮਾਰੀ ਤੋਂ ਜਿਥੇ ਬੱਚੇ, ਨੌਜਵਾਨ, ਲੜਕੇ ਲੜਕੀਆਂ, ਕਰਮਚਾਰੀ, ਫ਼ੌਜੀ, ਮਹਿਲਾਵਾਂ ਜਿਥੇ ਪ੍ਰੇਸ਼ਾਨ ਤੇ ਦੁਖੀ ਹਨ, ਘਰਾਂ ਵਿਚ ਡੱਕੀ ਬੈਠੇ ਹਨ ਉਥੇ 95 ਸਾਲਾ ਸਾਬਕਾ ਵਿਧਾਇਕ ਤੇ ਸਾਬਕਾ ਚੇਅਰਮੈਨ, ਮੰਡੀ ਬੋਰਡ ਸ. ਜੁਗਰਾਜ ਸਿੰਘ ਅੱਜਕਲ੍ਹ ਪੁਰਾਣਾ ਸਿੱਖ ਇਤਿਹਾਸ ਪੜ੍ਹਨ ਵਿਚ ਮਸ਼ਰੂਫ਼ ਹੈ।
ਰੋਜ਼ਾਨਾ ਸਪੋਕਸਮੈਨ ਵਲੋਂ ਕਦੇ-ਕਦੇ 'ਬਾਪੂ ਜੀ' ਦਾ ਹਾਲ-ਚਾਲ ਪੁਛਣ ਲਈ ਉਨ੍ਹਾਂ ਦੀ ਸੈਕਟਰ-5 ਵਾਲੀ ਰਿਹਾਇਸ਼ 'ਤੇ ਜਾ ਕੇ ਪਤਾ ਲੱਗਾ ਕਿ ਉਨ੍ਹਾਂ ਅਪਣੇ ਸੈਕਟਰ-28 ਵਾਲੇ ਕੇਂਦਰੀ ਸ੍ਰੀ ਗੁਰੂ ਸਿੰਘ ਸਭਾ ਦੇ ਦਫ਼ਤਰ ਜਾਣਾ ਬਹੁਤ ਘੱਟ ਕਰ ਦਿਤਾ ਹੈ। ਸ. ਜੁਗਰਾਜ ਸਿੰਘ ਨੇ ਦਸਿਆ ਕਿ ਕੋਵਿਡ ਦਾ ਡਰ ਇਸ ਕਰ ਕੇ ਵੀ ਜ਼ਿਆਦਾ ਹੈ ਕਿ ਇਸ ਦੀ ਦਵਾਈ ਕੋਈ ਨਹੀਂ,ਨਾ ਹੀ ਟੀਕਾ ਨਿਕਲਿਆ ਹੈ।
File Photo
ਡਰ ਹੈ ਕਿ ਮਿਲਣ ਆਉਣ ਵਾਲਿਆਂ ਤੋਂ ਲਾਗਾ ਨਾ ਲੱਗ ਜਾਵੇ। ਦਿਲਚਸਪ ਗੱਲ ਇਹ ਹੈ ਕਿ 'ਬਾਪੂ ਜੀ' ਇਸ ਵੱਡੀ ਉਮਰ ਵਿਚ ਵੀ ਦਿਮਾਗ਼ੀ ਤੌਰ 'ਤੇ ਚੁਸਤ, ਸਿਹਤ ਪੱਖੋਂ ਬਿਲਕੁਲ ਠੀਕ-ਠਾਕ, ਯਾਦਦਾਸ਼ਤ ਅਤੇ ਸਿਆਸੀ ਕਹਾਣੀਆਂ ਯਾਨੀ ਕਾਂਗਰਸ-ਅਕਾਲੀ ਨੇਤਾਵਾਂ ਬਾਰੇ ਪੁਰਾਣੇ ਕਿੱਸੇ ਖ਼ੂਬ ਸੁਣਾਉਂਦੇ ਹਨ।
ਸਿੱਖ ਇਤਿਹਾਸ ਸਬੰਧੀ ਨਾਦਰ ਸ਼ਾਹ, ਅਹਿਮਦ ਸ਼ਾਹ ਅਬਦਾਲੀ ਦੇ ਹਮਲੇ ਉਸ ਵੇਲੇ ਦੇ ਦਰਬਾਰ ਸਾਹਿਬ ਨੂੰ ਢਹਿ ਢੇਰੀ ਕਰਨ, ਸਿੱਖ ਯੋਧਿਆਂ ਜੱਸਾ ਸਿੰਘ ਆਹਲੂਵਾਲੀਆ ਵਲੋਂ 2200 ਔਰਤਾਂ ਤੇ ਲੜਕੀਆਂ ਨੂੰ ਅਫ਼ਗਾਨਾਂ ਤੋਂ ਰਿਹਾਅ ਕਰਵਾਉਣਾ ਤੇ ਹੋਰ ਕਿੱਸੇ ਬਾਖੂਬੀ ਸੁਣਾਉਂਦੇ ਹਨ।
ਕਦੇ ਕਦੇ ਸ. ਜੁਗਰਾਜ ਸਿੰਘ ਗਿੱਲ ਜੋ 1957 ਵਿਚ ਮੋਗਾ ਤੋਂ ਕਾਂਗਰਸੀ ਵਿਧਾਇਕ ਰਹੇ ਹਨ, ਮੌਜੂਦਾ ਕਾਂਗਰਸ ਦੀ ਕਾਰਗੁਜ਼ਾਰੀ 'ਤੇ ਦੁਖੀ ਹੋ ਜਾਂਦੇ ੇਹਨ ਅਤੇ ਚਾਹੁੰਦੇ ਹਨ ਕਿ 60 ਸਾਲ ਪਹਿਲਾਂ ਵਾਲੀ ਇਮਾਨਦਾਰੀ, ਨਿਸ਼ਕਾਮ ਸੇਵਾ, ਭਗਤੀ ਭਾਵਨਾ ਤੇ ਮੁਲਕ ਲਈ ਕੁਰਬਾਨੀ ਦੇਣ ਦਾ ਜਜ਼ਬਾ ਇਨ੍ਹਾਂ ਲੀਡਰਾਂ ਤੇ ਨੌਜਵਾਨ ਪਾਰਟੀ ਵਰਕਰਾਂ ਵਿਚ ਆ ਜਾਵੇ। ਇਸ ਬਜ਼ੁਰਗ ਨੂੰ ਪੱਕੀ ਆਸ ਹੈ ਕਿ ਮੁਲਕ ਕੋਰੋਨਾ ਵਾਇਰਸ ਦੇ ਖ਼ਤਰਨਾਕ ਪ੍ਰਕੋਪ ਤੋਂ ਬਚ ਜਾਵੇਗਾ, ਭਾਵੇਂ ਦੋ ਜਾਂ ਤਿੰਨ ਮਹੀਨੇ ਹੋਰ ਲੱਗ ਸਕਦੇ ਹਨ।